ਮੁੱਖ ਅੰਸ਼
- ‘ਪ੍ਰਧਾਨ ਮੰਤਰੀ ਅਜਾਇਬਘਰ’ ਦਾ ਉਦਘਾਟਨ
- ਆਜ਼ਾਦੀ ਤੋਂ ਬਾਅਦ ਦੇਸ਼ ਦੇ ਹਰ ਪ੍ਰਧਾਨ ਮੰਤਰੀ ਸਬੰਧੀ ਇਤਿਹਾਸ ਦਰਸਾਇਆ
ਨਵੀਂ ਦਿੱਲੀ, 14 ਅਪਰੈਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ‘ਪ੍ਰਧਾਨ ਮੰਤਰੀ ਅਜਾਇਬਘਰ’ ਦਾ ਉਦਘਾਟਨ ਕਰਨ ਮਗਰੋਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਬਣੀ ਹਰ ਸਰਕਾਰ ਨੇ ਦੇਸ਼ ਨੂੰ ਉਸ ਦੇ ਟੀਚੇ ਹਾਸਲ ਕਰਨ ਵੱਲ ਵਧਾਇਆ ਹੈ। ਉਨ੍ਹਾਂ ਕਿਹਾ ਕਿ ਇੱਕ ਜਾਂ ਤੋਂ ਅਪਵਾਦਾਂ ਨੂੰ ਛੱਡ ਕੇ ਭਾਰਤ ਅੰਦਰ ਜਮਹੂਰੀਅਤ ਨੂੰ ਮਜ਼ਬੂਤ ਕਰਨ ਦੀ ਰਵਾਇਤ ਰਹੀ ਹੈ।
ਸਮਾਗਮ ਨੂੰ ਸੰਬੋਧਨ ਕਰਦਿਆਂ ਨਰਿੰਦਰ ਮੋਦੀ ਨੇ ਕਿਹਾ, ‘ਉਨ੍ਹਾਂ (ਸਾਬਕਾ ਪ੍ਰਧਾਨ ਮੰਤਰੀਆਂ) ਨੂੰ ਯਾਦ ਕਰਨਾ ਆਜ਼ਾਦ ਭਾਰਤ ਦੀ ਯਾਤਰਾ ਨੂੰ ਯਾਦ ਕਰਨਾ ਹੈ।’ ਉਨ੍ਹਾਂ ਕਿਹਾ ਕਿ ਇਹ ਅਜਾਇਬਘਰ ਦੇਸ਼ ਦੀ ਹਰ ਸਮੇਂ ਦੀ ਸਰਕਾਰ ਦੀ ਮਹਾਨਤਾ ਦੀ ਜਿਊਂਦੀ ਜਾਗਦੀ ਮਿਸਾਲ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕਾਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਦੇਸ਼ ਦੇ ਜ਼ਿਆਦਾਤਰ ਪ੍ਰਧਾਨ ਮੰਤਰੀ ਬਹੁਤ ਹੀ ਸਾਧਾਰਨ ਪਰਿਵਾਰਾਂ ਤੋਂ ਰਹੇ ਹਨ ਅਤੇ ਦੂਰ-ਦਰਾਜ ਦੇ ਦਿਹਾਤੀ, ਇਕਦਮ ਗਰੀਬ ਪਰਿਵਾਰਾਂ, ਕਿਸਾਨ ਪਰਿਵਾਰਾਂ ਤੋਂ ਆ ਕੇ ਵੀ ਪ੍ਰਧਾਨ ਮੰਤਰੀ ਦੇ ਅਹੁਦੇ ਤੱਕ ਪਹੁੰਚਣਾ ਭਾਰਤੀ ਲੋਕਤੰਤਰ ਦੀਆਂ ਮਹਾਨ ਪ੍ਰੰਪਰਾਵਾਂ ਪ੍ਰਤੀ ਵਿਸ਼ਵਾਸ ਦ੍ਰਿੜ੍ਹ ਕਰਦਾ ਹੈ। ਉਨ੍ਹਾਂ ਭਾਰਤ ਨੂੰ ਜਮਹੂਰੀਅਤ ਦੀ ਮਾਂ ਕਰਾਰ ਦਿੰਦਿਆਂ ਕਿਹਾ ਕਿ ਭਾਰਤੀ ਜਮਹੂਰੀਅਤ ਦਾ ਮਹਾਨ ਭਵਿੱਖ ਇਹ ਹੈ ਕਿ ਇਹ ਸਮੇਂ ਦੇ ਨਾਲ ਲਗਾਤਾਰ ਬਦਲਦੀ ਰਹੀ ਹੈ। ਉਨ੍ਹਾਂ ਕਿਹਾ, ‘ਹਰ ਸਮੇਂ ਵਿੱਚ ਹਰ ਪੀੜ੍ਹੀ ਨੇ ਜਮਹੂਰੀਅਤ ਨੂੰ ਵਧੇਰੇ ਆਧੁਨਿਕ ਤੇ ਵਧੇਰੇ ਮਜ਼ਬੂਤ ਕਰਨ ’ਚ ਭੂਮਿਕਾ ਨਿਭਾਈ ਹੈ।’
