ਨਵੀਂ ਦਿੱਲੀ: ਚੋਣ ਕਮਿਸ਼ਨ ਵਿਚਲੇ ਉੱਚ ਪੱਧਰੀ ਸੂਤਰਾਂ ਮੁਤਾਬਕ ਬਿਹਾਰ ਵਿਧਾਨ ਸਭਾ ਚੋਣਾਂ ਸਮੇਂ ਸਿਰ ਹੀ ਹੋਣਗੀਆਂ। ਹਾਲਾਂਕਿ ਕੁਝ ਸਿਆਸੀ ਧਿਰਾਂ ਵੱਲੋਂ ਕਰੋਨਾਵਾਇਰਸ ਕਾਰਨ ਚੋਣਾਂ ਅੱਗੇ ਪਾਉਣ ਦੀ ਮੰਗ ਕੀਤੀ ਜਾ ਰਹੀ ਹੈ। ਬਿਹਾਰ ਦੀ 243 ਮੈਂਬਰੀ ਵਿਧਾਨ ਸਭਾ ਦੀ ਮਿਆਦ 29 ਨਵੰਬਰ ਨੂੰ ਮੁੱਕ ਰਹੀ ਹੈ। ਚੋਣਾਂ ਅਕਤੂਬਰ-ਨਵੰਬਰ ਵਿਚ ਹੀ ਹੋਣ ਦੀ ਸੰਭਾਵਨਾ ਹੈ। ਸੂਬੇ ਦੀ ਮੁੱਖ ਵਿਰੋਧੀ ਧਿਰ ਰਾਸ਼ਟਰੀ ਜਨਤਾ ਦਲ ਨੇ ਮਹਾਮਾਰੀ ਦੇ ਬਾਵਜੂਦ ਚੋਣਾਂ ਕਰਵਾਉਣ ’ਤੇ ਸਵਾਲ ਉਠਾਇਆ ਹੈ। ਸੱਤਾਧਾਰੀ ਐਨਡੀਏ ਗੱਠਜੋੜ ਦਾ ਹਿੱਸਾ ਲੋਕ ਜਨਸ਼ਕਤੀ ਪਾਰਟੀ ਨੇ ਵੀ ਕਮਿਸ਼ਨ ਤੋਂ ਚੋਣਾਂ ਮੁਲਤਵੀ ਕਰਨ ਦੀ ਮੰਗ ਕੀਤੀ ਹੈ। ਕੁਝ ਹੋਰ ਪਾਰਟੀਆਂ- ਐਨਸੀਪੀ ਤੇ ਨੈਸ਼ਨਲ ਪੀਪਲਜ਼ ਪਾਰਟੀ ਨੇ ਵੀ ਚੋਣਾਂ ਅੱਗੇ ਪਾਉਣ ਦੀ ਮੰਗ ਰੱਖੀ ਹੈ। ਕਮਿਸ਼ਨ ਨੇ ਹਾਲ ਹੀ ਵਿਚ ਮਹਾਮਾਰੀ ਦੌਰਾਨ ਚੋਣ ਪ੍ਰਚਾਰ ਕਰਨ ਬਾਰੇ ਵੱਖ-ਵੱਖ ਪਾਰਟੀਆਂ ਤੋਂ ਸੁਝਾਅ ਮੰਗੇ ਸਨ। ਇਸ ਦਾ ਪਾਰਟੀਆਂ ਨੇ ਚੋਣ ਕਮਿਸ਼ਨ ਨੂੰ ਜਵਾਬ ਭੇਜਿਆ ਹੈ। ਪਿਛਲੇ ਹਫ਼ਤੇ ਕਮਿਸ਼ਨ ਨੇ ਸਾਧਾਰਨ ਤੇ ਜ਼ਿਮਨੀ ਚੋਣਾਂ ਕਰਵਾਉਣ ਬਾਰੇ ਹਦਾਇਤਾਂ ਵੀ ਜਾਰੀ ਕੀਤੀਆਂ ਸਨ। -ਪੀਟੀਆਈ