ਮੁੰਬਈ: ਰਾਸ਼ਟਰੀ ਪੁਰਸਕਾਰ ਜੇਤੂ ਅਦਾਕਾਰਾ ਅਤੇ ਫਿਲਮਸਾਜ਼ ਅਪਰਨਾ ਸੇਨ ਦੇ ਨਿਰਦੇਸ਼ਨ ਹੇਠ ਬਣੀ ਫਿਲਮ ‘ਦਿ ਰੇਪਿਸਟ’ ਦਾ ਪ੍ਰੀਮੀਅਰ ਬੁਸਾਨ ਇੰਟਰਨੈਸ਼ਨਲ ਫਿਲਮ ਫੈਸਟੀਵਲ (ਬੀਆਈਐੱਫਐੱਫ) ਦੇ 26ਵੇਂ ਸੰਸਕਰਨ ਵਿੱਚ ਹੋਵੇਗਾ। ਇਸ ਬਾਰੇ ਅਪਰਨਾ ਨੇ ਕਿਹਾ, ‘‘ਸਾਡੇ ਸਮਾਜ ਵਿੱਚ ਬਲਾਤਕਾਰੀਆਂ ਦੀ ਵੱਡੀ ਗਿਣਤੀ ਦੇ ਕਾਰਨਾਂ ਅਤੇ ਅਪਰਾਧੀਆਂ ਨੂੰ ਜਨਮ ਦੇਣ ਲਈ ਜ਼ਿੰਮੇਵਾਰ ਸਾਡੀ ਸਮਾਜਿਕ ਪ੍ਰਣਾਲੀ ਵਿਚਲੀਆਂ ਨਾਬਰਾਬਰੀਆਂ ਬਾਰੇ ਖੋਜ ਨੇ ਮੈਨੂੰ ਇਸ ਕਹਾਣੀ ਵੱਲ ਖਿੱਚਿਆ। ਉਨ੍ਹਾਂ ਕਿਹਾ ਕਿ ਕਿਸੇ ਵਿਅਕਤੀ ਨੂੰ ਪਰਤ-ਦਰ-ਪਰਤ ਉਭਾਰਨਾ ਇੱਕ ਰੁਮਾਂਚਿਕ ਪ੍ਰਕਿਰਿਆ ਹੈ। ਇਸ ਤੋਂ ਇਲਾਵਾ ਦਿਲਚਸਪ ਗੱਲ ਇਹ ਵੀ ਸੀ ਕਿ ਦੋ ਭਾਰਤ ਆਹਮੋ-ਸਾਹਮਣੇ ਆ ਰਹੇ ਸਨ। ਇੱਕ ਉਹ ਭਾਰਤ ਜੋ ਆਪਣੇ ਪੁਰਾਣੇ ਵਿਸ਼ਵਾਸਾਂ ਨਾਲ ਸ਼ਹਿਰੀ ਸਲੱਮ ਵਿੱਚ ਰਹਿੰਦਾ ਹੈ ਅਤੇ ਦੂਜਾ ਪੜ੍ਹਿਆ-ਲਿਖਿਆ ਸ਼ਹਿਰੀ ਭਾਰਤ, ਜੋ ਅਗਾਂਹਵਧੂ ਸੋਚ ਰੱਖਦਾ ਹੈ।’’ ਫਿਲਮ ਵਿੱਚ ਕੋਂਕਨਾ ਸੇਨ ਸ਼ਰਮਾ ਅਤੇ ਅਰਜੁਨ ਰਾਮਪਾਲ ਵੀ ਅਹਿਮ ਭੂਮਿਕਾਵਾਂ ਨਿਭਾ ਰਹੇ ਹਨ। ਇਹ ਫਿਲਮ ਤਿੰਨ ਨਾਇਕਾਂ ਦਾ ਸਫਰ ਦਰਸਾਉਂਦੀ ਹੈ ਅਤੇ ਦੱਸਦੀ ਹੈ ਕਿ ਕਿਵੇਂ ਇੱਕ ਭਿਆਨਕ ਹਾਦਸਾ ਉਨ੍ਹਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦਾ ਹੈ। ਫਿਲਮ ਦਾ ਨਿਰਮਾਣ ਐਪਲੌਜ਼ ਐਂਟਰਟੇਨਮੈਂਟ ਨੇ ਕੀਤਾ ਹੈ। ਬੁਸਾਨ ਕੌਮਾਂਤਰੀ ਫਿਲਮ ਫੈਸਟੀਵਲ 6 ਤੋਂ 15 ਤੱਕ ਹੋ ਰਿਹਾ ਹੈ। -ਆਈਏਐੱਨਐੱਸ