ਕੋਲਕਾਤਾ, 14 ਅਕਤੂੁਬਰ
ਤ੍ਰਿਣਮੂਲ ਕਾਂਗਰਸ ਨੇ ਕੌਮਾਂਤਰੀ ਸਰਹੱਦਾਂ ਦੀ ਸੁਰੱਖਿਆ ਲਈ ਤਾਇਨਾਤ ਬਾਰਡਰ ਸੁਰੱਖਿਆ ਫੋਰਸ (ਬੀਐੱਸਐੱਫ) ਦੇ ਅਧਿਕਾਰ ਖੇਤਰ ਦਾ ਦਾਇਰਾ ਵਧਾਉਣ ਦੇ ਕੇਂਦਰ ਸਰਕਾਰ ਦੇ ਫੈਸਲੇ ਦੀ ਨਿਖੇਧੀ ਕਰਦਿਆਂ ਅੱਜ ਕਿਹਾ ਕਿ ਇਹ ਸੂਬੇ ਦੇ ਅਧਿਕਾਰਾਂ ’ਤੇ ‘ਡਾਕਾ’ ਅਤੇ ਦੇਸ਼ ਦੇ ਸੰਘੀ ਢਾਂਚੇ ’ਤੇ ਹਮਲਾ ਹੈ। ਉੱਧਰ ਬੰਗਾਲ ਕਾਂਗਰਸ ਨੇ ਕੇਂਦਰ ਸਰਕਾਰ ਨੂੰ ਇਸ ਪੇਸ਼ਕਦਮੀ ਦੇ ‘ਸਿੱਟੇ’ ਭੁਗਤਣ ਦੀ ਚਿਤਾਵਨੀ ਦਿੱਤੀ ਹੈ।
ਸੱਤਾਧਾਰੀ ਟੀਐੱਮਸੀ ਨੇ ਇਸ ਫੈਸਲੇ ਨੂੰ ਵਾਪਸ ਲੈਣ ਦੀ ਮੰਗ ਕਰਦਿਆਂ ਕਿਹਾ ਕਿ ਕੇਂਦਰ (ਸਰਕਾਰ) ਨੇ ਇਸ ਫੈਸਲੇ ਲਈ ਪੱਛਮੀ ਬੰਗਾਲ ਸਰਕਾਰ ਨਾਲ ਸਲਾਹ ਮਸ਼ਵਰਾ ਕਰਨਾ ਵੀ ਮੁਨਾਸਬਿ ਨਹੀਂ ਸਮਝਿਆ। ਟੀਐੱਮਸੀ ਦੇ ਤਰਜਮਾਨ ਕੁਨਾਲ ਘੋਸ਼ ਨੇ ਕਿਹਾ, ‘‘ਅਸੀਂ ਇਸ ਫ਼ੈਸਲੇ ਦਾ ਵਿਰੋਧ ਕਰਦੇ ਹਾਂ। ਇਹ ਰਾਜ ਦੇ ਅਧਿਕਾਰਾਂ ’ਤੇ ਡਾਕਾ ਹੈ। ਸੂਬਾ ਸਰਕਾਰ ਨੂੰ ਦੱਸੇ ਬਿਨਾਂ ਬੀਐੱਸਐੱਫ ਦਾ ਅਧਿਕਾਰ ਖੇਤਰ ਵਧਾਉਣ ਦੀ ਚਾਣਚੱਕ ਕੀ ਲੋੜ ਸੀ?’’ ਘੋਸ਼ ਨੇ ਕਿਹਾ, ‘‘ਜੇਕਰ ਬੀਐੱਸਐੱਫ ਨੇ ਕੋਈ ਤਲਾਸ਼ੀ ਲੈਣੀ ਵੀ ਹੈ ਤਾਂ ਉਹ ਸੂਬੇ ਦੀ ਪੁਲੀਸ ਨੂੰ ਨਾਲ ਲੈ ਕੇ ਇਹ ਕੰਮ ਕਰ ਸਕਦੀ ਹੈ। ਪਿਛਲੇ ਕਈ ਸਾਲਾਂ ਤੋਂ ਇੰਜ ਹੀ ਹੁੰਦਾ ਆਇਆ ਹੈ। ਇਹ ਸੰਘੀ ਢਾਂਚੇ ’ਤੇ ਹਮਲਾ ਹੈ।’’ ਉਧਰ ਸੀਨੀਅਰ ਟੀਐੱਮਸੀ ਸੰਸਦ ਮੈਂਬਰ ਸੌਗਾਤਾ ਰੌਏ ਨੇ ਕਿਹਾ ਕਿ ਬੀਐੱਸਐੱਫ ਦਾ ਸਰਹੱਦੀ ਪਿੰਡਾਂ ਵਿੱਚ ਮਨੁੱਖੀ ਹੱਕਾਂ ਨੂੰ ਲੈ ਕੇ ਕਥਿਤ ਮਾੜਾ ਰਿਕਾਰਡ ਹੈ। ਉਨ੍ਹਾਂ ਕਿਹਾ, ‘‘ਕੇਂਦਰ ਸਰਕਾਰ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਰਾਜਾਂ ਨੂੰ ਕਮਜ਼ੋਰ ਕੀਤੇ ਜਾਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।’’ ਸੂੁਬਾਈ ਕਾਂਗਰਸ ਪ੍ਰਧਾਨ ਅਧੀਰ ਰੰਜਨ ਚੌਧਰੀ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਇਸ ਪੇਸ਼ਕਦਮੀ ਦੇ ‘ਸਿੱਟੇ’ ਭੁਗਤਣ ਦੀ ਚਿਤਾਵਨੀ ਦਿੱਤੀ ਹੈ। ਕਾਬਿਲੇਗੌਰ ਹੈ ਕਿ ਕੇਂਦਰ ਸਰਕਾਰ ਨੇ ਲੰਘੇ ਦਿਨੀਂ ਜਾਰੀ ਇਕ ਨੋਟੀਫਿਕੇਸ਼ਨ ਵਿਚ ਸਰਹੱਦੀ ਸੂਬਿਆਂ ਪੰਜਾਬ, ਪੱਛਮੀ ਬੰਗਾਲ ਤੇ ਅਸਾਮ ਵਿੱਚ ਬੀਐੈੱਸਐੱਫ ਦੇ ਅਧਿਕਾਰ ਖੇਤਰ ਨੂੰ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਕਰ ਦਿੱਤਾ ਸੀ। ਬੀਐੱਸਐੱਫ ਨੂੰ ਸਰਹੱਦ ਤੋਂ 50 ਕਿਲੋਮੀਟਰ ਦੇ ਘੇਰੇ ਵਿੱਚ ਤਲਾਸ਼ੀ ਮੁਹਿੰਮ ਚਲਾਉਣ, ਛਾਪੇ ਮਾਰਨ ਤੇ ਗ਼੍ਰਿਫ਼ਤਾਰ ਕੀਤੇ ਜਾਣ ਦੀ ਖੁੱਲ੍ਹ ਦਿੱਤੀ ਗਈ ਸੀ। -ਪੀਟੀਆਈ
ਟੀਐੱਮਸੀ ਵਿਰੋਧ ਦਾ ਮਕਸਦ ਵੋਟ ਬੈਂਕ ਨੂੰ ਖ਼ੁਸ਼ ਕਰਨਾ: ਬੰਗਾਲ ਭਾਜਪਾ
ਪੱਛਮੀ ਬੰਗਾਲ ਭਾਜਪਾ ਨੇ ਇਸ ਨੁਕਤਾਚੀਨੀ ਲਈ ਟੀਐੱਮਸੀ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਇਸ ਵਿਰੋਧ ਦਾ ਇਕੋ ਇਕ ਮਕਸਦ ਆਪਣੇ ਵੋਟ ਬੈਂਕ ਨੂੰ ਖ਼ੁਸ਼ ਕਰਨਾ ਹੈ। ਬੰਗਾਲ ਭਾਜਪਾ ਦੇ ਜਨਰਲ ਸਕੱਤਰ ਸਯੰਤਨ ਬਾਸੂ ਨੇ ਕਿਹਾ, ‘‘ਟੀਐੱਮਸੀ ਸਰਕਾਰ ਸਰਹੱਦ ਪਾਰੋਂ ਹੁੰਦੀ ਘੁਸਪੈਠ ਤੇ ਤਸਕਰੀ ਨੂੰ ਰੋਕਣ ਵਿੱਚ ਨਾਕਾਮ ਰਹੀ ਹੈ। ਟੀਐੱਮਸੀ ਦਾ ਵਿਰੋਧ ਆਪਣੇ ਵੋਟ ਬੈਂਕ ਨੂੰ ਖ਼ੁਸ਼ ਕਰਨ ਤੱਕ ਸੀਮਤ ਹੈ।