ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਦੇ ਸਾਬਕਾ ਉਪ ਰਾਜਪਾਲ ਅਨਿਲ ਬੈਜਲ ਨੇ ਆਬਕਾਰੀ ਨੀਤੀ 2021-22 ਨੂੰ ਲਾਗੂ ਕਰਨ ਵਿੱਚ ਕਥਿਤ ਬੇਨਿਯਮੀਆਂ ਦੇ ਸਬੰਧ ਵਿੱਚ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੱਲੋਂ ਉਨ੍ਹਾਂ ਖ਼ਿਲਾਫ਼ ਲਗਾਏ ਗਏ ਦੋਸ਼ਾਂ ਨੂੰ ਅੱਜ ‘ਬੇਬੁਨਿਆਦ’ ਕਰਾਰ ਦਿੱਤਾ। ਬੈਜਲ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਸਿਸੋਦੀਆ ਵੱਲੋਂ ਉਨ੍ਹਾਂ ਖ਼ਿਲਾਫ਼ ਲਗਾਏ ਦੋਸ਼ ਆਪਣੀ ਖੱਲ ਬਚਾਉਣ ਲਈ ਇੱਕ ਨਿਰਾਸ਼ ਵਿਅਕਤੀ ਵੱਲੋਂ ਕੀਤਾ ਜਾ ਰਿਹਾ ਯਤਨ ਹੈ। ਦਿੱਲੀ ਸਰਕਾਰ ਵੱਲੋਂ ਸਬੰਧਿਤ ਆਬਕਾਰੀ ਨੀਤੀ ਲਿਆਂਦੇ ਜਾਣ ਸਮੇਂ ਬੈਜਲ ਉਪ ਰਾਜਪਾਲ ਸਨ। ਸਿਸੋਦੀਆ ਨੇ ਬੀਤੇ ਸ਼ਨਿੱਚਰਵਾਰ ਬੈਜਲ ’ਤੇ ਆਬਕਾਰੀ ਨੀਤੀ ’ਤੇ ਆਪਣਾ ਰੁਖ਼ ਬਦਲਣ ਦਾ ਦੋਸ਼ ਲਾਇਆ ਸੀ।