ਨਵੀਂ ਦਿੱਲੀ, 9 ਜਨਵਰੀ
ਕਰੋਨਾ ਕੇਸਾਂ ’ਚ ਲਗਾਤਾਰ ਵਾਧੇ ਨੂੰ ਦੇਖਦਿਆਂ ਕੇਂਦਰ ਸਰਕਾਰ ਦੇ ਵਿਭਾਗਾਂ ’ਚ ਕੰਮ ਕਰਦੀਆਂ ਗਰਭਵਤੀ ਮਹਿਲਾਵਾਂ ਅਤੇ ਦਿਵਿਆਂਗ ਮੁਲਾਜ਼ਮਾਂ ਨੂੰ ਦਫ਼ਤਰਾਂ ’ਚ ਹਾਜ਼ਰੀ ਤੋਂ ਛੋਟ ਦਿੱਤੀ ਗਈ ਹੈ। ਉਂਜ ਉਹ ਲੋੜ ਪੈਣ ’ਤੇ ਉਪਲੱਬਧ ਰਹਿਣਗੇ ਅਤੇ ਘਰ ਤੋਂ ਕੰਮ ਕਰਨਗੇ। ਪਰਸੋਨਲ ਅਤੇ ਟਰੇਨਿੰਗ ਮਾਮਲਿਆਂ ਬਾਰੇ ਵਿਭਾਗ ਵੱਲੋਂ ਜਾਰੀ ਹੁਕਮ 31 ਜਨਵਰੀ ਤੱਕ ਲਾਗੂ ਰਹਿਣਗੇ। ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਕਿਹਾ ਕਿ ਕੰਟੇਨਮੈਂਟ ਜ਼ੋਨ ’ਚ ਰਹਿੰਦੇ ਮੁਲਾਜ਼ਮ ਅਤੇ ਅਧਿਕਾਰੀ ਵੀ ਰਾਹਤ ਮਿਲਣ ਤੱਕ ਦਫ਼ਤਰ ਨਹੀਂ ਆਉਣਗੇ। ਉਨ੍ਹਾਂ ਕਿਹਾ ਕਿ ਅਧੀਨ ਸਕੱਤਰ ਤੋਂ ਹੇਠਾਂ ਦੇ ਸਰਕਾਰੀ ਮੁਲਾਜ਼ਮਾਂ ਦੀ ਹਾਜ਼ਰੀ 50 ਫ਼ੀਸਦੀ ਤੋਂ ਘੱਟ ਰਹੇਗੀ ਅਤੇ ਬਾਕੀ ਦੇ 50 ਫ਼ੀਸਦੀ ਮੁਲਾਜ਼ਮ ਘਰ ਤੋਂ ਕੰਮ ਕਰਨਗੇ। ਪਰਸੋਨਲ ਅਤੇ ਟਰੇਨਿੰਗ ਮਾਮਲਿਆਂ ਬਾਰੇ ਮੰਤਰੀ ਨੇ ਕਿਹਾ ਕਿ ਸਾਰੇ ਸਬੰਧਤ ਵਿਭਾਗਾਂ ਵੱਲੋਂ ਰੋਸਟਰ ਤਿਆਰ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਘਰ ਤੋਂ ਕੰਮ ਕਰ ਰਹੇ ਮੁਲਾਜ਼ਮ ਟੈਲੀਫੋਨ ਅਤੇ ਹੋਰ ਇਲੈਕਟ੍ਰਾਨਿਕ ਸਾਧਨਾਂ ਰਾਹੀਂ ਹਰ ਸਮੇਂ ਉਪਲੱਬਧ ਰਹਿਣਗੇ। ਭੀੜ ਨਾ ਹੋਣ ਦੇਣ ਲਈ ਦਫ਼ਤਰਾਂ ਦਾ ਸਮਾਂ ਸਵੇਰੇ 9 ਤੋਂ ਸ਼ਾਮ ਸਾਢੇ ਪੰਜ ਵਜੇ ਅਤੇ ਸਵੇਰੇ 10 ਤੋਂ ਸ਼ਾਮ ਸਾਢੇ 6 ਵਜੇ ਤੈਅ ਕੀਤਾ ਗਿਆ ਹੈ। ਵਿਭਾਗ ਨੇ ਸਾਰੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਕਰੋਨਾ ਉਚਿਤ ਵਿਵਹਾਰ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਹੈ। ਮੀਟਿੰਗਾਂ ਵੀਡੀਓ ਕਾਨਫਰੰਸਿੰਗ ਰਾਹੀਂ ਕਰਨ ਦੇ ਵੀ ਨਿਰਦੇਸ਼ ਦਿੱਤੇ ਗਏ ਹਨ। ਉਧਰ ਦੇਸ਼ ’ਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ 1,59,632 ਨਵੇਂ ਕੇਸ ਆਏ ਹਨ ਜੋ 224 ਦਿਨਾਂ ’ਚ ਸਭ ਤੋਂ ਜ਼ਿਆਦਾ ਹਨ ਜਦਕਿ 327 ਹੋਰ ਵਿਅਕਤੀਆਂ ਦੀ ਮੌਤ ਹੋਈ ਹੈ। ਦੇਸ਼ ’ਚ ਕਰੋਨਾ ਦੇ ਨਵੇਂ ਸਰੂਪ ਓਮੀਕਰੋਨ ਦੇ 552 ਨਵੇਂ ਕੇਸਾਂ ਨਾਲ ਕੁੱਲ ਗਿਣਤੀ ਵਧ ਕੇ 3,623 ਹੋ ਗਈ ਹੈ। -ਪੀਟੀਆਈ