ਲਖ਼ਨਊ, 29 ਜੂਨ
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅੱਜ ਇੱਥੇ ਉਸਾਰੀ ਜਾਣ ਵਾਲੀ ਡਾ. ਬੀ.ਆਰ. ਅੰਬੇਦਕਰ ਦੀ ਇਕ ਯਾਦਗਾਰ ਦਾ ਨੀਂਹ ਪੱਥਰ ਰੱਖਿਆ। ਰਾਸ਼ਟਰਪਤੀ ਨੇ ਜ਼ੋਰ ਦੇ ਕੇ ਕਿਹਾ ਕਿ ਸਮਾਜ ਦੇ ਸਰਬ-ਪੱਖੀ ਵਿਕਾਸ ਲਈ ਬਰਾਬਰੀ ਪਹਿਲੀ ਸ਼ਰਤ ਹੈ। ਉਨ੍ਹਾਂ ਕਿਹਾ ਕਿ ਅੰਬੇਦਕਰ ਲਈ ਦੇਸ਼ ਮਹੱਤਵ ਰੱਖਦਾ ਸੀ, ਧਰਮ ਨਹੀਂ, ਜਾਤੀ ਜਾਂ ਫ਼ਿਰਕਾ ਨਹੀਂ।
ਕੋਵਿੰਦ ਨੇ ਇੱਥੇ ਐਸ਼ਬਾਗ਼ ਵਿਚ ਭਾਰਤ ਰਤਨ ਡਾ. ਅੰਬੇਦਕਰ ਯਾਦਗਾਰ ਤੇ ਸਭਿਆਚਾਰਕ ਕੇਂਦਰ ਦਾ ਨੀਂਹ ਪੱਥਰ ਰੱਖਿਆ। ਇਸ ਦੀ ਉਸਾਰੀ ਉਤੇ 45 ਕਰੋੜ ਰੁਪਏ ਖ਼ਰਚਾ ਆਵੇਗਾ। ਇਸ ਯਾਦਗਾਰ ਵਿਚ ਇਕ ਲਾਇਬਰੇਰੀ, ਖੋਜ ਕੇਂਦਰ, ਫੋਟੋ ਗੈਲਰੀ, ਅਜਾਇਬਘਰ, ਬਹੁ-ਮੰਤਵੀ ਕਨਵੈਨਸ਼ਨ ਸੈਂਟਰ, ਕੈਫੇ ਤੇ ਆਡੀਟੋਰੀਅਮ ਉਸਾਰਿਆ ਜਾਵੇਗਾ। ਡਾ. ਅੰਬੇਦਕਰ ਦਾ 25 ਫੁੱਟ ਉੱਚਾ ਬੁੱਤ ਵੀ ਇੱਥੇ ਲਾਇਆ ਜਾਵੇਗਾ। ਨੀਂਹ ਪੱਥਰ ਰੱਖਣ ਮੌਕੇ ਯੂਪੀ ਦੀ ਰਾਜਪਾਲ ਅਨੰਦੀਬੇਨ ਪਟੇਲ, ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ ਤੇ ਦਿਨੇਸ਼ ਸ਼ਰਮਾ ਮੌਜੂਦ ਸਨ।
ਆਪਣੇ ਭਾਸ਼ਣ ਵਿਚ ਰਾਸ਼ਟਰਪਤੀ ਨੇ ਕਿਹਾ ਕਿ 93 ਸਾਲ ਪਹਿਲਾਂ ਇਸੇ ਦਿਨ ਡਾ. ਅੰਬੇਦਕਰ ਨੇ ‘ਸਮਤਾ’ ਰਸਾਲਾ ਸ਼ੁਰੂ ਕੀਤਾ ਸੀ ਜੋ ਕਿ ਉਨ੍ਹਾਂ ਦੀ ਸਮਾਨਤਾਵਾਦੀ ਵਿਚਾਰਧਾਰਾ ਦੀ ਤਰਜਮਾਨੀ ਕਰਦਾ ਸੀ। ਉਨ੍ਹਾਂ ਕਿਹਾ ਕਿ ਬਾਬਾਸਾਹਿਬ ਹਮੇਸ਼ਾ ਔਰਤਾਂ ਨੂੰ ਬਰਾਬਰ ਹੱਕ ਦੇਣ ਲਈ ਸਰਗਰਮ ਰਹੇ। ਰਾਸ਼ਟਰਪਤੀ ਕੋਵਿੰਦ ਨੇ ਕਿਹਾ ਕਿ ਅਮਰੀਕਾ ਵਿਚ ਸੰਵਿਧਾਨ ਲਾਗੂ ਹੋਣ ਤੋਂ 100 ਸਾਲ ਬਾਅਦ ਔਰਤਾਂ ਨੂੰ ਵੋਟ ਪਾਉਣ ਦਾ ਹੱਕ ਮਿਲਿਆ। ਪਰ ਸਾਡੇ ਦੇਸ਼ ਵਿਚ ਸੰਵਿਧਾਨ ਜਦ 26 ਜਨਵਰੀ, 1950 ਨੂੰ ਲਾਗੂ ਹੋਇਆ, ਉਦੋਂ ਤੋਂ ਹੀ ਔਰਤਾਂ ਨੂੰ ਵੋਟ ਪਾਉਣ ਦਾ ਹੱਕ ਮਿਲ ਗਿਆ। ਇਸ ਦਾ ਸਿਹਰਾ ਡਾ. ਅੰਬੇਦਕਰ ਨੂੰ ਜਾਂਦਾ ਹੈ। ਮੁੱਖ ਮੰਤਰੀ ਯੋਗੀ ਨੇ ਇਸ ਮੌਕੇ ਕਿਹਾ ਕਿ ਡਾ. ਅੰਬੇਦਕਰ ਨੂੰ ਭਾਰਤ ਹੀ ਨਹੀਂ ਬਲਕਿ ਪੂਰੀ ਦੁਨੀਆ ਮਾਨਤਾ ਦਿੰਦੀ ਹੈ। -ਪੀਟੀਆਈ
ਅੰਬੇਦਕਰ ਯਾਦਗਾਰ ਦਾ ਨੀਂਹ ਪੱਥਰ ਰੱਖ ਕੇ ਭਾਜਪਾ ਕਰ ਰਹੀ ਹੈ ਨਾਟਕ: ਮਾਇਆਵਤੀ
ਲਖਨਊ: ਬਸਪਾ ਸੁਪਰੀਮੋ ਮਾਇਆਵਤੀ ਨੇ ਡਾ. ਅੰਬੇਦਕਰ ਦੀ ਯਾਦਗਾਰ ਦਾ ਨੀਂਹ ਪੱਥਰ ਰੱਖੇ ਜਾਣ ਨੂੰ ਭਾਜਪਾ ਦਾ ਡਰਾਮਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਚੋਣਾਂ ਤੋਂ ਪਹਿਲਾਂ ‘ਧੋਖਾ’ ਦਿੱਤਾ ਜਾ ਰਿਹਾ ਹੈ। ਮਾਇਆਵਤੀ ਨੇ ਕਿਹਾ ਕਿ ਜੇ ਇਹ ‘ਧੋਖਾਧੜੀ’ ਤੇ ‘ਨਾਟਕਬਾਜ਼ੀ’ ਨਾ ਹੁੰਦੀ ਤਾਂ ਰਾਸ਼ਟਰਪਤੀ ਯਾਦਗਾਰੀ ਕੇਂਦਰ ਦਾ ਉਦਘਾਟਨ ਕਰ ਰਹੇ ਹੁੰਦੇ ਨਾ ਕਿ ਨੀਂਹ ਪੱਥਰ ਰੱਖ ਰਹੇ ਹੁੰਦੇ। ਬਸਪਾ ਆਗੂ ਨੇ ਕਿਹਾ ਕਿ ਯੋਗੀ ਸਰਕਾਰ ਕਿਸੇ ਵੀ ਪੱਖ ਤੋਂ ਅਖਿਲੇਸ਼ ਯਾਦਵ ਤੇ ਕਾਂਗਰਸ ਦੀ ਅਗਵਾਈ ਵਾਲੀਆਂ ਸਰਕਾਰਾਂ ਤੋਂ ਘੱਟ ਨਹੀਂ ਹੈ। ਦਲਿਤਾਂ ਤੇ ਪੱਛੜੀਆਂ ਸ਼੍ਰੇਣੀਆਂ ਨੂੰ ਹੱਕਾਂ ਤੋਂ ਵਾਂਝੇ ਰੱਖਿਆ ਗਿਆ ਹੈ। -ਪੀਟੀਆਈ