ਮੁੰਬਈ: ਸਿੱਧੇ ਕਰਾਂ ਬਾਰੇ ਕੇਂਦਰੀ ਬੋਰਡ (ਸੀਬੀਡੀਟੀ) ਵੱਲੋਂ ਅਦਾਕਾਰ ਸੋਨੂ ਸੂਦ ਤੇ ਉਸ ਦੇ ਸਹਾਇਕਾਂ ’ਤੇ ਕਥਿਤ 20 ਕਰੋੜ ਰੁਪਏ ਦੀ ਟੈਕਸ ਚੋਰੀ ਦੇ ਲੱਗੇ ਦੋਸ਼ਾਂ ਮਗਰੋਂ ਅਦਾਕਾਰ ਨੇ ਅੱਜ ਕਿਹਾ ਕਿ ਉਸ ਦੀ ਫਾਊਂਡੇਸ਼ਨ ਦਾ ਇਕ-ਇਕ ਰੁਪਿਆ ਕੀਮਤੀ ਜਾਨਾਂ ਬਚਾਉਣ ਤੇ ਲੋੜਵੰਦਾਂ ਤੱਕ ਪੁੱਜਣ ਲਈ ਹੈ। ਪਿਛਲੇ ਹਫ਼ਤੇ ਆਪਣੇ ਤੇ ਹੋਰਨਾਂ ਸਹਾਇਕਾਂ ਦੇ ਵੱਖ-ਵੱਖ ਟਿਕਾਣਿਆਂ ’ਤੇ ਮਾਰੇ ਛਾਪਿਆਂ ਮਗਰੋਂ ਅਦਾਕਾਰ ਨੇ ਅੱਜ ਕਿਹਾ ਕਿ ਉਹ ‘ਕੁਝ ਮਹਿਮਾਨਾਂ ਦੀ ਆਓ ਭਗਤ ਵਿੱਚ ਰੁੱਝਾ’ ਹੋਇਆ ਸੀ ਤੇ ਇਹੀ ਵਜ੍ਹਾ ਹੈ ਕਿ ਉਹ ਪਿਛਲੇ ਚਾਰ ਦਿਨਾਂ ਤੋਂ ਲੋਕਾਂ ਦੀ ਸੇਵਾ ਨਹੀਂ ਕਰ ਸਕਿਆ। ਅਦਾਕਾਰ ਨੇ ਇੰਸਟਾਗ੍ਰਾਮ ’ਤੇ ਪਾਈ ਇਕ ਪੋਸਟ ਵਿੱਚ ਲਿਖਿਆ, ‘‘ਮੈਂ ਪੂਰੀ ਨਿਮਰਤਾ ਨਾਲ ਮੁੜ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹਾਂ। ਮੇਰਾ ਇਹ ਸਫ਼ਰ ਜਾਰੀ ਰਹੇਗਾ। ਜੈ ਹਿੰਦ।’’ ਸੀਬੀਡੀਟੀ ਨੇ ਦਾਅਵਾ ਕੀਤਾ ਸੀ ਕਿ ਆਮਦਨ ਕਰ ਵਿਭਾਗ ਵੱਲੋਂ ਅਦਾਕਾਰ ਅਤੇ ਲਖਨਊ ਅਧਾਰਿਤ ਇਨਫਰਾਸਟ੍ਰਕਚਰ ਗਰੁੱਪ ’ਤੇ ਮਾਰੇ ਛਾਪਿਆਂ ਦੌਰਾਨ ਪਤਾ ਲੱਗਾ ਸੀ ਕਿ ਸੂਦ ਨੇ ਆਪਣਾ ‘ਕਾਲਾ ਧਨ ਜਾਅਲੀ ਅਸੁਰੱਖਿਤ ਕਰਜ਼ਿਆਂ ਦੇ ਰੂਪ’ ਵਿੱਚ ਵੱਖ ਵੱਖ ਥਾਈਂ ਲਾਇਆ ਹੋਇਆ ਸੀ। ਸੀਬੀਡੀਟੀ ਨੇ ਇਹ ਦੋਸ਼ ਵੀ ਲਾਇਆ ਕਿ ਫ਼ਿਲਮ ‘ਦਬੰਗ’ ਫੇਮ ਅਦਾਕਾਰ ਨੇ ਬਾਹਰੋਂ ਡੋਨੇਸ਼ਨਾਂ ਦੇ ਰੂਪ ਵਿੱਚ ਪੈਸਾ ਹਾਸਲ ਕਰਨ ਲਈ ਫੌਰੇਨ ਕੰਟਰੀਬਿਊਸ਼ਨ ਰੈਗੂਲੇਸ਼ਨ ਐਕਟ (ਐੱਫਸੀਆਰਏ) ਦੀ ਵੀ ਉਲੰਘਣਾ ਕੀਤੀ। ਅਦਾਕਾਰ ਨੇ ਕਿਹਾ ਉਸ ਨੇ ਆਪਣੀ ਪੂਰੀ ਸਮਰੱਥਾ ਨਾਲ ਦਿਲੋਂ ਲੋਕਾਂ ਦੀ ਸੇਵਾ ਕਰਨ ਦੀ ਸਹੁੰ ਖਾਧੀ ਹੋਈ ਹੈ। ਸੂਦ ਨੇ ਕਿਹਾ, ‘‘ਤੁਹਾਨੂੰ ਹਮੇਸ਼ਾ ਆਪਣਾ ਪੱਖ ਰੱਖਣ ਦੀ ਲੋੜ ਨਹੀਂ ਹੁੰਦੀ। ਕਈ ਵਾਰ ਵਕਤ ਦੇ ਨਾਲ ਸੱਚ ਸਾਹਮਣੇ ਆ ਜਾਂਦਾ ਹੈ। ਮੇਰੀ ਫਾਊਂਡੇਸ਼ਨ ਦਾ ਇਕ ਇਕ ਰੁਪਿਆ ਕੀਮਤੀ ਜਾਨਾਂ ਬਚਾਉਣ ਤੇ ਲੋੜਵੰਦਾਂ ਤੱਕ ਪੁੱਜਣ ਦੀ ਉਡੀਕ ਵਿੱਚ ਹੈ।’’ ਚੇਤੇ ਰਹੇ ਕਿ ਅਦਾਕਾਰ ਸੋਨੂ ਸੂਦ ਕਰੋਨਾ ਮਹਾਮਾਰੀ ਦੌਰਾਨ ਵੱਖ ਵੱਖ ਥਾਈਂ ਫਸੇ ਪਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਪੁੱਜਦਾ ਕਰਨ ਲਈ ਆਵਾਜਾਈ ਦੇ ਪ੍ਰਬੰਧ ਸਮੇਤ ਹੋਰ ਸਮਾਜ ਭਲਾਈ ਦੇ ਕਾਰਜਾਂ ਕਰਕੇ ਸੁਰਖੀਆਂ ’ਚ ਆਇਆ ਸੀ। -ਪੀਟੀਆਈ