ਨਾਗਪੁਰ, 17 ਅਗਸਤ
ਬੰਗਲਾਦੇਸ਼ ਏਅਰਲਾਈਨਜ਼ ਦੇ ਪਾਇਲਟ ਨੂੰ ਜਹਾਜ਼ ਉਡਾਉਂਦੇ ਸਮੇਂ ਦਿਲ ਦਾ ਦੌਰਾ ਪੈ ਗਿਆ ਜਿਸ ਕਾਰਨ ਜਹਾਜ਼ ਨੂੰ ਹੰਗਾਮੀ ਹਾਲਤ ਵਿੱਚ ਨਾਗਪੁਰ ਦੇ ਹਵਾਈ ਅੱਡੇ ’ਤੇ ਉਤਾਰਨਾ ਪਿਆ ਹੈ। ਇਥੇ ਹਵਾਈ ਅੱਡੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਜਹਾਜ਼ ਮਸਕਟ ਤੋਂ ਢਾਕਾ ਆ ਰਿਹਾ ਸੀ। ਇਸ ਬੋਇੰਗ ਜਹਾਜ਼ ਵਿੱਚ 126 ਵਿਅਕਤੀ ਸਵਾਰ ਸਨ। ਜਹਾਜ਼ ਨੇ ਨਾਗਪੁਰ ਦੇ ਹਵਾਈ ਅੱਡੇ ’ਤੇ ਸਵੇਰੇ 11.40 ’ਤੇ ਐਮਰਜੈਂਸੀ ਲੈਂਡਿੰਗ ਕੀਤੀ। ਪਾਇਲਟ ਨੂੰ ਸਥਾਨਕ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਹ ਜਹਾਜ਼ ਰਾਇਪੁਰ ਉਪਰ ਉੱਡ ਰਿਹਾ ਤੇ ਕੋਲਕਾਤਾ ਏਅਰ ਟਰੈਫਿਕ ਨੂੰ ਐਮਰਜੈਂਸੀ ਲੈਂਡਿੰਗ ਬਾਰੇ ਸੂਚਿਤ ਕੀਤਾ ਗਿਆ। ਕੋਲਕਾਤਾ ਏਅਰ ਟਰੈਫਿਕ ਕੰਟਰੋਲਰ ਨੇ ਹਵਾਈ ਜਹਾਜ਼ ਨੂੰ ਨੇੜਲੇ ਹਵਾਈ ਅੱਡੇ ਨਾਗਪੁਰ ਵਿੱਚ ਉਤਰਨ ਦੀ ਹਦਾਇਤ ਦਿੱਤੀ। -ਪੀਟੀਆਈ