ਨਵੀਂ ਦਿੱਲੀ, 9 ਜੂਨ
ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਅੱਜ ਕਿਹਾ ਕਿ ਸਰਕਾਰ ਦੀ ਨਵੀਂ ਕੌਮੀ ਸਿੱਖਿਆ ਨੀਤੀ (ਐੱਨਈਪੀ) ’ਚ ਖੋਜ ਕਾਰਜ, ਕਾਢਾਂ ਤੇ ਨੌਜਵਾਨਾਂ ਨੂੰ ਕਾਰੋਬਾਰ ਕਰਨ ਦੇ ਯੋਗ ਬਣਾਉਣ ਦੇ ਨਾਲ ਨਾਲ ਸਾਂਝ, ਬਹੁ-ਸੱਭਿਆਚਾਰਵਾਦ ਤੇ ਕੌਮਾਂਤਰੀਕਰਨ ਵੱਲ ਧਿਆਨ ਦਿੱਤਾ ਗਿਆ ਹੈ ਤਾਂ ਜੋ ਦੇਸ਼ ਦੀਆਂ ਹੋਰ ਯੂਨੀਵਰਸਿਟੀਆਂ ਦੀ ਆਲਮੀ ਰੈਂਕਿੰਗ ’ਚ ਥਾਂ ਹਾਸਲ ਕਰ ਸਕਣ। ਸਿੱਖਿਆ ਮੰਤਰੀ ਨੇ ਉਨ੍ਹਾਂ 41 ਭਾਰਤੀ ਯੂਨੀਵਰਸਿਟੀਆਂ ਨੂੰ ਵੀ ਵਧਾਈ ਦਿੱਤੀ ਜਿਨ੍ਹਾਂ ਕਿਊਐੱਸ ਵਿਸ਼ਵ ਯੂਨੀਵਰਸਿਟੀ ਦਰਜਾਬੰਦੀ ’ਚ ਥਾਂ ਹਾਸਲ ਕੀਤੀ ਹੈ। ਉਨ੍ਹਾਂ ਟਵੀਟ ਕੀਤਾ, ‘ਭਾਰਤ ਦੀਆਂ 41 ’ਵਰਸਿਟੀਆਂ ਨੇ ਕਿਊਐੱਸ ਵਿਸ਼ਵ ’ਵਰਸਿਟੀ ਦਰਜਾਬੰਦੀ-2023 ’ਚ ਥਾਂ ਹਾਸਲ ਕੀਤੀ ਹੈ। ਮੈਂ ਇਨ੍ਹਾਂ ਯੂਨੀਵਰਸਿਟੀਆਂ ਦੀ ਸ਼ਲਾਘਾ ਕਰਦਾ ਹਾਂ। ਆਈਆਈਐੱਸਸੀ ਬੰਗਲੌਰ, ਆਈਆਈਟੀ ਬੰਬੇ ਤੇ ਆਈਆਈਟੀ ਦਿੱਲੀ ਨੂੰ ਉਨ੍ਹਾਂ ਦੇ ਅਕਾਦਮਿਕ ਪ੍ਰਦਰਸ਼ਨ ਤੇ ਲਗਾਤਾਰ ਮੋਹਰੀ 200 ਸੰਸਥਾਵਾਂ ’ਚ ਬਣੇ ਰਹਿਣ ਲਈ ਵਧਾਈ।’ ਉਨ੍ਹਾਂ ਕਿਹਾ, ‘ਖੋਜ, ਨਵੀਆਂ ਕਾਢਾਂ ਤੇ ਨੌਜਵਾਨਾਂ ਨੂੰ ਕਾਰੋਬਾਰ ਕਰਨ ਦੇ ਯੋਗ ਬਣਾਉਣਾ, ਬਹੁ-ਸੱਭਿਆਚਾਰਵਾਦ ਤੇ ਕੌਮਾਂਤਰੀਕਰਨ ਐੱਨਈਪੀ 2020 ਦਾ ਹਿੱਸਾ ਹਨ ਤਾਂ ਜੋ ਦੇਸ਼ ਦੀਆਂ ਹੋਰ ’ਵਰਸਿਟੀਆਂ ਦੀ ਆਲਮੀ ਦਰਜਾਬੰਦੀ ਹਾਸਲ ਕਰ ਸਕਣ।’ -ਪੀਟੀਆਈ