ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 16 ਜੂਨ
ਕੇਂਦਰੀ ਟਰੇਡ ਯੂਨੀਅਨਾਂ ਦੇ ਸਾਂਝੇ ਮੰਚ ਅਤੇ ਲੱਖਾਂ ਮਜ਼ਦੂਰਾਂ ਵਾਲੀਆਂ ਟਰੇਡ ਯੂਨੀਅਨਾਂ ਵੱਲੋਂ ਕਿਸਾਨ ਅੰਦੋਲਨ ਦੇ ਅਗਲੇ ਪੜਾਅ 26 ਜੂਨ ਦੇ ‘ਖੇਤੀ ਬਚਾਓ-ਲੋਕਤੰਤਰ ਬਚਾਓ’ ਨੂੰ ਭਰਵਾਂ ਸਮਰਥਨ ਦੇਣ ਦੇ ਭਰੋਸੇ ਨਾਲ ਕਿਸਾਨਾਂ ਦੇ ਹੌਸਲੇ ਬੁਲੰਦ ਹਨ।
ਕਿਸਾਨ ਆਗੂ ਡਾ. ਦਰਸ਼ਨਪਾਲ ਨੇ ਕਿਹਾ ਕਿ ਦੇਸ਼ ਦੀਆਂ ਲੱਖਾਂ ਮਜ਼ਦੂਰਾਂ ਦੀ ਨੁਮਾਇੰਦਗੀ ਕਰਦੀਆਂ ਟਰੇਡ ਯੂਨੀਅਨਾਂ ਕਿਸਾਨ ਮੋਰਚੇ ਦੀਆਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੇ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਦੀਆਂ ਮੰਗਾਂ ਦਾ ਸਮਰਥਨ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਕਿਸਾਨਾਂ ਦੇ ਨਾਲ-ਨਾਲ ਮਜ਼ਦੂਰ ਵਰਗ ਸਮੇਤ ਦੁਕਾਨਦਾਰਾਂ ਲਈ ਬਹੁਤ ਘਾਤਕ ਹਨ। ਇਸੇ ਕਰਕੇ ਮਜ਼ਦੂਰ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਦੀ ਕਾਰਪੋਰੇਟ ਨੀਤੀ ਦੀ ਖ਼ਿਲਾਫ਼ਤ ਕਰਦਿਆਂ 26 ਜੂਨ ਦੇ ‘ਖੇਤੀ ਬਚਾਓ-ਲੋਕਤੰਤਰ ਬਚਾਓ’ ਨੂੰ ਭਰਵਾਂ ਸਮਰਥਨ ਦੇਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਟਰੇਡ ਯੂਨੀਅਨਾਂ ਦੀਆਂ ਚਾਰੋਂ ਲੇਬਰ ਕੋਡ ਰੱਦ ਕਰਨ, ਜਨਤਕ ਤੇ ਹੋਰ ਖੇਤਰਾਂ ਦੇ ਅੰਨ੍ਹੇਵਾਹ ਨਿੱਜੀਕਰਨ ਨੂੰ ਰੋਕਣ ਵਰਗੀਆਂ ਅਹਿਮ ਮੰਗਾਂ ਬਾਰੇ ਸੰਯੁਕਤ ਕਿਸਾਨ ਮੋਰਚੇ ਦੀ ਟਰੇਡ ਯੂਨੀਅਨਾਂ ਨਾਲ ਸਾਂਝੀ ਬੈਠਕ ਛੇਤੀ ਹੋਵੇਗੀ। ਇਸ ਤੋਂ ਪਹਿਲਾਂ ਵੀ ਮਜ਼ਦੂਰਾਂ ਨੇ 26 ਮਈ ਦੇ ਧਰਨਿਆਂ ਦੌਰਾਨ ਮੋਰਚੇ ਦਾ ਸਾਥ ਦਿੱਤਾ ਸੀ।
ਉਧਰ ਕਿਸਾਨਾਂ ਵੱਲੋਂ ਦੇਸ਼ ’ਚ ਖੇਤੀਬਾੜੀ ਉਤਪਾਦਾਂ ਦੇ ਵਾਜਬ ਭਾਅ ਪ੍ਰਾਪਤ ਕਰਨ ਲਈ ਮੁਜ਼ਾਹਰਿਆਂ ਅਤੇ ਸੰਘਰਸ਼ਾਂ ਦਾ ਸਿਲਸਿਲਾ ਜਾਰੀ ਹੈ। ਤਿਲੰਗਾਨਾ ਵਿੱਚ ਜਵਾਰ ਦੇ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤੇ ਗਏ ਜਦਕਿ ਮਹਾਰਾਸ਼ਟਰ ਵਿੱਚ ਵੀ ਦੁੱਧ ਉਤਪਾਦਕਾਂ ਨੇ ਆਪਣੇ ਅੰਦੋਲਨ ਦਾ ਐਲਾਨ ਕੀਤਾ ਹੈ। ਇਸ ਦੌਰਾਨ ਅੱਜ ਵੀ ਵੱਖ-ਵੱਖ ਮੋਰਚਿਆਂ ਉਪਰ ਕਿਸਾਨਾਂ ਦੇ ਜਥੇ ਪੁੱਜੇ। ਬਹਾਦਰਗੜ੍ਹ ਰੇਲਵੇ ਸਟੇਸ਼ਨ ’ਤੇ ਔਰਤਾਂ ਦੇ ਜਥੇ ਦਾ ਸਵਾਗਤ ਕੀਤਾ ਗਿਆ। ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦਾ ਇੱਕ ਵਫ਼ਦ ਗਾਜ਼ੀਪੁਰ ਬਾਰਡਰ ਦੇ ਮੋਰਚੇ ’ਤੇ ਕਿਸਾਨ ਆਗੂ ਰਾਕੇਸ਼ ਟਿਕੈਤ ਨੂੰ ਮਿਲਿਆ ਤੇ ਉੱਤਰ ਪ੍ਰਦੇਸ਼-ਉੱਤਰਾਖੰਡ ਮਿਸ਼ਨ ਬਾਰੇ ਚਰਚਾ ਕੀਤੀ।