ਜੈਪੁਰ, 21 ਨਵੰਬਰ
ਰਾਜਸਥਾਨ ’ਚ ਅਸ਼ੋਕ ਗਹਿਲੋਤ ਮੰਤਰੀ ਮੰਡਲ ਦਾ ਅੱਜ ਵਿਸਥਾਰ ਕਰਦਿਆਂ 15 ਵਿਧਾਇਕਾਂ ਨੇ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਇਨ੍ਹਾਂ ’ਚ 11 ਕੈਬਨਿਟ ਅਤੇ ਚਾਰ ਰਾਜ ਮੰਤਰੀ ਹਨ। ਰਾਜਪਾਲ ਕਲਰਾਜ ਮਿਸ਼ਰਾ ਨੇ ਨਵੇਂ ਮੰਤਰੀਆਂ ਨੂੰ ਹਲਫ਼ ਦਿਵਾਇਆ। ਹਲਫ਼ ਲੈਣ ਵਾਲੇ ਨਵੇਂ ਮੰਤਰੀਆਂ ’ਚੋਂ ਪੰਜ ਕਾਂਗਰਸ ਆਗੂ ਅਤੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਕੈਂਪ ਦੇ ਦੱਸੇ ਜਾ ਰਹੇ ਹਨ ਜਿਨ੍ਹਾਂ ਪਿਛਲੇ ਸਾਲ ਗਹਿਲੋਤ ਖ਼ਿਲਾਫ਼ ਬਗ਼ਾਵਤ ਕੀਤੀ ਸੀ। ਹਲਫ਼ਦਾਰੀ ਸਮਾਗਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਗਹਿਲੋਤ ਨੇ ਦੱਸਿਆ ਕਿ ਸਾਰੀਆਂ ਜਾਤਾਂ ਨੂੰ ਨੁਮਾਇੰਦਗੀ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ 2023 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਧਿਆਨ ’ਚ ਰਖਦਿਆਂ ਵਿਭਾਗ ਵੰਡੇ ਜਾਣਗੇ। ਉਨ੍ਹਾਂ ਕਿਹਾ ਕਿ ਬਚੇ ਹੋਏ ਵਿਧਾਇਕਾਂ ਨੂੰ ਅਹਿਮ ਅਹਦੁਿਆਂ ਨਾਲ ਨਿਵਾਜਿਆ ਜਾਵੇਗਾ। ਪਾਇਲਟ ਨੇ ਨਵੇਂ ਮੰਤਰੀ ਮੰਡਲ ’ਤੇ ਸੰਤੁਸ਼ਟੀ ਜ਼ਾਹਿਰ ਕਰਦਿਆਂ ਕਿਹਾ ਹੈ ਕਿ ਇਸ ਨਾਲ ਸੂਬੇ ’ਚ ਚੰਗਾ ਸੁਨੇਹਾ ਜਾਵੇਗਾ। ਤਿੰਨ ਮੰਤਰੀਆਂ ਮਮਤਾ ਭੁਪੇਸ਼, ਭਜਨ ਲਾਲ ਜਾਟਵ ਅਤੇ ਟਿਕਾਰਾਮ ਜੂਲੀ ਨੂੰ ਤਰੱਕੀ ਦੇ ਕੇ ਕੈਬਨਿਟ ਰੈਂਕ ਦਿੱਤਾ ਗਿਆ ਹੈ ਜਦਕਿ ਦੋ ਵਿਸ਼ਵੇਂਦਰ ਸਿੰਘ ਅਤੇ ਰਮੇਸ਼ ਮੀਣਾ ਨੂੰ ਬਗ਼ਾਵਤ ਕਾਰਨ ਪਿਛਲੇ ਸਾਲ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ ਹੁਣ ਦੁਬਾਰਾ ਕੈਬਨਿਟ ਮੰਤਰੀ ਵਜੋਂ ਹਲਫ਼ ਦਿਵਾਇਆ ਗਿਆ ਹੈ। ਹੇਮਾਰਾਮ ਚੌਧਰੀ, ਮਹੇਂਦਰਜੀਤ ਸਿੰਘ ਮਾਲਵੀਯ, ਰਾਮਲਾਲ ਜਾਟ, ਮਹੇਸ਼ ਜੋਸ਼ੀ, ਗੋਵਿੰਦਰਾਮ ਮੇਘਵਾਲ ਅਤੇ ਸ਼ਕੁੰਤਲਾ ਰਾਵਤ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ ਹੈ। ਇਸੇ ਤਰ੍ਹਾਂ ਜ਼ਾਹਿਦਾ, ਬ੍ਰਿਜੇਂਦਰ ਸਿੰਘ ਓਲਾ, ਰਾਜੇਂਦਰ ਗੁੜਾ ਅਤੇ ਮੁਰਾਰੀ ਲਾਲ ਮੀਣਾ ਨੂੰ ਰਾਜ ਮੰਤਰੀ ਬਣਾਇਆ ਗਿਆ ਹੈ। ਰਾਜਸਥਾਨ ’ਚ ਹੁਣ ਮੁੱਖ ਮੰਤਰੀ ਨੂੰ ਛੱਡ ਕੇ 19 ਕੈਬਨਿਟ ਅਤੇ 10 ਰਾਜ ਮੰਤਰੀ ਹਨ। ਕੈਬਨਿਟ ਵਿਸਥਾਰ ਅਤੇ ਫੇਰਬਦਲ ਦੌਰਾਨ ਤਿੰਨ ਮੰਤਰੀਆਂ ਗੋਵਿੰਦ ਸਿੰਘ ਡੋਟਾਸਰਾ, ਹਰੀਸ਼ ਚੌਧਰੀ ਅਤੇ ਰਘੂ ਸ਼ਰਮਾ ਨੂੰ ਹਟਾ ਦਿੱਤਾ ਗਿਆ ਹੈ। ਕਾਂਗਰਸ’ਚ ‘ਇਕ ਵਿਅਕਤੀ, ਇਕ ਅਹੁਦਾ’ ਫਾਰਮੂਲੇ ਤਹਿਤ ਤਿੰਨੋਂ ਆਗੂਆਂ ਨੇ ਮੰਤਰੀ ਅਹੁਦਿਆਂ ਤੋਂ ਅਸਤੀਫ਼ੇ ਦੇ ਦਿੱਤੇ ਸਨ। -ਪੀਟੀਆਈ
ਛੇ ਵਿਧਾਇਕ ਮੁੱਖ ਮੰਤਰੀ ਦੇ ਸਲਾਹਕਾਰ ਨਿਯੁਕਤ
ਜੈਪੁਰ: ਕੈਬਨਿਟ ’ਚ ਵਿਸਥਾਰ ਦੇ ਕੁਝ ਘੰਟਿਆਂ ਅੰਦਰ ਹੀ ਤਿੰਨ ਆਜ਼ਾਦ ਵਿਧਾਇਕਾਂ ਸਮੇਤ ਛੇ ਨੂੰ ਮੁੱਖ ਮੰਤਰੀ ਅਸ਼ੋਕ ਗਹਿਲੋਤ ਦਾ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਇਨ੍ਹਾਂ ਵਿਧਾਇਕਾਂ ’ਚ ਜਿਤੇਂਦਰ ਸਿੰਘ, ਰਾਜਕੁਮਾਰ ਸ਼ਰਮਾ, ਦਾਨਿਸ਼ ਅਬਰਾਰ, ਬਾਬੂ ਲਾਲ ਨਾਗਰ, ਸੰਯਮ ਲੋਢਾ ਅਤੇ ਰਾਮਕੇਸ਼ ਮੀਣਾ ਸ਼ਾਮਲ ਹਨ।