ਮੁੰਬਈ: ਕੌਮੀ ਜਾਂਚ ਏਜੰਸੀ (ਐੱਨਆਈਏ) ਦੀ ਇੱਥੋਂ ਦੀ ਵਿਸ਼ੇਸ਼ ਅਦਾਲਤ ਨੇ ਐਲਗਾਰ ਪਰਿਸ਼ਦ-ਮਾਓਵਾਦੀ ਸਬੰਧਾਂ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਸਿੱਖਿਆ ਸ਼ਾਸਤਰੀ ਸ਼ੋਮਾ ਸੇਨ ਅਤੇ ਚਾਰ ਹੋਰ ਮੁਲਜ਼ਮਾਂ ਨੂੰ ਅੱਜ ਜ਼ਮਾਨਤ ਦੇਣ ਤੋਂ ਨਾਂਹ ਕਰ ਦਿੱਤੀ। ਐੱਨਆਈਏ ਦੇ ਵਿਸ਼ੇਸ਼ ਜੱਜ ਰਾਜੇਸ਼ ਜੇ ਕਟਾਰੀਆ ਨੇ ਸ਼ੋਮਾ ਸੇਨ ਤੋਂ ਇਲਾਵਾ ਸੁਧੀਰ ਧਾਵਲੇ, ਕਾਰਕੁਨ ਰੋਨਾ ਵਿਲਸਨ, ਐਡਵੋਕੇਟ ਸੁਰਿੰਦਰ ਗਾਡਲਿੰਗ ਅਤੇ ਮਹੇਸ਼ ਰਾਊਤ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। ਮੁਲਜ਼ਮਾਂ ਨੇ ਸਾਲ 2018 ਵਿੱਚ ਪੁਣੇ ਦੀ ਇੱਕ ਸੈਸ਼ਨ ਕੋਰਟ ਵਿੱਚ ਡਿਫਾਲਟ ਜ਼ਮਾਨਤ ਲਈ ਅਰਜ਼ੀ ਦਾਇਰ ਕੀਤੀ ਸੀ। ਉਸ ਸਮੇਂ ਪੁਲੀਸ ਇਸ ਮਾਮਲੇ ਦੀ ਜਾਂਚ ਕਰ ਰਹੀ ਸੀ। ਮੁਲਜ਼ਮਾਂ ਨੇ ਆਪਣੀ ਅਰਜ਼ੀ ਵਿੱਚ ਦਾਅਵਾ ਕੀਤਾ ਸੀ ਕਿ ਸੈਸ਼ਨ ਕੋਰਟ ਵੱਲੋਂ ਪੁਲੀਸ ਨੂੰ ਚਾਰਜਸ਼ੀਟ ਦਾਖ਼ਲ ਕਰਨ ਲਈ ਦਿੱਤੀ ਗਈ 90 ਦਿਨਾਂ ਦੀ ਮੋਹਲਤ ‘ਗ਼ੈਰਕਾਨੂੰਨੀ’ ਸੀ। -ਪੀਟੀਆਈ