ਮਿਊਨਿਖ, 26 ਜੂਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1975 ਵਿੱਚ ਲਾਈ ਐਮਰਜੈਂਸੀ ਨੂੰ ਭਾਰਤੀ ਜਮਹੂਰੀਅਤ ਦੇ ਸ਼ਾਨਾਮੱਤੇ ਇਤਿਹਾਸ ’ਤੇ ‘ਕਾਲਾ ਧੱਬਾ’ ਕਰਾਰ ਦਿੱਤਾ ਹੈ। ਸ੍ਰੀ ਮੋਦੀ ਨੇ ਕਿਹਾ ਕਿ ਜਮਹੂਰੀਅਤ, ਜੋ ਹਰੇਕ ਭਾਰਤੀ ਦੇ ਡੀਐੱਨਏ ਵਿੱਚ ਹੈ, ਨੂੰ 47 ਸਾਲ ਪਹਿਲਾਂ ਮਧੋਲਿਆ ਤੇ ਕੁਚਲਿਆ ਗਿਆ, ਪਰ ਲੋਕਾਂ ਨੇ ਇਨ੍ਹਾਂ ਸਾਰੀਆਂ ਸਾਜ਼ਿਸ਼ਾਂ ਦਾ ਜਵਾਬ ਜਮਹੂਰੀ ਤਰੀਕੇ ਨਾਲ ਦਿੱਤਾ। ਜੀ-7 ਸਿਖਰ ਵਾਰਤਾ ਵਿੱਚ ਸ਼ਮੂਲੀਅਤ ਲਈ ਜਰਮਨੀ ਪੁੱਜੇ ਪ੍ਰਧਾਨ ਮੰਤਰੀ ਮੋਦੀ ਭਾਰਤੀ ਪਰਵਾਸੀ ਭਾਈਚਾਰੇ ਦੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ।
ਮੁੱਖ ਵਿਰੋਧੀ ਧਿਰ ਕਾਂਗਰਸ ਨੂੰ ਨਿਸ਼ਾਨਾ ਬਣਾਉਂਦਿਆਂ ਸ੍ਰੀ ਮੋਦੀ ਨੇ ਔਡੀ ਡੋਮ ਸਟੇਡੀਅਮ ਵਿੱਚ 30 ਮਿੰਟ ਤੋਂ ਵੱਧ ਦੀ ਆਪਣੀ ਤਕਰੀਰ ਦੌਰਾਨ ਕਿਹਾ, ‘‘ਅੱਜ 26 ਜੂਨ ਹੈ, ਜਿਸ ਨੂੰ 47 ਸਾਲ ਪਹਿਲਾਂ ਭਾਰਤੀ ਜਮਹੂਰੀਅਤ ਨੂੰ ਮਿੱਧਣ ਤੇ ਕੁਚਲਣ ਦੇ ਦਿਨ ਵਜੋਂ ਵੀ ਯਾਦ ਕੀਤਾ ਜਾਂਦਾ ਹੈ। ਜਮਹੂਰੀਅਤ ਹਰੇਕ ਭਾਰਤੀ ਦੇ ਡੀਐੱਨਏ ਵਿੱਚ ਹੈ। ਐਮਰਜੈਂਸੀ ਭਾਰਤੀ ਜਮਹੂਰੀਅਤ ਦੇ ਸ਼ਾਨਾਂਮੱਤੇ ਇਤਿਹਾਸ ’ਤੇ ਕਾਲਾ ਧੱਬਾ ਹੈ।’’ ਪ੍ਰਧਾਨ ਮੰਤਰੀ ਨੇ ਕਿਹਾ, ‘‘ਜਮਹੂਰੀਅਤ ਨੂੰ ਮਧੋਲਣ ਦੀ ਹਰ ਸਾਜ਼ਿਸ਼ ਦਾ ਭਾਰਤ ਦੇ ਲੋਕਾਂ ਨੇ ਜਮਹੂਰੀ ਤਰੀਕੇ ਨਾਲ ਜਵਾਬ ਦਿੱਤਾ ਹੈ। ਅਸੀਂ ਭਾਰਤੀ ਜਿੱਥੇ ਕਿਤੇ ਵੀ ਹੋਈਏ, ਆਪਣੀ ਜਮਹੂਰੀਅਤ ’ਤੇ ਮਾਣ ਕਰਦੇ ਹਾਂ।’’ ਸ੍ਰੀ ਮੋਦੀ ਨੇ ਕਿਹਾ, ‘‘ਅੱਜ ਅਸੀਂ ਮਾਣ ਨਾਲ ਕਹਿ ਸਕਦੇ ਹਾਂ ਕਿ ਭਾਰਤ ਜਮਹੂਰੀਅਤ ਦੀ ਮਾਂ ਹੈ….