ਨਵੀਂ ਦਿੱਲੀ, 19 ਜਨਵਰੀ
ਕੇਂਦਰੀ ਸਿੱਖਿਆ ਮੰਤਰਾਲੇ ਨੇ ਕੇਂਦਰ ਵੱਲੋਂ ਫੰਡ ਹਾਸਲ ਕਰਨ ਵਾਲੀਆਂ ਤਕਨੀਕੀ ਸੰਸਥਾਵਾਂ ਅਤੇ ਐੱਨਆਈਟੀ ਦੇ ਦਾਖਲਾ ਨਿਯਮਾਂ ’ਚ ਛੋਟ ਦੇਣ ਦਾ ਐਲਾਨ ਕੀਤਾ ਹੈ ਅਤੇ ਇਸ ਤਹਿਤ 12ਵੀਂ ਕਲਾਸ ’ਚ 75 ਫੀਸਦ ਅੰਕਾਂ ਦੀ ਸ਼ਰਤ ਹਟਾ ਦਿੱਤੀ ਗਈ ਹੈ। ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਟਵੀਟ ਕੀਤਾ ਕਿ ਆਈਆਈਟੀ ਜੇਈਈ (ਐਡਵਾਂਸ) ਅਤੇ ਪਿਛਲੇ ਸਾਲ ਦੇ ਅਕਾਦਮਿਕ ਵਰ੍ਹੇ ’ਚ ਕੀਤੇ ਗਏ ਫ਼ੈਸਲੇ ਅਨੁਸਾਰ ਮੰਤਰਾਲੇ ਨੇ ਅਗਲੇ ਵਿੱਦਿਅਕ ਸੈਸ਼ਨ 2021-22 ’ਚ ਐੱਨਆਈਟੀ, ਆਈਆਈਆਈਟੀ, ਸਕੂਲ ਆਫ ਪਲਾਨਿੰਗ ਐਂਡ ਆਰਕੀਟੈਕਚਰ ਤੇ ਕੇਂਦਰ ਵੱਲੋਂ ਫੰਡ ਹਾਸਲ ਕਰਨ ਵਾਲੀਆਂ ਤਕਨੀਕੀ ਸੰਸਥਾਵਾਂ ’ਚ ਦਾਖਲੇ ਲਈ ਸਾਂਝੀ ਦਾਖਲਾ ਪ੍ਰੀਖਿਆ (ਜੇਈਈ) ਲਈ 12ਵੀਂ ਕਲਾਸ ’ਚ 75 ਫੀਸਦ ਅੰਕਾਂ ਦੀ ਸ਼ਰਤ ਹਟਾਉਣ ਦਾ ਫ਼ੈਸਲਾ ਕੀਤਾ ਗਿਆ ਹੈ। -ਪੀਟੀਆਈ