ਨਵੀਂ ਦਿੱਲੀ, 28 ਅਗਸਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਵਿੱਚ ਕੁਪੋਸ਼ਣ ਦੇ ਟਾਕਰੇ ਅਤੇ ਪਾਣੀ ਦੀ ਸੰਭਾਲ ਦੇ ਪ੍ਰਚਾਰ ਪਾਸਾਰ ਲਈ ਸਮਾਜਿਕ ਜਾਗਰੂਕਤਾ ਦੀ ਅਹਿਮੀਅਤ ’ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇੰਟਰਨੈਟ ਕੁਨੈਕਟੀਵਿਟੀ ਦਾ ਘੇਰਾ ਵਧਣ ਨਾਲ ਦੂਰ-ਦੁਰਾਡੇ ਦੇ ਇਲਾਕਿਆਂ ਖਾਸ ਕਰਕੇ ਉੱਤਰ-ਪੂਰਬ ਵਿੱਚ ਨਵੀਂ ਸਵੇਰ ਆਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਵਾਲੇ ਇਸ ਮਹੀਨੇ ਵਿੱਚ ਦੇਸ਼ ਦੇ ਹਰ ਕੋਨੇ ਵਿੱਚ ‘ਅੰਮ੍ਰਿਤ ਧਾਰਾ’ ਵਹਿ ਰਹੀ ਸੀ। ਉਨ੍ਹ੍ਵਾਂ ‘ਆਜ਼ਾਦੀ ਦੇ ਅੰਮ੍ਰਿਤ ਮਹੋਤਸਵ’ ਤਹਿਤ ਲੋਕਾਂ ਵੱਲੋਂ ਆਜ਼ਾਦੀ ਦੀ ਵਰ੍ਹੇਗੰਢ ਨੂੰ ਨਿਵੇਕਲੇ ਢੰਗ ਤਰੀਕੇ ਨਾਲ ਮਨਾਉਣ ਦਾ ਜ਼ਿਕਰ ਕੀਤਾ। ਸ੍ਰੀ ਮੋਦੀ ਨੇ ਆਪਣੇ ਸੰਬੋਧਨ ਵਿੱਚ ਚੰਡੀਗੜ੍ਹ ਦੇ ਨੌਜਵਾਨਾਂ ਵੱਲੋਂ ਆਜ਼ਾਦੀ ਦਿਹਾੜੇ ਮੌਕੇ ਵਿਸ਼ਾਲ ਮਨੁੱਖੀ ਤਿਰੰਗਾ ਤੇ ਇੰਦੌਰ ਦੇ ਲੋਕਾਂ ਵੱਲੋਂ ਮਨੁੱਖੀ ਲੜੀ ਜ਼ਰੀਏ ਭਾਰਤ ਦਾ ਨਕਸ਼ਾ ਬਣਾਏ ਜਾਣ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ।
ਸ੍ਰੀ ਮੋਦੀ ਨੇ ਮਹੀਨਾਵਾਰ ਰੇਡੀਓ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਅਸੀਂ ਦੇਸ਼ ਦੀ ਇਕਜੁੱਟ ਤਾਕਤ ਨੂੰ ਵੇਖਿਆ ਹੈ। ਭਾਰਤ ਬਹੁਤ ਵੱਡਾ ਦੇਸ਼ ਹੈ ਤੇ ਇਸ ਵਿੱਚ ਵੰਨ-ਸੁਵੰਨਤਾਵਾਂ ਹਨ, ਪਰ ਜਦੋਂ ਤਿਰੰਗਾ ਫਹਿਰਾਉਣ ਦੀ ਗੱਲ ਆਉਂਦੀ ਹੈ ਤਾਂ ਸਾਰੇ ਇਕੋ ਜਿਹੇ ਜੋਸ਼ ਵਿੱਚ ਵਹਿੰਦੇ ਨਜ਼ਰ ਆਉਂਦੇ ਹਨ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਦਫ਼ਤਰ ਵਿੱਚ ਆਏ ਪੱਤਰਾਂ ਵਿੱਚੋਂ ਸ਼ਾਇਦ ਹੀ ਅਜਿਹਾ ਕੋਈ ਹੋਵੇ, ਜਿਸ ਵਿੱਚ ਕੌਮੀ ਤਿਰੰਗੇ ਜਾਂ ਆਜ਼ਾਦੀ ਦੇ ਅੰਦੋਲਨ ਦਾ ਜ਼ਿਕਰ ਨਹੀਂ ਸੀ। ਸ੍ਰੀ ਮੋਦੀ ਨੇ ਆਪਣੇ ਸੰਬੋਧਨ ਵਿੱਚ ਪੌਸ਼ਟਿਕ ਖੁਰਾਕ ਦੀ ਘਾਟ ਨਾਲ ਸਿੱਝਣ ਲਈ ਸਰਕਾਰੀ ਯਤਨਾਂ ਸਣੇ ਹੋਰ ਕਈ ਮੁੱਦਿਆਂ ਨੂੰ ਛੋਹਿਆ। ਉਨ੍ਹਾਂ ਕਿਹਾ ਕਿ ਇਸ ਲੜਾਈ ਵਿੱਚ ਸਮਾਜਿਕ ਜਾਗਰੂਕਤਾ ਅਹਿਮ ਹੈ। ਚੇਤੇ ਰਹੇ ਕਿ ਸਤੰਬਰ ਮਹੀਨੇ ਨੂੰ ਸੰਤੁਲਿਤ ਖੁਰਾਕ ਮਹੀਨੇ ਵਜੋਂ ਮਨਾਇਆ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਵੱਖ ਵੱਖ ਰਾਜਾਂ ਵੱਲੋਂ ਪੌਸ਼ਟਿਕ ਖੁਰਾਕ ਦੀ ਕਮੀ ਨਾਲ ਸਿੱਝਣ ਲਈ ਅਪਣਾਏ ਵੱਖੋ ਵੱਖਰੇ ਨਵੀਨਤਮ ਤਰੀਕਿਆਂ ’ਤੇ ਰੋਸ਼ਨੀ ਪਾਈ। ਸ੍ਰੀ ਮੋਦੀ ਨੇ ਦੇਸ਼ ਵਾਸੀਆਂ ਨੂੰ ਆਗਾਮੀ ਤਿਉਹਾਰਾਂ ਤੇ ਕੌਮੀ ਖੇਡ ਦਿਵਸ, ਜੋ 29 ਅਗਸਤ ਨੂੰ ਮਨਾਇਆ ਜਾਣਾ ਹੈ, ਦੀ ਵੀ ਵਧਾਈ ਦਿੱਤੀ। -ਪੀਟੀਆਈ