ਸਭਿਆਚਾਰ, ਖੁਰਾਕ, ਕੱਪੜੇ, ਸੰਗੀਤ ਤੇ ਰਵਾਇਤਾਂ ਵਿਚਲੀ ਵੰਨ-ਸੁਵੰਨਤਾ ਸਾਡੀ ਜਮਹੂਰੀਅਤ ਨੂੰ ਹੋਰ ਅਮੀਰ ਬਣਾਉਂਦੀ ਹੈ। ਭਾਰਤ ਨੇ ਵਿਖਾਇਆ ਹੈ ਕਿ ਜਮਹੂਰੀਅਤ ਆਪਣਾ ਫ਼ਰਜ਼ ਨਿਭਾ ਸਕਦੀ ਹੈ ਤੇ ਨਿਭਾਇਆ ਵੀ ਹੈ।’’ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ 25 ਜੂਨ 1975 ਨੂੰ ਐਮਰਜੈਂਸੀ ਲਾਉਣ ਦਾ ਐਲਾਨ ਕੀਤਾ ਸੀ ਤੇ 21 ਮਾਰਚ 1977 ਨੂੰ ਐਮਰਜੈਂਸੀ ਹਟਾਈ ਗਈ ਸੀ। -ਪੀਟੀਆਈ
ਮਨ ਕੀ ਬਾਤ: ਐਮਰਜੈਂਸੀ ਦੌਰਾਨ ਲੋਕਤੰਤਰ ਨੂੰ ਕੁਚਲਣ ਦੀਆਂ ਕੋਸ਼ਿਸ਼ਾਂ ਹੋਈਆਂ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਦੇਸ਼ ਵਿਚ 1975 ਵਿਚ ਲਗਾਈ ਗਈ ਐਮਰਜੈਂਸੀ ਦੌਰਾਨ ਲੋਕਤੰਤਰ ਨੂੰ ਕੁਚਲਣ ਦੀਆਂ ਕੋਸ਼ਿਸ਼ ਕੀਤੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਦੁਨੀਆ ਵਿੱਚ ਅਜਿਹੀ ਕੋਈ ਹੋਰ ਮਿਸਾਲ ਲੱਭਣੀ ਔਖੀ ਹੈ ਜਿੱਥੇ ਲੋਕਾਂ ਨੇ ਜਮਹੂਰੀ ਤਰੀਕਿਆਂ ਰਾਹੀਂ ‘ਤਾਨਾਸ਼ਾਹੀ ਮਾਨਸਿਕਤਾ’ ਨੂੰ ਮਾਤ ਦਿੱਤੀ ਹੋਵੇ। ਰੇਡੀਓ ’ਤੇ ਪ੍ਰਸਾਰਿਤ ਆਪਣੇ ‘ਮਨ ਕੀ ਬਾਤ’ ਪ੍ਰੋਗਰਾਮ ਵਿੱਚ ਸ੍ਰੀ ਮੋਦੀ ਨੇ ਪੁਲਾੜ ਖੇਤਰ ’ਚ ਦੇਸ਼ ਵੱਲੋਂ ਪੁੱਟੀਆਂ ਗਈਆਂ ਪੁਲਾਂਘਾਂ ਦੀ ਵੀ ਸ਼ਲਾਘਾ ਕੀਤੀ। ਐਮਰਜੈਂਸੀ ਦੀ 47ਵੀਂ ਵਰ੍ਹੇਗੰਢ ਦੇ ਇਕ ਦਿਨ ਬਾਅਦ ਉਨ੍ਹਾਂ ਐਮਰਜੈਂਸੀ ਦੇ ਦਿਨਾਂ ਨੂੰ ਯਾਦ ਕੀਤਾ ਅਤੇ ਕਿਹਾ ਕਿ ਉਸ ਸਮੇਂ ਦੌਰਾਨ ਸਾਰੇ ਅਧਿਕਾਰ ਖੋਹ ਲਏ ਗਏ ਸਨ ਅਤੇ ਨਿਆਂਪਾਲਿਕਾ ਤੇ ਮੀਡੀਆ ਸਣੇ ਸਾਰੇ ਅਦਾਰਿਆਂ ’ਤੇ ਕੰਟਰੋਲ ਕਰ ਲਿਆ ਗਿਆ ਸੀ। ਜ਼ਿਕਰਯੋਗ ਹੈ ਕਿ ਇੰਦਰਾ ਗਾਂਧੀ ਦੀ ਅਗਵਾਈ ਹੇਠਲੀ ਤਤਕਾਲੀ ਸਰਕਾਰ ਵੱਲੋਂ 25 ਜੂਨ, 1975 ਨੂੰ ਦੇਸ਼ ਵਿੱਚ ਐਮਰਜੈਂਸੀ ਲਾਉਣ ਦਾ ਐਲਾਨ ਕੀਤਾ ਗਿਆ ਸੀ ਅਤੇ ਇਹ 21 ਮਾਰਚ, 1977 ਨੂੰ ਹਟਾ ਲਈ ਗਈ ਸੀ। ਸ੍ਰੀ ਮੋਦੀ ਨੇ ਕਿਹਾ ਕਿ ਸੈਂਸਰਸ਼ਿਪ ਅਜਿਹੀ ਸਖ਼ਤ ਸੀ ਕਿ ਬਿਨਾਂ ਪ੍ਰਵਾਨਗੀ ਦੇ ਕੁਝ ਵੀ ਪ੍ਰਕਾਸ਼ਿਤ ਨਹੀਂ ਕੀਤਾ ਜਾ ਸਕਦਾ ਸੀ। ‘ਮੈਨੂੰ ਚੇਤੇ ਹੈ ਜਦੋਂ ਮਸ਼ਹੂਰ ਗਾਇਕ ਕਿਸ਼ੋਰ ਕੁਮਾਰ ਨੇ ਸਰਕਾਰ ਦੇ ਸੋਹਲੇ ਗਾਉਣ ਤੋਂ ਇਨਕਾਰ ਕਰ ਦਿੱਤਾ ਸੀ ਤਾਂ ਉਨ੍ਹਾਂ ਦੇ ਗਾਣਿਆਂ ਅਤੇ ਰੇਡੀਓ ਉਪਰ ਪ੍ਰੋਗਰਾਮਾਂ ’ਤੇ ਪਾਬੰਦੀ ਲਗਾ ਦਿੱਤੀ ਗਈ ਸੀ।’ ਉਨ੍ਹਾਂ ਕਿਹਾ ਕਿ ਹਜ਼ਾਰਾਂ ਲੋਕਾਂ ਨੂੰ ਗ੍ਰਿਫ਼ਤਾਰ ਅਤੇ ਲੱਖਾਂ ਉਪਰ ਤਸ਼ੱਦਦ ਕਰਨ ਦੀਆਂ ਕਈ ਕੋਸ਼ਿਸ਼ਾਂ ਦੇ ਬਾਵਜੂਦ ਲੋਕਤੰਤਰ ’ਚ ਭਾਰਤੀਆਂ ਦਾ ਵਿਸ਼ਵਾਸ ਨਹੀਂ ਡੋਲਿਆ। ‘ਐਮਰਜੈਂਸੀ ਦੌਰਾਨ ਦੇਸ਼ ਵਾਸੀਆਂ ਦੇ ਸੰਘਰਸ਼ ਦਾ ਮੈਂ ਵੀ ਗਵਾਹ ਰਿਹਾ ਹਾਂ। ਅੱਜ ਜਦੋਂ ਦੇਸ਼ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਿਹਾ ਹੈ ਤਾਂ ਸਾਨੂੰ ਐਮਰਜੈਂਸੀ ਦੇ ਕਾਲੇ ਦੌਰ ਨੂੰ ਨਹੀਂ ਭੁੱਲਣਾ ਚਾਹੀਦਾ ਹੈ।’ ਸ੍ਰੀ ਮੋਦੀ ਨੇ ਪੁਲਾੜ ਸੈਕਟਰ ਨਾਲ ਸਬੰਧਤ ਚੱਲ ਰਹੇ ਕੰਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਨਾਲ ਸਬੰਧਤ ਸਟਾਰਟ-ਅੱਪਸ ਦੀ ਗਿਣਤੀ ਸੌ ਤੋਂ ਜ਼ਿਆਦਾ ਹੋ ਗਈ ਹੈ। ਅਗਨੀਕੁਲ ਅਤੇ ਸਕਾਈਰੂਟ ਜਿਹੀਆਂ ਕੰਪਨੀਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਛੋਟੇ ਰਾਕੇਟ, ਪੁਲਾੜ ’ਚ ਲਿਜਾਣ ਦੇ ਸਮਰੱਥ ਹੋਣਗੀਆਂ। -ਪੀਟੀਆਈ