ਰਾਏਪੁਰ, 6 ਅਪਰੈਲ
ਛੱਤੀਸਗੜ੍ਹ ਦੇ ਬਸਤਰ ਖੇਤਰ ਵਿਚ ਤਿੰਨ ਦਿਨ ਪਹਿਲਾਂ ਇਕ ਮੁਕਾਬਲੇ ਤੋਂ ਬਾਅਦ ਲਾਪਤਾ ਹੋਏ ਕੋਬਰਾ ਕਮਾਂਡੋ ਨੂੰ ਲੱਭਣ ਲਈ ਪੁਲੀਸ ਹਰ ਸੰਭਵ ਯਤਨ ਕਰ ਰਹੀ ਹੈ। ਮਾਓਵਾਦੀਆਂ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਕਮਾਂਡੋ ਨੂੰ ਅਗਵਾ ਕਰ ਲਿਆ ਹੈ। ਪੁਲੀਸ ਨੇ ਆਪਣਾ ਸੂਹੀਆ ਤੰਤਰ ਵੀ ਪੂਰੀ ਤਰ੍ਹਾਂ ਸਰਗਰਮ ਕਰ ਦਿੱਤਾ ਹੈ ਤਾਂ ਕਿ ਲਾਪਤਾ ਜਵਾਨ ਬਾਰੇ ਕੋਈ ਜਾਣਕਾਰੀ ਮਿਲ ਸਕੇ। ਸੀਆਰਪੀਐਫ ਦੀ ਵਿਸ਼ੇਸ਼ ਯੂਨਿਟ ‘ਕੋਬਰਾ’ ਦੀ 210ਵੀਂ ਬਟਾਲੀਅਨ ਦੇ ਕਾਂਸਟੇਬਲ ਰਾਕੇਸ਼ਵਰ ਸਿੰਘ ਮਨਹਾਸ ਸ਼ਨਿਚਰਵਾਰ ਨੂੰ ਲਾਪਤਾ ਹੋ ਗਏ ਸਨ। ਸੀਆਰਪੀਐਫ ਦੇ ਮਾਓਵਾਦੀਆਂ ਵਿਚਾਲੇ ਸੁਕਮਾ ਤੇ ਬੀਜਾਪੁਰ ਜ਼ਿਲ੍ਹਿਆਂ ਵਿਚ ਗੋਲੀਬਾਰੀ ਹੋਈ ਸੀ। ਇਸ ਮੁਕਾਬਲੇ ਵਿਚ 22 ਜਵਾਨ ਮਾਰੇ ਗਏ ਸਨ ਤੇ 31 ਹੋਰ ਜ਼ਖ਼ਮੀ ਹੋ ਗਏ ਸਨ। ਸੁਕਮਾ ਦੇ ਇਕ ਪੱਤਰਕਾਰ ਨੇ ਸੋਮਵਾਰ ਨੂੰ ਕਿਹਾ ਸੀ ਕਿ ਉਸ ਨੂੰ ਮਾਓਵਾਦੀਆਂ ਦਾ ਫੋਨ ਆਇਆ ਹੈ ਤੇ ਉਹ ਦਾਅਵਾ ਕਰ ਰਹੇ ਹਨ ਕਿ ਕਮਾਂਡੋ ਉਨ੍ਹਾਂ ਕੋਲ ਹੈ ਤੇ ਉਸ ਨੂੰ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ। ਬਸਤਰ ਰੇਂਜ ਦੇ ਆਈਜੀ (ਪੁਲੀਸ) ਸੁੰਦਰਰਾਜ ਪੀ ਨੇ ਦੱਸਿਆ ਕਿ ਹਾਲੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਕਮਾਂਡੋ ਨੂੰ ਨਕਸਲੀਆਂ ਨੇ ਅਗਵਾ ਕੀਤਾ ਹੋਇਆ ਹੈ ਕਿਉਂਕਿ ਇਸ ਸਬੰਧੀ ਕੋਈ ਫੋਟੋ ਵਗੈਰਾ ਉਨ੍ਹਾਂ ਰਿਲੀਜ਼ ਨਹੀਂ ਕੀਤੀ ਹੈ। ਉਸ ਨੂੰ ਲੱਭਣ ਲਈ ਪੁਲੀਸ ਹਰ ਸੰਭਵ ਕਦਮ ਚੁੱਕ ਰਹੀ ਹੈ। -ਪੀਟੀਆਈ
ਕਮਾਂਡੋ ਦੀ ਬੱਚੀ ਵੱਲੋਂ ਪਿਤਾ ਨੂੰ ਰਿਹਾਅ ਕਰਨ ਦੀ ਅਪੀਲ
ਜੰਮੂ: ਛੱਤੀਸਗੜ੍ਹ ਵਿਚ ਨਕਸਲੀਆਂ ਵੱਲੋਂ ਬੰਦੀ ਬਣਾਏ ਗਏ ਸੀਆਰਪੀਐਫ ਦੇ ‘ਕੋਬਰਾ’ ਕਮਾਂਡੋ ਦੀ ਪੰਜ ਸਾਲਾ ਧੀ ਸ਼੍ਰਗਵੀ ਨੇ ਅਪੀਲ ਕੀਤੀ ਹੈ ਕਿ ਉਸ ਦੇ ਪਿਤਾ ਨੂੰ ਰਿਹਾਅ ਕਰ ਦਿੱਤਾ ਜਾਵੇ। ਪੰਜ ਸਾਲਾ ਬੱਚੀ ਨੇ ਹੰਝੂ ਪੂੰਝਦਿਆਂ ਕਿਹਾ ‘ਕਿਰਪਾ ਕਰ ਕੇ, ਮੇਰੇ ਪਿਤਾ ਨੂੰ ਰਿਹਾਅ ਕਰ ਦਿਓ।’ ਕਮਾਂਡੋ ਰਾਕੇਸ਼ਵਰ ਸਿੰਘ ਮਨਹਾਸ ਦਾ ਪਰਿਵਾਰ ਉਨ੍ਹਾਂ ਦੇ ਅਗਵਾ ਹੋਣ ਦੀ ਖ਼ਬਰ ਮਿਲਣ ਤੋਂ ਬਾਅਦ ਗਹਿਰੇ ਸਦਮੇ ਵਿਚ ਹੈ। ਜੰਮੂ-ਅਖਨੂਰ ਰੋਡ ’ਤੇ ਪੈਂਦੇ ਬਰਨਈ ਇਲਾਕੇ ਵਿਚਲੀ ਆਪਣੀ ਰਿਹਾਇਸ਼ ’ਤੇ ਕਮਾਂਡੋ ਦੀ ਪਤਨੀ ਮੀਨੂ ਨੇ ਦੱਸਿਆ ਕਿ ‘ਉਨ੍ਹਾਂ ਨੂੰ ਪਤੀ ਦੇ ਲਾਪਤਾ ਹੋਣ ਬਾਰੇ ਨਿਊਜ਼ ਚੈਨਲ ਤੋਂ ਪਤਾ ਲੱਗਾ। ਸਰਕਾਰ ਜਾਂ ਸੀਆਰਪੀਐਫ ਤੋਂ ਕਿਸੇ ਨੇ ਵੀ ਘਟਨਾ ਬਾਰੇ ਜਾਣਕਾਰੀ ਨਹੀਂ ਦਿੱਤੀ। -ਪੀਟੀਆਈ