ਨਵੀਂ ਦਿੱਲੀ: ਕੇਂਦਰੀ ਸਨਅਤੀ ਸੁਰੱਖਿਆ ਬਲ (ਸੀਆਈਐੱਸਐੱਫ) ਨੂੰ ਅੱਜ ਤੜਕੇ ਰੂਸ ਦੀ ਰਾਜਧਾਨੀ ਮਾਸਕੋ ਤੋਂ ਆ ਰਹੀ ਕੌਮਾਂਤਰੀ ਉਡਾਣ ਵਿੱਚ ਬੰਬ ਹੋਣ ਦੀ ਧਮਕੀ ਮਿਲਣ ਮਗਰੋਂ ਜਹਾਜ਼ ਹੰਗਾਮੀ ਹਾਲਤ ਵਿੱਚ ਦਿੱਲੀ ਹਵਾਈ ਅੱਡੇ ’ਤੇ ਉਤਾਰਿਆ ਗਿਆ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਸੀਆਈਐਸਐੱਫ ਨੂੰ ਇਸ ਉਡਾਣ ਵਿੱਚ ਬੰਬ ਹੋਣ ਸਬੰਧੀ ਈਮੇਲ ਆਈ ਸੀ। ਉਨ੍ਹਾਂ ਦੱਸਿਆ ਕਿ ਜਹਾਜ਼ ਸਵੇਰੇ 3-4 ਵਜੇ ਦੇ ਕਰੀਬ ਦਿੱਲੀ ਕੌਮਾਂਤਰੀ ਹਵਾਈ ਅੱਡੇ ’ਤੇ ਉਤਾਰਿਆ ਗਿਆ, ਜਿਸ ਤੋਂ ਤੁਰੰਤ ਬਾਅਦ 386 ਯਾਤਰੀਆਂ ਅਤੇ 14 ਚਾਲਕ ਦਲ ਦੇ ਮੈਂਬਰਾਂ ਨੂੰ ਬਾਹਰ ਕੱਢਿਆ ਗਿਆ। ਅਧਿਕਾਰੀ ਮੁਤਾਬਕ ਜਹਾਜ਼ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ ਹੈ ਤੇ ਹਾਲੇ ਕੁਝ ਵੀ ਸ਼ੱਕੀ ਨਹੀਂ ਮਿਲਿਆ। -ਪੀਟੀਆਈ