ਮੁੰਬਈ: ਬੌਲੀਵੁੱਡ ਅਦਾਕਾਰ ਅਮਿਤਾਭ ਬੱਚਨ ਨੇ ਪਤਨੀ ਜਯਾ ਬੱਚਨ ਨਾਲ 49 ਸਾਲ ਪਹਿਲਾਂ ਰਿਲੀਜ਼ ਹੋਈ ਫਿਲਮ ‘ਬੰਸੀ ਬਿਰਜੂ’ ਦੀ ਯਾਦ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ। ਪ੍ਰਕਾਸ਼ ਵਰਮਾ ਦੇ ਨਿਰਦੇਸ਼ਨ ਹੇਠ 1972 ਵਿੱਚ ਬਣੀ ਇਸ ਫਿਲਮ ਵਿੱਚ ਅਮਿਤਾਭ ਬੱਚਨ ਅਤੇ ਜਯਾ ਬੱਚਨ ਦੀ ਜੋੜੀ ਪਹਿਲੀ ਵਾਰ ਨਜ਼ਰ ਆਈ ਸੀ। 78 ਸਾਲਾ ਅਦਾਕਾਰ ਨੇ ਫਿਲਮ ਦੀ ਇੱਕ ਤਸਵੀਰ ਇੰਟਾਗ੍ਰਾਮ ’ਤੇ ਸਾਂਝੀ ਕਰਦਿਆਂ ਲਿਖਿਆ, ‘‘ਸਾਡੀ ਇਕੱਠਿਆਂ ਦੀ ਪਹਿਲੀ ਫਿਲਮ…‘ਬੰਸੀ ਔਰ ਬਿਰਜੂ’ 49 ਸਾਲ ਪਹਿਲਾਂ ਪਹਿਲੀ ਸਤੰਬਰ ਨੂੰ ਰਿਲੀਜ਼ ਹੋਈ ਸੀ।’’ ਅਮਿਤਾਭ ਦੀ ਧੀ ਤੇ ਲੇਖਿਕਾ ਸ਼ਵੇਤਾ ਬੱਚਨ ਨੰਦਾ ਨੇ ਇਸ ’ਤੇ ਟਿੱਪਣੀ ਕਰਦਿਆਂ ਲਿਖਿਆ, ‘‘ਦੋਹਾਂ ਨੂੰ ਪਿਆਰ।’’ ‘ਬੰਸੀ ਬਿਰਜੂ’ ਵਿੱਚ ਕੰਮ ਕਰਨ ਤੋਂ ਬਾਅਦ 1973 ਵਿੱਚ ਅਮਿਤਾਭ ਤੇ ਜਯਾ ਦਾ ਵਿਆਹ ਹੋ ਗਿਆ ਅਤੇ ਇਸ ਮਗਰੋਂ ਉਨ੍ਹਾਂ ‘ਜ਼ੰਜੀਰ’, ‘ਅਭਿਮਾਨ’, ‘ਮਿਲੀ’, ‘ਚੁਪਕੇ ਚੁਪਕੇ’, ਸ਼ੋਅਲੇ’ ਅਤੇ ‘ਸਿਲਸਿਲੇ’ ਵਰਗੀਆਂ ਹਿੱਟ ਫਿਲਮਾਂ ’ਚ ਕੰਮ ਕੀਤਾ। ਦੋਹਾਂ ਨੇ ਆਖਰੀ ਵਾਰ ਇਕੱਠਿਆਂ ਕਰਨ ਜੌਹਰ ਦੇ ਨਿਰਦੇਸ਼ਨ ਹੇਠ 2001 ਵਿੱਚ ਬਣੀ ਫਿਲਮ ‘ਕਭੀ ਖੁਸ਼ੀ ਕਭੀ ਗਮ’ ਵਿੱਚ ਕੰਮ ਕੀਤਾ ਸੀ। ਇਸ ਪਿੱਛੋਂ 2016 ਵਿੱਚ ਉਹ ਆਰ ਬਾਲਕੀ ਦੀ 2016 ਵਿੱਚ ਆਈ ਫਿਲਮ ‘ਕੀ ਐਂਡ ਕਾ’ ਵਿੱਚ ਵੀ ਵਿਸ਼ੇਸ਼ ਭੂਮਿਕਾ ਵਿੱਚ ਨਜ਼ਰ ਆਏ ਸਨ। ਜਯਾ ਬੱਚਨ (73) ਹੁਣ ਕਰਨ ਜੌਹਰ ਦੇ ਨਿਰਦੇਸ਼ਨ ਹੇਠ ਬਣ ਰਹੀ ਫਿਲਮ ‘ਰੌਕੀ ਔਰ ਰਾਨੀ ਕੀ ਪ੍ਰੇਮ ਕਹਾਨੀ’ ’ਚ ਨਜ਼ਰ ਆਏਗੀ ਜਿਸ ’ਚ ਆਲੀਆ ਭੱਟ ਤੇ ਰਣਵੀਰ ਸਿੰਘ ਵੀ ਹਨ। ਅਮਿਤਾਭ ਦੀ ਹਾਲ ਹੀ ਵਿੱਚ ਨਵੀਂ ਫਿਲਮ ‘ਚਿਹਰੇ’ ਰਿਲੀਜ਼ ਹੋਈ ਹੈ। ਆਉਂਦੇ ਸਮੇਂ ਵਿੱਚ ਉਹ ‘ਗੁੱਡ ਬਾਏ’, ਰਣਬੀਰ ਕਪੂਰ ਅਤੇ ਆਲੀਆ ਭੱਟ ਨਾਲ ‘ਬ੍ਰਹਮਾਸਤਰ’ ਅਤੇ ਅਜੈ ਦੇਵਗਨ ਵੱਲੋਂ ਨਿਰਦੇਸ਼ਿਤ ‘ਮੇਅਡੇਅ’ ਵਿੱਚ ਨਜ਼ਰ ਆਉਣਗੇ। -ਪੀਟੀਆਈ