ਨਵੀਂ ਦਿੱਲੀ, 2 ਅਕਤੂਬਰ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨਿੱਚਰਵਾਰ ਨੂੰ ਦੇਸ਼ ਦੇ ਲੋਕਾਂ ਨੂੰ ਇਹ ਅਹਿਦ ਲੈਣ ਦੀ ਅਪੀਲ ਕੀਤੀ ਕਿ ਉਹ ਆਜ਼ਾਦੀ ਦੀ 100 ਵੀਂ ਵਰ੍ਹੇਗੰਢ ਤੱਕ ਭਾਰਤ ਨੂੰ ਆਤਮ-ਨਿਰਭਰ ਅਤੇ ਸ਼ਕਤੀਸ਼ਾਲੀ ਰਾਸ਼ਟਰ ਬਣਾਉਣ ਲਈ ਵਿਅਕਤੀਗਤ ਕਦਮ ਚੁੱਕਣਗੇ। ਉਨ੍ਹਾਂ ਕਿਹਾ ਕਿ ਜਨਤਾ ਦੀ ਇਹ ਚੇਤਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ‘ਆਤਮ-ਨਿਰਭਰ ਭਾਰਤ’, ਮੇਕ ਇਨ ਇੰਡੀਆ ਅਤੇ ਹੋਰਨਾਂ ਯੋਜਨਾਵਾਂ ਰਾਹੀਂ ਉਸਾਰੂ ਕਾਰਵਾਈ ਦੀ ਅਗਵਾਈ ਕਰੇਗੀ।
ਸ਼ਾਹ ਨੇ ਇਹ ਬਿਆਨ ਇੱਥੇ ਲਾਲ ਕਿਲੇ ਵਿੱਚ ਕੌਮੀ ਸੁਰੱਖਿਆ ਗਾਰਡ ਦੇ ਕਮਾਂਡੋਜ਼ ਦੀ 7500 ਕਿਲੋਮੀਟਰ ਦੀ ਕਾਰ ਰੈਲੀ ਨੂੰ ਹਰੀ ਝੰਡੀ ਦਿਖਾਉਣ ਲਈ ਕਰਵਾਏ ਸਮਾਗਮ ਦੌਰਾਨ ਦਿੱਤਾ। ਇਸੇ ਦੌਰਾਨ ਉਨ੍ਹਾਂ ਕੇਂਦਰੀ ਹਥਿਆਰਬੰਦ ਪੁਲੀਸ ਬਲਾਂ ਦੀ ਸਾਈਕਲ ਰੈਲੀ ਨੂੰ ਵੀ ਰਵਾਨਾ ਕੀਤਾ ਜੋ ਦੇਸ਼ ’ਚ 41 ਹਜ਼ਾਰ ਕਿਲੋਮੀਟਰ ਤੋਂ ਵੱਧ ਦਾ ਸਫ਼ਰ ਤੈਅ ਕਰਨ ਮਗਰੋਂ ਇੱਥੇ ਹੀ ਸਮਾਪਤ ਹੋਵੇਗੀ।
ਸ਼ਾਹ ਨੇ ਕਿਹਾ,‘ਜੇ 130 ਕਰੋੜ ਨਾਗਰਿਕਾਂ ਵਿੱਚੋਂ ਹਰੇਕ ਨਾਗਰਿਕ ਦੇਸ਼ ਨੂੰ ਅੱਗੇ ਲਿਜਾਣ ਦਾ ਅਹਿਦ ਲਵੇ ਅਤੇ ਇਸ ਦੀ ਤਰੱਕੀ ਲਈ ਕੰਮ ਕਰੇ ਤਾਂ ਅਸੀਂ ਭਾਰਤ ਨੂੰ ‘ਆਤਮ ਨਿਰਭਰ’ ਅਤੇ ਤਾਕਤਵਰ ਰਾਸ਼ਟਰ ਬਣਾ ਸਕਦੇ ਹਾਂ।’ -ਪੀਟੀਆਈ