ਨਵੀਂ ਦਿੱਲੀ, 1 ਜੂਨ
ਚੋਣ ਕਮਿਸ਼ਨ ਨੇ ਅੱਜ ਭਰੋਸਾ ਜਤਾਇਆ ਹੈ ਕਿ ਅਗਲੇ ਸਾਲ ਪੰਜ ਰਾਜਾਂ ਦੀਆਂ ਵਿਧਾਨ ਸਭਾਵਾਂ ਚੋਣਾਂ ਸਮੇਂ ਸਿਰ ਕਰਵਾ ਲਈਆਂ ਜਾਣਗੀਆਂ। ਮੁੱਖ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਨੇ ਜ਼ੋਰ ਦੇ ਕੇ ਕਿਹਾ ਕਿ ਯੂਪੀ ਤੇ ਪੰਜਾਬ ਸਣੇ ਬਾਕੀ ਥਾਵਾਂ ’ਤੇ ਚੋਣਾਂ ਕਮਿਸ਼ਨ ਸਮੇਂ ਸਿਰ ਕਰਵਾ ਲਏਗਾ ਕਿਉਂਕਿ ਬਿਹਾਰ, ਪੱਛਮੀ ਬੰਗਾਲ ਤੇ ਚਾਰ ਹੋਰਨਾਂ ਥਾਵਾਂ ’ਤੇ ਕਰੋਨਾਵਾਇਰਸ ਮਹਾਮਾਰੀ ਦੌਰਾਨ ਚੋਣਾਂ ਕਰਵਾ ਕੇ ਕਾਫ਼ੀ ਤਜਰਬਾ ਹਾਸਲ ਕਰ ਲਿਆ ਗਿਆ ਹੈ। ਗੋਆ, ਮਨੀਪੁਰ, ਪੰਜਾਬ ਤੇ ਉਤਰਾਖੰਡ ਦੀਆਂ ਵਿਧਾਨ ਸਭਾਵਾਂ ਦਾ ਕਾਰਜਕਾਲ ਮਾਰਚ 2022 ਵਿਚ ਖ਼ਤਮ ਹੋ ਰਿਹਾ ਹੈ।
ਯੂਪੀ ਵਿਧਾਨ ਸਭਾ ਦਾ ਕਾਰਜਕਾਲ ਮਈ ਵਿਚ ਮੁੱਕੇਗਾ। ਚੰਦਰਾ ਨੇ ਇਕ ਇੰਟਰਵਿਊ ਵਿਚ ਕਿਹਾ ਕਿ ਚੋਣ ਕਮਿਸ਼ਨ ਦਾ ਇਹ ਫ਼ਰਜ਼ ਬਣਦਾ ਹੈ ਕਿ ਵਿਧਾਨ ਸਭਾ ਦਾ ਕਾਰਜਕਾਲ ਮੁੱਕਣ ਤੋਂ ਪਹਿਲਾਂ ਚੋਣਾਂ ਕਰਵਾ ਕੇ ਜੇਤੂ ਉਮੀਦਵਾਰਾਂ ਦੀ ਸੂਚੀ ਰਾਜਪਾਲ ਨੂੰ ਸੌਂਪੀ ਜਾਵੇ। ਜ਼ਿਕਰਯੋਗ ਹੈ ਕਿ ਕੋਵਿਡ ਦੀ ਦੂਜੀ ਲਹਿਰ ਕਾਰਨ ਕਈ ਲੋਕ ਸਭਾ ਤੇ ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣ ਹਾਲ ਹੀ ਵਿਚ ਟਾਲ ਦਿੱਤੀ ਗਈ ਸੀ। ਕਈ ਰਾਜ ਸਭਾ ਤੇ ਵਿਧਾਨ ਪ੍ਰੀਸ਼ਦ ਸੀਟਾਂ ’ਤੇ ਵੀ ਚੋਣ ਅੱਗੇ ਪਾ ਦਿੱਤੀ ਗਈ ਸੀ। ਚੰਦਰਾ ਨੇ ਕਿਹਾ ਕਿ ਕਰੋਨਾ ਦੀ ਦੂਜੀ ਲਹਿਰ ਦਾ ਅਸਰ ਘੱਟ ਰਿਹਾ ਹੈ ਤੇ ਲਾਗ਼ ਦੇ ਕੇਸ ਵੀ ਘੱਟ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਕਮਿਸ਼ਨ ਕੋਲ ਮਹਾਮਾਰੀ ਦੌਰਾਨ ਚੋਣਾਂ ਕਰਵਾਉਣ ਦਾ ਕਾਫ਼ੀ ਤਜਰਬਾ ਹੈ। ਮੁੱਖ ਚੋਣ ਕਮਿਸ਼ਨਰ ਚੰਦਰਾ ਨੇ ਕਿਹਾ ਕਿ ਉਹ ਕਾਫ਼ੀ ਹੱਦ ਤੱਕ ਆਸਵੰਦ ਹਨ ਕਿ ਮਹਾਮਾਰੀ ਜਲਦੀ ਮੁੱਕੇਗੀ ਤੇ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਤੈਅ ਸਮੇਂ ਉਤੇ ਕਰਵਾ ਲਈਆਂ ਜਾਣਗੀਆਂ। ਦੱਸਣਯੋਗ ਹੈ ਕਿ ਯੂਪੀ, ਉਤਰਾਖੰਡ, ਗੋਆ ਤੇ ਮਨੀਪੁਰ ਵਿਚ ਭਾਜਪਾ ਦੀ ਅਗਵਾਈ ਵਾਲੀਆਂ ਸਰਕਾਰਾਂ ਹਨ ਤੇ ਪੰਜਾਬ ਵਿਚ ਕਾਂਗਰਸ ਸਰਕਾਰ ਹੈ।
ਯੂਪੀ ਜੋ ਕਿ ਦੇਸ਼ ਦਾ ਸਭ ਤੋਂ ਵੱਧ ਆਬਾਦੀ ਵਾਲਾ ਸੂਬਾ ਹੈ, ਦੇ ਕਰੀਬ 14.66 ਕਰੋੜ ਵੋਟਰ ਹਨ, ਜਦਕਿ ਪੰਜਾਬ ਦੇ ਦੋ ਕਰੋੜ ਤੋਂ ਵੱਧ ਵੋਟਰ ਹਨ। ਉਤਰਾਖੰਡ ਦੇ 78.15 ਲੱਖ, ਮਨੀਪੁਰ ਦੇ 19.58 ਲੱਖ ਤੇ ਗੋਆ ਦੇ 11.45 ਲੱਖ ਵੋਟਰ ਹਨ। ਪੰਜ ਰਾਜਾਂ ਦੇ ਕੁੱਲ 17.84 ਕਰੋੜ ਵੋਟਰ ਹਨ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਬਿਹਾਰ ਵਿਚ ਕੋਵਿਡ ਦੌਰਾਨ ਹੋਈਆਂ ਚੋਣਾਂ ’ਚ ਕਮਿਸ਼ਨ ਨੇ ਮਹਾਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਕਈ ਪ੍ਰਬੰਧ ਕੀਤੇ ਸਨ। ਇਸ ਤੋਂ ਬਾਅਦ ਬਾਕੀ ਸੂਬਿਆਂ ਦੀਆਂ ਚੋਣਾਂ ਦੌਰਾਨ ਵੀ ਸਾਵਧਾਨੀ ਵਰਤੀ ਗਈ। ਹਾਲਾਂਕਿ ਬਾਅਦ ਵਿਚ ਜਦ ਸਾਹਮਣੇ ਆਇਆ ਕਿ ਪੱਛਮੀ ਬੰਗਾਲ ’ਚ ਕੋਵਿਡ ਬਾਰੇ ਜਾਰੀ ਹਦਾਇਤਾਂ ਦੀ ਉਲੰਘਣਾ ਹੋ ਰਹੀ ਹੈ ਤਾਂ ਰੋਡ ਸ਼ੋਅ ਤੇ ਰੈਲੀਆਂ ਉਤੇ ਰੋਕ ਲਾ ਦਿੱਤੀ ਗਈ ਸੀ। ਕਈ ਹੋਰ ਪਾਬੰਦੀਆਂ ਵੀ ਲਾਈਆਂ ਗਈਆਂ ਸਨ। -ਪੀਟੀਆਈ