ਭੁਬਨੇਸ਼ਵਰ, 13 ਮਾਰਚ
ਇੱਕ ਯਾਤਰੀ ਦੇ ਬਿਮਾਰ ਹੋਣ ਕਾਰਨ ਬੰਗਲੁਰੂ ਤੋਂ ਕੋਲਕਾਤਾ ਜਾ ਰਹੇ ਏਅਰ ਏਸ਼ੀਆ ਦੇ ਜਹਾਜ਼ ਨੂੰ ਅੱਜ ਇੱਥੇ ਬੀਜੂ ਪਟਨਾਇਕ ਕੌਮਾਂਤਰੀ ਹਵਾਈ ਅੱਡੇ (ਬੀਪੀਆਈਏ) ’ਤੇ ਹੰਗਾਮੀ ਹਾਲਤ ਵਿੱਚ ਉਤਾਰਨਾ ਪਿਆ। ਇਹ ਜਾਣਕਾਰੀ ਏਅਰਪੋਰਟਸ ਅਥਾਰਟੀ ਆਫ਼ ਇੰਡੀਆ ਦੇ ਇੱਕ ਅਧਿਕਾਰੀ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਜਹਾਜ਼ ਜਦੋਂ ਆਸਮਾਨ ਵਿੱਚ ਸੀ ਤਾਂ ਇੱਕ ਯਾਤਰੀ ਅਚਾਨਕ ਬਿਮਾਰ ਹੋ ਗਿਆ। ਪੱਛਮੀ ਬੰਗਾਲ ਦੇ ਮੇਦਨੀਪੁਰ ਦੇ ਵਸਨੀਕ ਇਸ ਯਾਤਰੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਅਧਿਕਾਰੀਆਂ ਦੱਸਿਆ ਕਿ 28 ਸਾਲ ਦਾ ਯਾਤਰੀ ਹਬੀਬੁਰ ਖ਼ਾਨ ਏਅਰ ਏਸ਼ੀਆ ਦੀ ਉਡਾਣ 2472 ਰਾਹੀਂ ਯਾਤਰਾ ਕਰ ਰਿਹਾ ਸੀ। ਉਸ ਦੇ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ। -ਪੀਟੀਆਈ