ਨਵੀਂ ਦਿੱਲੀ, 28 ਜੂਨ
ਸਰਕਾਰ ਨੇ ਨਵੇਂ ਹੇਠਲੇ ਟੈਕਸ ਪ੍ਰਬੰਧ ਤਹਿਤ ਮੁਲਾਜ਼ਮਾਂ ਨੂੰ ਰੁਜ਼ਗਾਰਦਾਤੇ ਕੋਲੋਂ ਮਿਲਦੇ ਸਫ਼ਰ ਭੱਤੇ ’ਤੇ ਆਮਦਨ ਕਰ ਛੋਟ ਲੈਣ ਦੀ ਖੁੱਲ੍ਹ ਦੇ ਦਿੱਤੀ ਹੈ। ਸਿੱਧੇ ਕਰਾਂ ਬਾਰੇ ਕੇਂਦਰੀ ਬੋਰਡ (ਸੀਬੀਡੀਟੀ) ਨੇ ਆਮਦਨ ਕਰ ਨੇਮਾਂ ’ਚ ਸਬੰਧਤ ਸੋਧਾਂ ਕਰ ਦਿੱਤੀਆਂ ਹਨ, ਜਿਸ ਨਾਲ ਹੁਣ ਮੁਲਾਜ਼ਮ ਕੁਝ ਛੋਟਾਂ ਦਾ ਲਾਹਾ ਲੈ ਸਕਣਗੇ। ਇਨ੍ਹਾਂ ਛੋਟਾਂ ਵਿੱਚ ਸਫ਼ਰ ਭੱਤਾ ਵੀ ਸ਼ਾਮਲ ਹੈ। ਨੇਤਰਹੀਣ, ਬੋਲੇ ਤੇ ਗੂੰਗੇ ਜਾਂ ਹੱਡੀਆਂ ਦੇ ਨੁਕਸ ਕਾਰਨ ਅਪਾਹਜ ਮੁਲਾਜ਼ਮ ਤਨਖਾਹ ਤੋਂ ਹੁੰਦੀ ਕਮਾਈ ਦਾ ਹਿਸਾਬ ਕਰਦਿਆਂ ਟਰਾਂਸਪੋਰਟ ਭੱਤੇ ਵਜੋਂ ਮਿਲਦੇ 3200 ਰੁਪਏ ਮਾਸਿਕ ’ਤੇ ਛੋਟ ਲੈ ਸਕਣਗੇ। ਵਿੱਤੀ ਮੰਤਰੀ ਨਿਰਮਲਾ ਸੀਤਾਰਾਮਨ 2020-21 ਦੇ ਸਾਲਾਨਾ ਬਜਟ ਵਿੱਚ ਆਮਦਨ ਕਰ ਦੇ ਐਕਟ 115ਬੀਏਸੀ ਤਹਿਤ ਨਵੇਂ ਬਦਲਵੇਂ ਟੈਕਸ ਪ੍ਰਬੰਧ ਦੀ ਤਜਵੀਜ਼ ਰੱਖੀ ਸੀ। -ਪੀਟੀਆਈ