ਬੰਗਲੁਰੂ, 20 ਜੂਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਹਰੇਕ ਦੇਸ਼ ਵਿਚ ਸਿਹਤ ਸੇਵਾਵਾਂ ਨੂੰ ਸਭ ਤੋਂ ਵੱਧ ਮਹੱਤਵ ਦਿੱਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਇੱਥੇ ਦਿਮਾਗ ਬਾਰੇ ਖੋਜ ਕੇਂਦਰ (ਸੀਬੀਆਰ) ਦਾ ਉਦਘਾਟਨ ਕਰਨ ਤੇ ਇਕ ਮਲਟੀਸਪੈਸ਼ਿਲਟੀ ਹਸਪਤਾਲ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਿਹਤ ਸੇਵਾਵਾਂ ਨੂੰ ਹਰ ਥਾਂ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ।
ਮੋਦੀ ਨੇ ਭਾਰਤੀ ਵਿਗਿਆਨ ਸੰਸਥਾ (ਆਈਆਈਐੱਸਸੀ) ਦੇ ਕੈਂਪਸ ਵਿਚ 280 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਸੀਬੀਆਰ ਦਾ ਅੱਜ ਉਦਘਾਟਨ ਕੀਤਾ, ਜਿਸ ਦਾ ਨੀਂਹ ਪੱਧਰ ਉਨ੍ਹਾਂ ਹੀ ਰੱਖਿਆ ਸੀ। ਉਨ੍ਹਾਂ ਕਿਹਾ ਕਿ ਸੀਬੀਆਰ ਦਾ ਉਦਘਾਟਨ ਕਰ ਕੇ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ। ਮੋਦੀ ਨੇ ਕਿਹਾ ਕਿ ਇਹ ਕੇਂਦਰ ਦਿਮਾਗ ਸਬੰਧੀ ਬਿਮਾਰੀਆਂ ਦੀ ਖੋਜ ਵਿਚ ਯੋਗਦਾਨ ਦੇਵੇਗਾ।
ਇਸ ਮੌਕੇ ਕਰਨਾਟਕ ਦੇ ਰਾਜਪਾਲ ਥਾਵਰਚੰਦ ਗਹਿਲੋਤ, ਮੁੱਖ ਮੰਤਰੀ ਬਸਵਰਾਜ ਬੋਮਈ, ਕੇਂਦਰੀ ਮੰਤਰੀ ਪ੍ਰਹਲਾਦ ਜੋਸ਼ੀ, ਸੂਚਨਾ ਤਕਨੀਕ ਜਗਤ ਦੀ ਮੋਹਰੀ ਕੰਪਨੀ ਇਨਫੋਸਿਸ ਦੇ ਸਹਿ-ਸੰਸਥਾਪਕ ਐੱਸ. ਗੋਪਾਲਕ੍ਰਿਸ਼ਣਨ ਤੇ ਹੋਰ ਹਾਜ਼ਰ ਸਨ। ਅਧਿਕਾਰੀਆਂ ਨੇ ਦੱਸਿਆ ਕਿ ਗੋਪਾਲਕ੍ਰਿਸ਼ਣਨ ਤੇ ਉਨ੍ਹਾਂ ਦੀ ਪਤਨੀ ਸੁਧਾ ਗੋਪਾਲਕ੍ਰਿਸ਼ਣਨ ਦੀ ਮਦਦ ਨਾਲ ਹੀ ਆਈਆਈਐੱਸਸੀ ਵਿਚ ਇਸ ਗੈਰ-ਲਾਭਕਾਰੀ ਖੋਜ ਸੰਸਥਾ ਸੀਬੀਆਰ ਦੀ ਸਥਾਪਨਾ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਗੋਪਾਲਕ੍ਰਿਸ਼ਣਨ ਨੇ ਸੀਬੀਆਰ ਦੇ ਅਤਿ-ਆਧੁਨਿਕ ਭਵਨ ਦੇ ਨਿਰਮਾਣ ਲਈ ਵਿੱਤੀ ਮਦਦ ਵੀ ਦਿੱਤੀ ਹੈ। ਭਾਰਤ ਦੇ ਇਤਿਹਾਸ ਵਿਚ ਵਿਗਿਆਨਕ ਖੋਜ ਲਈ ਕਿਸੇ ਵਿਅਕਤੀ ਵੱਲੋਂ ਦਿੱਤੀ ਗਈ ਇਹ ਸਭ ਤੋਂ ਵੱਡੀ ਸਹਾਇਤਾ ਹੈ। -ਪੀਟੀਆਈ
ਪ੍ਰਧਾਨ ਮੰਤਰੀ ਵੱਲੋਂ ਯੂਨੀਵਰਸਿਟੀ ਦੇ ਨਵੇਂ ਕੈਂਪਸ ਦਾ ਉਦਘਾਟਨ
ਬੰਗਲੁੁਰੂ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ਡਾ. ਬੀਆਰ ਅੰਬੇਡਕਰ ਸਕੂਲ ਆਫ ਇਕਨਾਮਿਕਸ (ਬੇਸ) ਯੂਨੀਵਰਸਿਟੀ ਦੇ ਨਵੇਂ ਕੈਂਪਸ ਦਾ ਉਦਘਾਟਨ ਕੀਤਾ ਤੇ ਕੈਂਪਸ ਵਿਚ ਸਥਾਪਿਤ ਭਾਰਤੀ ਸੰਵਿਧਾਨ ਦੇ ਨਿਰਮਾਤਾ ਦੇ ਬੁੱਤ ਤੋਂ ਪਰਦਾ ਵੀ ਹਟਾਇਆ। ਇਸ ਮੌਕੇ ਕਰਵਾਏ ਗਏ ਇਕ ਸਮਾਗਮ ਵਿਚ 150 ‘ਟੈਕਨੀਕਲ ਹੱਬਸ’ ਦਾ ਉਦਘਾਟਨ ਵੀ ਕੀਤਾ ਗਿਆ। ਇਨ੍ਹਾਂ ਦੀ ਸਥਾਪਨਾ ਪੂਰੇ ਕਰਨਾਟਕ ਵਿਚ ਆਈਟੀਆਈਜ਼ ਨੂੰ ਨਵੇਂ ਰੂਪ ਵਿਚ ਵਿਕਸਿਤ ਕਰ ਕੇ ਕੀਤੀ ਗਈ ਹੈ। ਇਨ੍ਹਾਂ ’ਤੇ 4700 ਕਰੋੜ ਰੁਪਏ ਦਾ ਖ਼ਰਚ ਆਇਆ ਹੈ ਜਿਸ ਲਈ ਟਾਟਾ ਟੈਕਨੋਲੌਜੀਸ ਲਿਮਟਿਡ ਨੇ ਵੀ ਮਦਦ ਦਿੱਤੀ ਹੈ। -ਪੀਟੀਆਈ