ਉਨ੍ਹਾਂ ਕਿਹਾ, ‘ਇੱਕ ਜਾਂ ਦੋ ਅਪਵਾਦਾਂ ਨੂੰ ਛੱਡ ਕੇ ਸਾਡੇ ਕੋਲ ਜਮਹੂਰੀਅਤ ਨੂੰ ਮਜ਼ਬੂਤ ਕਰਨ ਦੀ ਸ਼ਾਨਾਮੱਤੀ ਪ੍ਰੰਪਰਾ ਰਹੀ ਹੈ।’ ਉਨ੍ਹਾਂ ਕਿਹਾ ਕਿ ਅੱਜ ਜਦੋਂ ਦੇਸ਼ ਆਜ਼ਾਦੀ ਦੇ 75ਵੇਂ ਵਰ੍ਹੇ ਦਾ ਜਸ਼ਨ ਮਨਾ ਰਿਹਾ ਹੈ ਤਾਂ ਇਹ ਅਜਾਇਬਘਰ ਦੇਸ਼ ਦੇ ਲੋਕਾਂ ਲਈ ਵੱਡੀ ਪ੍ਰੇਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਜੋ ਲੋਕ ਇੱਥੇ ਆਉਣਗੇ ਉਹ ਸਾਬਕਾ ਪ੍ਰਧਾਨ ਮੰਤਰੀਆਂ ਵੱਲੋਂ ਦੇਸ਼ ਲਈ ਪਾਏ ਯੋਗਦਾਨ ਅਤੇ ਉਨ੍ਹਾਂ ਦੇ ਪਿਛੋਕੜ ਤੇ ਸੰਘਰਸ਼ ਬਾਰੇ ਜਾਣਨਗੇ। ਉਨ੍ਹਾਂ ਕਿਹਾ ਕਿ ਇਹ ਅਜਾਇਬਘਰ ਆਜ਼ਾਦੀ ਤੋਂ ਬਾਅਦ ਦੇਸ਼ ਦੇ ਹਰ ਪ੍ਰਧਾਨ ਮੰਤਰੀ ਨੂੰ ਇੱਕ ਸ਼ਰਧਾਂਜਲੀ ਹੈ। -ਪੀਟੀਆਈ
ਸਮਾਗਮ ’ਚੋਂ ਗਾਂਧੀ ਪਰਿਵਾਰ ਰਿਹਾ ਗ਼ੈਰਹਾਜ਼ਰ
ਨਵੀਂ ਦਿੱਲੀ: ‘ਪ੍ਰਧਾਨ ਮੰਤਰੀ ਅਜਾਇਬਘਰ’ ਦੇ ਉਦਘਾਟਨੀ ਸਮਾਗਮ ਵਿੱਚ ਦੇਸ਼ ਨੂੰ ਤਿੰਨ ਪ੍ਰਧਾਨ ਮੰਤਰੀ ਦੇਣ ਵਾਲੇ ਨਹਿਰੂ-ਗਾਂਧੀ ਪਰਿਵਾਰ ਦੇ ਮੈਂਬਰ ਗ਼ੈਰ ਹਾਜ਼ਰ ਰਹੇ ਜਦਕਿ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ, ਪੀਵੀ ਨਰਸਿਮਹਾ ਰਾਓ, ਐੱਚਡੀ ਦੇਵੇਗੌੜਾ, ਅਟਲ ਬਿਹਾਰੀ ਵਾਜਪਾਈ, ਮੋਰਾਰਜੀ ਦੇਸਾਈ ਅਤੇ ਲਾਲ ਬਹਾਦੁਰ ਸ਼ਾਸਤਰੀ ਦੇ ਪਰਿਵਾਰਕ ਮੈਂਬਰ ਹਾਜ਼ਰ ਰਹੇ। ਜ਼ਿਆਦਾਤਰ ਪਰਿਵਾਰਾਂ ਦੇ ਮੈਂਬਰਾਂ ਨੇ ਕਿਹਾ ਕਿ ਉਹ ਇਹ ਸਭ ਦੇਖ ਕੇ ਭਾਵੁਕ ਹਨ ਤੇ ਇੱਥੇ ਪ੍ਰਧਾਨ ਹਰ ਪ੍ਰਧਾਨ ਮੰਤਰੀ ਨੂੰ ਢੁੱਕਵੀਂ ਥਾਂ ਦਿੱਤੀ ਗਈ ਹੈ। ਸੂਤਰਾਂ ਨੇ ਦੱਸਿਆ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਸਮਾਗਮ ’ਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਸੀ ਪਰ ਉਹ ਸਿਹਤ ਠੀਕ ਨਾ ਹੋਣ ਕਾਰਨ ਨਹੀਂ ਆ ਸਕੇ। ਸੂਤਰਾਂ ਨੇ ਕਿਹਾ ਕਿ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨੂੰ ਵੀ ਸਮਾਗਮ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਸੀ ਪਰ ਉਨ੍ਹਾਂ ਆਪਣੇ ਨਾ ਆਉਣ ਦਾ ਕੋਈ ਕਾਰਨ ਨਹੀਂ ਦੱਸਿਆ। -ਪੀਟੀਆਈ