ਨਵੀਂ ਦਿੱਲੀ, 29 ਅਗਸਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਦੇਸ਼ ਵਿੱਚ ਇੱਕ ਸਟਾਰਟ-ਅੱਪ ਸੱੱਭਿਆਚਾਰ ਪੈਦਾ ਹੋ ਰਿਹਾ ਹੈ ਅਤੇ ਇਥੋਂ ਤੱਕ ਛੋਟੇ-ਛੋਟੇ ਸ਼ਹਿਰਾਂ ਦੇ ਨੌਜਵਾਨਾਂ ’ਚ ਇਸ ’ਚ ਰੁਚੀ ਦਿਖਾ ਰਹੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਭਾਰਤ ਦੇ ਰੌਸ਼ਨ ਭਵਿੱਖ ਦਾ ਇੱਕ ਸੰਕੇਤ ਹੈ।
ਪ੍ਰਧਾਨ ਮੰਤਰੀ ਨੇ ਰੇਡੀਓ ’ਤੇ ਪ੍ਰਸਾਰਿਤ ਆਪਣੇ ਮਹੀਨਾਵਾਰ ਪ੍ਰੋਗਰਾਮ ‘ਮਨ ਕੀ ਬਾਤ’ ਵਿੱਚ ਕਿਹਾ ਕਿ ਪੁਲਾੜ ਖੇਤਰ ’ਚ ਸੁਧਾਰਾਂ ਨੇ ਲੋਕਾਂ ਦੀ ਕਲਪਨਾ ਨੂੰ ਫੜ ਲਿਆ ਹੈ ਅਤੇ ਵਿਸ਼ਵਾਸ ਪ੍ਰਗਟਾਇਆ ਕਿ ਅਗਾਮੀ ਦਿਨਾਂ ’ਚ ਯੂਨੀਵਰਸਿਟੀਆਂ, ਲੈਬਾਰਟਰੀਆਂ ਅਤੇ ਹੋਰ ਸੈਕਟਰਾਂ ਦੇ ਨੌਜਵਾਨਾਂ ਵੱਲੋਂ ਵੱਡੀ ਗਿਣਤੀ ਸੈਟੇਲਾਈਟ ਵਿਕਸਿਤ ਕੀਤੇ ਜਾਣਗੇ। ਉਨ੍ਹਾਂ ਨੇ ਭਾਰਤ ਦੀ ਅਮੀਰ ਅਧਿਆਤਮਕ ਪਰੰਪਰਾ, ਖੇਡਾਂ ਨੂੰ ਉਤਸ਼ਾਹਿਤ ਕਰਨ ਮਗਰੋਂ ਟੋਕੀਓ ਓਲੰਪਿਕ ’ਚ ਪ੍ਰਾਪਤੀਆਂ ਬਾਰੇ ਗੱਲ ਕਰਨ ਤੋਂ ਇਲਾਵਾ ਮਹਾਨ ਹਾਕੀ ਖਿਡਾਰੀ ਧਿਆਨ ਚੰਦ (ਮਰਹੂਮ) ਨੂੰ ਉਨ੍ਹਾਂ ਦੇ ਜਨਮ ਦਿਨ ਮੌਕੇ ਯਾਦ ਵੀ ਕੀਤਾ। ਸ੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, ‘ਨੌਜਵਾਨ ਪੀੜੀ ਦਾ ਮਨ ਬਦਲ ਚੁੱਕਾ ਹੈ। ਉਹ ਹੁਣ ਨਵੀਆਂ ਉਮੀਦਾਂ ਅਤੇ ਨਵੇਂ ਰਸਤਿਆਂ ਨਾਲ ਨਵੀਆਂ ਮੰਜ਼ਿਲਾਂ ਤੇ ਨਵੇਂ ਟੀਚੇ ਹਾਸਲ ਕਰਨ ਲਈ ਉਤਸੁੁਕ ਹਨ।’ ਉਨ੍ਹਾਂ ਨੇ ਖੇਡ ਸੱਭਿਆਚਾਰ ਨੂੰ ਮਿਲੀ ਰਫ਼ਤਾਰ ਨੂੰ ਹੋਰ ਅੱਗੇ ਲਿਜਾਣ ’ਤੇ ਜ਼ੋਰ ਦਿੰਦਿਆਂ ਪਿੰਡ ਪੱਧਰ ’ਤੇ ਹੀ ਖੇਡ ਮੁਕਾਬਲੇ ਕਰਵਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ, ‘ਆਓ ਸਾਰੇ ਦੇਸ਼ਵਾਸੀ ਜਿੰਨਾ ਹੋ ਸਕੇ ਇਸ ਰਫ਼ਤਾਰ ਅੱਗੇ ਵਧਾਉਣ ਦਾ ਯਤਨ ਕਰੀਏ, ਆਪਣਾ ਯੋਗਦਾਨ ਪਾਈਏ। ਆਓ ਸਾਰੇ ਇਸ ‘ਸਭ ਦੀ ਕੋਸ਼ਿਸ਼’ ਦੇ ਮੰਤਰ ਨੂੰ ਹਕੀਕਤ ਵਿੱਚ ਬਦਲੀਏ।’
ਮੋਦੀ ਨੇ ਕਿਹਾ ਕਿ ਟੋਕੀਓ ਓਲੰਪਿਕ ਨੇ ਬਹੁਤ ਵੱਡਾ ਪ੍ਰਭਾਵ ਬਣਾਇਆ ਹੈ ਅਤੇ ਭਾਰਤ ਦੀਆਂ ਪ੍ਰਾਪਤੀਆਂ ਭਾਵੇਂ ਹੋਰ ਦੇਸ਼ਾਂ ਨਾਲ ਤੁਲਨਾ ਕਰਨ ਲਈ ਕਾਫ਼ੀ ਨਹੀਂ ਪਰ ਦੇਸ਼ ਦੇ ਲੋਕਾਂ ਦੇ ਵਿਸ਼ਵਾਸ ਨੂੰ ਹੁਲਾਰਾ ਦੇਣ ਲਈ ਕਾਫੀ ਹਨ। ਉਨ੍ਹਾਂ ਕਿਹਾ ਕਿ ਅੱਜ ਨੌਜਵਾਨ ਸਿਰਫ ਖੇਡਾਂ ਦੇਖਦੇ ਹੀ ਨਹੀਂ ਹਨ ਬਲਕਿ ਖੇਡਾਂ ਨਾਲ ਜੁੜਨ ਦੀ ਸੰਭਾਵਨਾਵਾਂ ਦੇਖ ਵੀ ਰਹੇ ਹਨ। ਇਸੇ ਤਰ੍ਹਾਂ ਨੌਜਵਾਨ ਰੂੜੀਵਾਦ ਨੂੰ ਛੱਡ ਕੇ ਨਵੇਂ ਮਾਪਦੰਡ ਅਪਣਾਉਣਾ ਚਾਹੁੰਦੇ ਹਨ। ਨੌਜਵਾਨ ਪਰਿਵਾਰਕ ਰਵਾਇਤਾਂ ’ਚੋਂ ਨਿਕਲ ਕੇ ਨਵੇਂ ਸਟਾਰਟ-ਅੱਪ ਸ਼ੁੁਰੂ ਕਰਨ ਜਾਂ ਕਿਸੇ ਨਾਲ ਜੁੜਨ ਦੀ ਇੱਛਾ ਪ੍ਰਗਟਾ ਰਹੇ ਹਨ ਅਤੇ ਖ਼ਤਰਾ ਮੁੱਲ ਲੈਣ ਲਈ ਤਿਆਰ ਹਨ। ਉਨ੍ਹਾਂ ਕਿਹਾ, ‘ਅੱਜ ਸਟਾਰਟ-ਅੱਪ ਸੱਭਿਆਚਾਰ ਛੋਟੇ ਸ਼ਹਿਰਾਂ ਵਿੱਚ ਵੀ ਵਧ ਰਿਹਾ ਹੈ ਅਤੇ ਮੈਂ ਇਸ ਨੂੰ ਭਾਰਤ ਦੇ ਰੌਸ਼ਨ ਭਵਿੱਖ ਦੇ ਸੰਕੇਤ ਵਜੋਂ ਦੇਖ ਰਿਹਾ ਹਾਂ। ਕੁਝ ਦਿਨ ਪਹਿਲਾਂ ਹੀ ਸਾਡੇ ਦੇਸ਼ ’ਚ ਖਿਡੌਣਿਆਂ ’ਤੇ ਚਰਚਾ ਹੋ ਰਹੀ ਸੀ। ਕੁਝ ਹੀ ਸਮੇਂ ’ਚ ਇਸ ਨੇ ਸਾਡੇ ਨੌਜਵਾਨਾਂ ਦਾ ਧਿਆਨ ਖਿੱਚਿਆ ਅਤੇ ਉਨ੍ਹਾਂ ਨੇ ਭਾਰਤੀ ਖਿਡੌਣਿਆਂ ਨੂੰ ਇੱਕ ਵੱਖਰੀ ਪਛਾਣ ਨਾਲ ਦੁਨੀਆ ’ਚ ਸਥਾਪਤ ਕਰਨ ਦੇ ਦਿਸ਼ਾ ’ਚ ਕੰਮ ਕਰਨ ਦਾ ਅਹਿਦ ਲਿਆ।’ ਉਨ੍ਹਾਂ ਕਿਹਾ ਕਿ ਔਸਤ ਦਰਜੇ ਨੂੰ ਸਵੀਕਾਰ ਕਰਨਾ ਲੋਕਾਂ ਦੀ ਮਾਨਸਿਕਤਾ ਬਣ ਗਈ ਸੀ ਪਰ ਹੁਣ ਨੌਜਵਾਨ ਆਪਣੇ ਦਿਮਾਗ ‘ਸਰਵੋਤਮ’ ਉੱਤੇ ਧਿਆਨ ਕੇਂਦਰਤ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਅੱਜ ਜਦੋਂ ਦੁਨੀਆ ਦੇ ਲੋਕ ਭਾਰਤੀ ਅਧਿਆਤਮ ਅਤੇ ਦਰਸ਼ਨ ਵੱਲ ਇੰਨਾ ਧਿਆਨ ਦੇ ਰਹੇ ਹਨ ਤਾਂ ਇਨ੍ਹਾਂ ਮਹਾਨ ਪਰੰਪਰਾਵਾਂ ਨੂੰ ਅੱਗੇ ਲਿਜਾਣਾ ਦੇਸ਼ ਦੀ ਜ਼ਿੰਮੇਵਾਰੀ ਹੈ। ਦੇਸ਼ਵਾਸੀਆਂ ਨੂੰ ਜਨਮ ਅਸ਼ਟਮੀ ਦੀ ਵਧਾਈ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ‘ਆਓ ਅਸੀਂ ਆਪਣੇ ਤਿਉਹਾਰ ਮਨਾਈਏ, ਉਸ ਦੀ ਵਿਗਿਆਨਿਕਤਾ ਨੂੰ ਸਮਝੀਏ, ਉਸ ਦੇ ਪਿੱਛੇ ਲੁਕੇ ਹੋਏ ਅਰਥਾਂ ਨੂੰ ਸਮਝੀਏ। ਇੰਨਾ ਹੀ ਨਹੀਂ ਹਰ ਤਿਉਹਾਰ ’ਚ ਕੋਈ ਨਾ ਕੋਈ ਸੁਨੇਹਾ ਹੈ, ਕੋਈ ਸੰਸਕਾਰ ਹੈ। -ਪੀਟੀਆਈ
ਕਰੋਨਾ ਤੋਂ ਸਾਵਧਾਨੀਆਂ ਜਾਰੀ ਰੱਖਣ ਦੀ ਅਪੀਲ
ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਕਰੋਨਾ ਲਾਗ ਤੋਂ ਬਚਾਅ ਲਈ ਸਾਵਧਾਨੀਆਂ ਅਪਣਾਉਣੀਆਂ ਜਾਰੀ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਦੇਸ਼ ’ਚ ਹੁਣ ਤੱਕ 62 ਕਰੋੜ ਤੋਂ ਵੱਧ ਲੋਕਾਂ ਨੂੰ ਕਰੋਨਾ ਵੈਕਸੀਨ ਲੱਗ ਚੁੱਕੀ ਹੈ ਪਰ ਹਾਲੇ ਵੀ ਸਾਵਧਾਨ ਰਹਿਣ ਦੀ ਲੋੜ ਹੈ।