ਨਵੀਂ ਦਿੱਲੀ, 5 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਲੂ ਪ੍ਰਬੰਧਨ ਅਤੇ ਮੌਨਸੂਨ ਦੀਆਂ ਤਿਆਰੀਆਂ ਸਬੰਧੀ ਇਕ ਅਹਿਮ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਦੌਰਾਨ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਲੂ ਅਤੇ ਅੱਗ ਲੱਗਣ ਦੀਆਂ ਘਟਨਾਵਾਂ ਕਾਰਨ ਹੁੰਦੀਆਂ ਮੌਤਾਂ ਨੂੰ ਰੋਕਣ ਲਈ ਸਾਰੇ ਜ਼ਰੂਰੀ ਕਦਮ ਉਠਾਏ ਜਾਣ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਮੁਤਾਬਕ ਮੀਟਿੰਗ ਦੌਰਾਨ ਭਾਰਤੀ ਮੌਸਮ ਵਿਭਾਗ ਅਤੇ ਕੌਮੀ ਅਫਤ ਪ੍ਰਬੰਧਨ ਅਥਾਰਿਟੀ ਨੇ ਮਾਰਚ-ਮਈ 2022 ਤੱਕ ਦੇਸ਼ ਭਰ ਵਿੱਚ ਉੱਚ ਤਾਪਮਾਨ ਦੀ ਸਥਿਰਤਾ ਬਾਰੇ ਜਾਣਕਾਰੀ ਦਿੱਤੀ। ਬਿਆਨ ਅਨੁਸਾਰ, ਪ੍ਰਧਾਨ ਮੰਤਰੀ ਨੇ ਕਿਹਾ, ‘‘ਲੂ ਤੇ ਅੱਗ ਦੀਆਂ ਘਟਨਾਵਾਂ ਕਾਰਨ ਹੁੰਦੀਆਂ ਮੌਤਾਂ ਨੂੰ ਰੋਕਣ ਲਈ ਸਾਨੂੰ ਸਾਰੇ ਲੋੜੀਂਦੇ ਕਦਮ ਉਠਾਉਣ ਦੀ ਲੋੜ ਹੈ।’’
ਉਨ੍ਹਾਂ ਕਿਹਾ ਕਿ ਅਜਿਹੀ ਕਿਸੇ ਵੀ ਘਟਨਾ ਵਿੱਚ ਕਾਰਵਾਈ ਦਾ ਸਮਾਂ ਘੱਟ ਤੋਂ ਘੱਟ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਧ ਰਹੇ ਤਾਪਮਾਨ ਦੇ ਮੱਦੇਨਜ਼ਰ ਹਸਪਤਾਲਾਂ ’ਚ ਨਿਯਮਤ ਤੌਰ ’ਤੇ ਅੱਗ ਸਬੰਧੀ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕਰਨ ਦੀ ਲੋੜ ਹੈ। ਸ੍ਰੀ ਮੋਦੀ ਦੇ ਕਈ ਯੂਰੋਪੀ ਦੇਸ਼ਾਂ ਦੇ ਦੌਰੇ ਤੋਂ ਪਰਤਣ ਮਗਰੋਂ ਇਹ ਜ਼ਰੂਰੀ ਮੀਟਿੰਗ ਹੋਈ। -ਪੀਟੀਆਈ
ਕਣਕ ਦੀ ਸਪਲਾਈ, ਸਟਾਕ ਤੇ ਬਰਾਮਦ ਸਥਿਤੀ ਦਾ ਵੀ ਲਿਆ ਜਾਇਜ਼ਾ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਕਣਕ ਦੀ ਸਪਲਾਈ, ਸਟਾਕ ਤੇ ਬਰਾਮਦ ਸਥਿਤੀ ਦੀ ਸਮੀਖਿਆ ਕਰਨ ਲਈ ਵੀ ਇਕ ਮੀਟਿੰਗ ਦੀ ਪ੍ਰਧਾਨਗੀ ਕੀਤੀ ਗਈ। ਇਸ ਦੌਰਾਨ ਉਨ੍ਹਾਂ ਅਧਿਕਾਰੀਆਂ ਨੂੰ ਗੁਣਵੱਤਾ ਦੇ ਮਾਪਦੰਡ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਤਾਂ ਜੋ ਭਾਰਤ ਅਨਾਜ ਅਤੇ ਹੋਰ ਖੇਤੀ ਉਪਤਾਦਾਂ ਦੇ ਸਰੋਤ ਵਜੋਂ ਵਿਕਸਤ ਹੋ ਸਕੇ। -ਪੀਟੀਆਈ