ਬਾਰਾਮੂਲਾ, 5 ਅਕਤੂਬਰ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਜੰਮੂ ਕਸ਼ਮੀਰ ’ਚ ਵੋਟਰ ਸੂਚੀਆਂ ਪ੍ਰਕਾਸ਼ਿਤ ਹੋਣ ਮਗਰੋਂ ਪੂਰੀ ਪਾਰਦਰਸ਼ਤਾ ਨਾਲ ਵਿਧਾਨ ਸਭਾ ਚੋਣਾਂ ਕਰਵਾਈਆਂ ਜਾਣਗੀਆਂ। ਉਨ੍ਹਾਂ ਦਾਅਵਾ ਕੀਤਾ ਕਿ ਮੋਦੀ ਸਰਕਾਰ ਕੇਂਦਰ ਸ਼ਾਸਿਤ ਪ੍ਰਦੇਸ਼ ’ਚੋਂ ਅਤਿਵਾਦ ਨੂੰ ਜੜ੍ਹੋਂ ਉਖਾੜ ਕੇ ਰਹੇਗੀ। ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਨੌਜਵਾਨਾਂ ਨੂੰ ਹਿੰਸਾ ਦਾ ਰਾਹ ਛੱਡਣ ਦੀ ਅਪੀਲ ਕਰਦਿਆਂ ਕਿਹਾ ਕਿ ਅਤਿਵਾਦ ਨੇ ਜੰਮੂ ਕਸ਼ਮੀਰ ’ਚ 1990ਵਿਆਂ ਤੋਂ 42 ਹਜ਼ਾਰ ਜਾਨਾਂ ਲਈਆਂ ਹਨ। ਉਨ੍ਹਾਂ ਸਵਾਲ ਕੀਤਾ ਕਿ ਕੀ ਅਤਿਵਾਦ ਦਾ ਕਦੇ ਕਿਸੇ ਨੂੰ ਲਾਭ ਹੋਇਆ ਹੈ। ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ ਕਸ਼ਮੀਰ ’ਚ ਅਤਿਵਾਦ ਦਾ ਤਕਰੀਬਨ ਖ਼ਾਤਮਾ ਕਰ ਦਿੱਤਾ ਹੈ। ਮੋਦੀ ਸਰਕਾਰ ਅਤਿਵਾਦ ਨੂੰ ਕਦੇ ਵੀ ਸਹਿਣ ਨਹੀਂ ਕਰੇਗੀ ਅਤੇ ਉਸ ਨੂੰ ਜੜ੍ਹੋਂ ਉਖਾੜ ਦਿੱਤਾ ਜਾਵੇਗਾ। ਅਸੀਂ ਜੰਮੂ ਕਸ਼ਮੀਰ ਨੂੰ ਮੁਲਕ ਦਾ ਸਭ ਤੋਂ ਸ਼ਾਂਤਮਈ ਸਥਾਨ ਬਣਾਉਣਾ ਚਾਹੁੰਦੇ ਹਾਂ।’ ਸ੍ਰੀ ਸ਼ਾਹ ਨੇ ਕਿਹਾ ਕਿ ਸੁਰੱਖਿਆ ਹਾਲਾਤ ਸੁਧਰਨ ਕਾਰਨ ਇਸ ਸਾਲ ਹੁਣ ਤੱਕ 22 ਲੱਖ ਸੈਲਾਨੀ ਜੰਮੂ ਕਸ਼ਮੀਰ ਘੁੰਮ ਕੇ ਜਾ ਚੁੱਕੇ ਹਨ। ਉਨ੍ਹਾਂ ਕਿਹਾ,‘‘ਪਹਿਲਾਂ ਇਹ ਅਤਿਵਾਦੀਆਂ ਦਾ ਗੜ੍ਹ ਹੁੰਦਾ ਸੀ ਪਰ ਅੱਜ ਇਹ ਸੈਲਾਨੀਆਂ ਦਾ ਕੇਂਦਰ ਬਣਿਆ ਹੋਇਆ ਹੈ। ਜ਼ਰਾ ਸੋਚੋ ਕਿ ਇਸ ਨਾਲ ਕਿੰਨੇ ਲੋਕਾਂ ਨੂੰ ਲਾਭ ਹੋਇਆ ਹੈ।’’ ਉਨ੍ਹਾਂ ਜੰਮੂ ਕਸ਼ਮੀਰ ’ਚ ਵਿਕਾਸ ਦੀ ਕਮੀ ਲਈ ਅਬਦੁੱਲਾ (ਨੈਸ਼ਨਲ ਕਾਨਫਰੰਸ), ਮੁਫ਼ਤੀ (ਪੀਡੀਪੀ) ਅਤੇ ਨਹਿਰੂ-ਗਾਂਧੀ (ਕਾਂਗਰਸ) ਪਰਿਵਾਰਾਂ ਨੂੰ ਦੋਸ਼ੀ ਠਹਿਰਾਉਂਦਿਆਂ ਕਿਹਾ ਕਿ ਇਹ ਆਗੂ ਸਮੇਂ ਸਮੇਂ ’ਤੇ ਸੂਬੇ ਉਪਰ ਰਾਜ ਕਰਦੇ ਰਹੇ ਪਰ ਉਨ੍ਹਾਂ ਇਸ ਦੇ ਵਿਕਾਸ ’ਚ ਕੋਈ ਦਿਲਚਸਪੀ ਨਹੀਂ ਦਿਖਾਈ।
ਵਿਧਾਨ ਸਭਾ ਚੋਣਾਂ ਕਰਾਉਣ ਬਾਰੇ ਸ਼ਾਹ ਨੇ ਕਿਹਾ ਕਿ ਇਸ ਬਾਰੇ ਅਮਲ ਸ਼ੁਰੂ ਹੋ ਗਿਆ ਹੈ। ‘ਮੈਂ ਤੁਹਾਨੂੰ ਭਰੋਸਾ ਦੇਣਾ ਚਾਹੁੰਦਾ ਹਾਂ ਕਿ ਇਕ ਵਾਰ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਪ੍ਰਕਾਸ਼ਿਤ ਕਰਨ ਦਾ ਕੰਮ ਮੁਕੰਮਲ ਹੋ ਗਿਆ ਤਾਂ ਪੂਰੀ ਪਾਰਦਰਸ਼ਤਾ ਨਾਲ ਚੋਣਾਂ ਕਰਵਾਈਆਂ ਜਾਣਗੀਆਂ ਅਤੇ ਲੋਕਾਂ ਵੱਲੋਂ ਚੁਣੇ ਨੁਮਾਇੰਦੇ ਇਥੇ ਰਾਜ ਕਰਨਗੇ।’ ਉਨ੍ਹਾਂ ਕਿਹਾ ਕਿ ਗੁੱਜਰਾਂ, ਬਕਰਵਾਲ ਅਤੇ ਪਹਾੜੀਆਂ ਨੂੰ ਰਾਖਵਾਂਕਰਨ ਦਿੱਤਾ ਜਾਵੇਗਾ ਅਤੇ ਕਿਸੇ ਨੂੰ ਵੀ ਕੋਈ ਨੁਕਸਾਨ ਨਹੀਂ ਹੋਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਜੰਮੂ ਕਸ਼ਮੀਰ ’ਚ 56 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਆਇਆ ਹੈ ਜੋ ਪੰਜ ਲੱਖ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਦੇਵੇਗਾ। ‘ਅੱਜ ਮੈਂ ਫਾਰੂਕ ਅਬਦੁੱਲਾ ਅਤੇ ਮਹਬਿੂਬਾ ਮੁਫ਼ਤੀ ਤੋਂ ਪੁੱਛਦਾ ਹਾਂ ਕਿ ਉਹ ਦੱਸਣ ਕਿ ਪਿਛਲੇ 70 ਸਾਲਾਂ ਦੇ ਉਨ੍ਹਾਂ ਦੇ ਰਾਜ ਦੌਰਾਨ ਜੰਮੂ ਕਸ਼ਮੀਰ ’ਚ ਕਿੰਨਾ ਨਿਵੇਸ਼ ਹੋਇਆ ਸੀ। ਕਿੰਨੀਆਂ ਕੁ ਸਨਅਤਾਂ ਆਈਆਂ ਸਨ? ਕਿੰਨੀਆਂ ਕੁ ਫੈਕਟਰੀਆਂ ਲੱਗੀਆਂ ਸਨ ਅਤੇ ਕਿੰਨੇ ਨੌਜਵਾਨਾਂ ਨੂੰ ਰੁਜ਼ਗਾਰ ਮਿਲਿਆ ਸੀ।’ ਗ੍ਰਹਿ ਮੰਤਰੀ ਨੇ ਕਿਹਾ ਕਿ ਮਹਬਿੂਬਾ ਅਤੇ ਫਾਰੂਕ ਨੇ ਨੌਜਵਾਨਾਂ ਦੇ ਹੱਥਾਂ ’ਚ ਪੱਥਰ ਅਤੇ ਬੰਦੂਕਾਂ ਫੜਾਈਆਂ ਸਨ ਪਰ ਮੋਦੀ ਨੇ ਵਾਦੀ ’ਚ ਸਨਅਤਾਂ ਲਿਆਂਦੀਆਂ ਹਨ ਅਤੇ ਨੌਜਵਾਨਾਂ ਦੇ ਹੱਥਾਂ ’ਚ ਮੋਬਾਈਲ ਅਤੇ ਲੈਪਟਾਪ ਫੜਾਏ ਹਨ। -ਪੀਟੀਆਈ
ਸ਼ਾਹ ਨੇ ਸ੍ਰੀਨਗਰ ਦੇ ਗੁਰਦੁਆਰੇ ’ਚ ਮੱਥਾ ਟੇਕਿਆ
ਸ੍ਰੀਨਗਰ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰੈਨਾਵਾੜੀ ਦੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਦਾ ਦੌਰਾ ਕਰਕੇ ਉਥੇ ਮੱਥਾ ਟੇਕਿਆ। ਬਾਰਾਮੂਲਾ ਜ਼ਿਲ੍ਹੇ ’ਚ ਰੈਲੀ ਮਗਰੋਂ ਸ਼ਾਹ ਸ੍ਰੀਨਗਰ ਪਰਤੇ ਅਤੇ ਰਾਜਭਵਨ ’ਚ ਇਕ ਸਮਾਗਮ ’ਚ ਹਾਜ਼ਰੀ ਤੋਂ ਬਾਅਦ ਉਹ ਰੈਨਾਵਾੜੀ ਇਲਾਕੇ ਦੇ ਗੁਰਦੁਆਰੇ ’ਚ ਪਹੁੰਚ ਗਏ। ਉਨ੍ਹਾਂ ਨਾਲ ਜੰਮੂ ਕਸ਼ਮੀਰ ਦੇ ਲੈਫ਼ਟੀਨੈਂਟ ਗਵਰਨਰ ਮਨੋਜ ਸਿਨਹਾ ਅਤੇ ਕੁਝ ਭਾਜਪਾ ਆਗੂ ਵੀ ਮੌਜੂਦ ਸਨ। ਗੁਰਦੁਆਰੇ ’ਚ ਮੱਥਾ ਟੇਕਣ ਮਗਰੋਂ ਕੇਂਦਰੀ ਗ੍ਰਹਿ ਮੰਤਰੀ ਨੇ ਉਥੇ ਮੌਜੂਦ ਸ਼ਰਧਾਲੂਆਂ ਨਾਲ ਗੱਲਬਾਤ ਵੀ ਕੀਤੀ। -ਪੀਟੀਆਈ
ਅਜ਼ਾਨ ਦੀ ਆਵਾਜ਼ ਸੁਣ ਕੇ ਸ਼ਾਹ ਨੇ ਭਾਸ਼ਨ ਵਿਚਾਲੇ ਰੋਕਿਆ
ਬਾਰਾਮੂਲਾ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜਦੋਂ ਬਾਰਾਮੂਲਾ ’ਚ ਰੈਲੀ ਨੂੰ ਸੰਬੋਧਨ ਕਰ ਰਹੇ ਸਨ ਤਾਂ ਨੇੜਲੀ ਮਸਜਿਦ ਤੋਂ ਅਜ਼ਾਨ ਦੀ ਆਵਾਜ਼ ਆਉਣ ਮਗਰੋਂ ਉਨ੍ਹਾਂ ਕੁਝ ਦੇਰ ਲਈ ਆਪਣਾ ਭਾਸ਼ਨ ਰੋਕ ਦਿੱਤਾ। ਸ਼ੌਕਤ ਅਲੀ ਸਟੇਡੀਅਮ ’ਚ ਜਦੋਂ ਉਨ੍ਹਾਂ ਦੇ ਭਾਸ਼ਨ ਨੂੰ ਪੰਜ ਮਿੰਟ ਹੋਏ ਸਨ ਤਾਂ ਸ਼ਾਹ ਨੇ ਵਿਚਾਲੇ ਭਾਸ਼ਨ ਰੋਕਦਿਆਂ ਸਟੇਜ ’ਤੇ ਬੈਠੇ ਆਗੂਆਂ ਨੂੰ ਪੁੱਛਿਆ ਕਿ ਮਸਜਿਦ ’ਚ ਇਸ ਸਮੇਂ ਕੁਝ ਚੱਲ ਰਿਹਾ ਹੈ। ਜਦੋਂ ਕਿਸੇ ਨੇ ਦੱਸਿਆ ਕਿ ਅਜ਼ਾਨ ਚੱਲ ਰਹੀ ਹੈ ਤਾਂ ਸ਼ਾਹ ਨੇ ਭਾਸ਼ਨ ਵਿਚਾਲੇ ਹੀ ਰੋਕ ਦਿੱਤਾ। ਇਸ ’ਤੇ ਭੀੜ ਨੇ ਖੂਬ ਤਾੜੀਆਂ ਮਾਰੀਆਂ ਅਤੇ ਸ਼ਾਹ ਦੇ ਪੱਖ ’ਚ ਨਾਅਰੇ ਲਾਏ। ਕੁਝ ਸਮੇਂ ਬਾਅਦ ਉਨ੍ਹਾਂ ਅਜ਼ਾਨ ਖ਼ਤਮ ਹੋਣ ਸਬੰਧੀ ਜਾਣਕਾਰੀ ਲੈਣ ਮਗਰੋਂ ਮੁੜ ਭਾਸ਼ਨ ਸ਼ੁਰੂ ਕਰ ਦਿੱਤਾ। -ਪੀਟੀਆਈ
ਪਾਕਿਸਤਾਨ ਨਾਲ ਕੋਈ ਗੱਲਬਾਤ ਨਹੀਂ ਹੋਵੇਗੀ: ਗ੍ਰਹਿ ਮੰਤਰੀ
ਗ੍ਰਹਿ ਮੰਤਰੀ ਅਮਿਤ ਸ਼ਾਹ ਪਾਕਿਸਤਾਨ ਨਾਲ ਗੱਲਬਾਤ ਦੀ ਵਕਾਲਤ ਕਰਨ ਵਾਲਿਆਂ ’ਤੇ ਵਰ੍ਹੇ। ਉਨ੍ਹਾਂ ਕਿਹਾ,‘‘ਮੈਂ ਪਾਕਿਸਤਾਨ ਨਾਲ ਨਹੀਂ ਸਗੋਂ ਜੰਮੂ ਕਸ਼ਮੀਰ ਦੇ ਲੋਕਾਂ ਨਾਲ ਗੱਲਬਾਤ ਕਰਨੀ ਚਾਹੁੰਦਾ ਹਾਂ।’’ ਉਨ੍ਹਾਂ ਕਿਹਾ ਕਿ ਪਿਛਲੇ 70 ਸਾਲਾਂ ਤੱਕ ਰਾਜ ਕਰਨ ਵਾਲੇ ਕੁਝ ਲੋਕ ਸਰਕਾਰ ਨੂੰ ਪਾਕਿਸਤਾਨ ਨਾਲ ਗੱਲਬਾਤ ਕਰਨ ਦੀ ਵਕਾਲਤ ਕਰ ਰਹੇ ਹਨ ਪਰ ਉਹ ਸਪੱਸ਼ਟ ਕਰਦੇ ਹਨ ਕਿ ਸਰਕਾਰ ਪਾਕਿਸਤਾਨ ਨਾਲ ਗੱਲਬਾਤ ਨਹੀਂ ਕਰੇਗੀ। ਸ਼ਾਹ ਨੇ ਕਿਹਾ ਕਿ ਕੁਝ ਲੋਕ ਅਕਸਰ ਪਾਕਿਸਤਾਨ ਬਾਰੇ ਗੱਲ ਕਰਦੇ ਹਨ ਪਰ ਉਹ ਜਾਣਨਾ ਚਾਹੁੰਦੇ ਹਨ ਕਿ ਮਕਬੂਜ਼ਾ ਕਸ਼ਮੀਰ ਦੇ ਕਿੰਨੇ ਕੁ ਪਿੰਡਾਂ ’ਚ ਬਿਜਲੀ ਦੇ ਕੁਨੈਕਸ਼ਨ ਹਨ। ਸਰਕਾਰ ਨੇ ਪਿਛਲੇ ਤਿੰਨ ਸਾਲਾਂ ’ਚ ਕਸ਼ਮੀਰ ਦੇ ਸਾਰੇ ਪਿੰਡਾਂ ’ਚ ਬਿਜਲੀ ਦੇ ਕੁਨੈਕਸ਼ਨ ਦਿੱਤੇ ਹਨ।