ਮੁੰਬਈ: ਦਿੱਲੀ ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫੈਸਰ ਤੇ ਐਲਗਾਰ ਪਰਿਸ਼ਦ ਕੇਸ ਦੇ ਮੁਲਜ਼ਮ ਹਨੀ ਬਾਬੂ ਵੱਲੋਂ ਦਾਇਰ ਜ਼ਮਾਨਤ ਅਰਜ਼ੀ ’ਤੇ ਜਵਾਬ ਦੇਣ ਲਈ ਬੰਬੇ ਹਾਈ ਕੋਰਟ ਨੇ ਕੌਮੀ ਜਾਂਚ ਏਜੰਸੀ ਨੂੰ ਹਫ਼ਤੇ ਦਾ ਸਮਾਂ ਦਿੱਤਾ ਹੈ। ਹਾਈ ਕੋਰਟ ਦੇ ਬੈਂਚ ਨੇ ਕਿਹਾ ਕਿ ਐਨਆਈਏ ਨੂੰ 8 ਜੁਲਾਈ ਤੱਕ ਦਾ ਸਮਾਂ ਦਿੱਤਾ ਜਾ ਰਿਹਾ ਹੈ ਤੇ ਜਵਾਬ ਦਾਖਲ ਕਰਨ ਦਾ ‘ਆਖ਼ਰੀ ਮੌਕਾ’ ਹੈ। ਜ਼ਿਕਰਯੋਗ ਹੈ ਕਿ 8 ਜੂਨ ਨੂੰ ਐਨਆਈਏ ਨੇ ਹਾਈ ਕੋਰਟ ਦੇ ਇਕ ਹੋਰ ਬੈਂਚ ਤੋਂ ਬਾਬੂ ਦੀ ਅਰਜ਼ੀ ਦਾ ਜਵਾਬ ਦੇਣ ਲਈ ਦੋ ਹਫ਼ਤਿਆਂ ਦਾ ਸਮਾਂ ਮੰਗਿਆ ਸੀ। ਏਜੰਸੀ ਦੇ ਵਕੀਲ ਨੇ ਅੱਜ ਬੈਂਚ ਨੂੰ ਦੱਸਿਆ ਕਿ ਜਵਾਬ ‘ਤਿਆਰ’ ਹੈ ਪਰ ਹਾਲੇ ਹਾਈ ਕੋਰਟ ’ਚ ਦਾਖਲ ਨਹੀਂ ਕੀਤਾ ਜਾ ਸਕਿਆ ਕਿਉਂਕਿ ਇਸ ਨੂੰ ਦਿੱਲੀ ਮਨਜ਼ੂਰੀ ਲਈ ਭੇਜਿਆ ਗਿਆ ਹੈ। -ਪੀਟੀਆਈ