ਨਵੀਂ ਦਿੱਲੀ: ਕੇਂਦਰੀ ਯੂਨੀਵਰਸਿਟੀਆਂ ’ਚ ਦਾਖਲੇ ਲਈ ਚੌਥੇ ਗੇੜ ਵਿਚ ਪ੍ਰੀਖਿਆ (ਯੂਜੀ) ਦੇ ਰਹੇ ਕਰੀਬ ਗਿਆਰਾਂ ਹਜ਼ਾਰ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਪਸੰਦ ਦਾ ਪ੍ਰੀਖਿਆ ਕੇਂਦਰ ਚੁਣਨ ਲਈ ਛੋਟ ਦਿੱਤੀ ਗਈ ਹੈ। ਇਨ੍ਹਾਂ ਦੀ ਪ੍ਰੀਖਿਆ ਨੂੰ 30 ਅਗਸਤ ਤੱਕ ਅੱਗੇ ਪਾ ਦਿੱਤਾ ਗਿਆ ਹੈ। ਚੌਥੇ ਗੇੜ ਵਿਚ 3.72 ਲੱਖ ਵਿਦਿਆਰਥੀਆਂ ਨੇ ਪ੍ਰੀਖਿਆ ਦੇਣੀ ਹੈ। ਪ੍ਰੀਖਿਆ ਮੁਲਤਵੀ ਕਰਨ ਦਾ ਮੰਤਵ ਇਨ੍ਹਾਂ ਗਿਆਰਾਂ ਹਜ਼ਾਰ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਪਸੰਦ ਦਾ ਪ੍ਰੀਖਿਆ ਕੇਂਦਰ (ਸ਼ਹਿਰ) ਚੁਣਨ ਦਾ ਬਦਲ ਦੇਣਾ ਹੈ। ਅੰਡਰਗ੍ਰੈਜੂਏਟ ਕੋਰਸਾਂ ਵਿਚ ਦਾਖਲੇ ਲਈ ਇਹ ਪ੍ਰੀਖਿਆ 17-20 ਅਗਸਤ ਤੱਕ ਹੋਣੀ ਹੈ। ਪਹਿਲਾਂ ਤੈਅ ਯੋਜਨਾ ਮੁਤਾਬਕ ਪ੍ਰੀਖਿਆ ਦੇ ਸਾਰੇ ਗੇੜ 20 ਅਗਸਤ ਤੱਕ ਮੁਕੰਮਲ ਹੋਣੇ ਸਨ। ਪ੍ਰੀਖਿਆ ਕਰਾਉਣ ਲਈ ਜ਼ਿੰਮੇਵਾਰ ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਨੇ ਮਗਰੋਂ ਐਲਾਨ ਕੀਤਾ ਸੀ ਕਿ ਪ੍ਰੀਖਿਆ ਦੇ ਸਾਰੇ ਗੇੜ 28 ਅਗਸਤ ਨੂੰ ਖ਼ਤਮ ਹੋਣਗੇ। ਹੁਣ ਇਹ ਪ੍ਰੀਖਿਆ ਛੇ ਗੇੜਾਂ ਵਿਚ ਪੂਰੀ ਹੋਵੇਗੀ। -ਪੀਟੀਆਈ