ਨਵੀਂ ਦਿੱਲੀ, 28 ਅਗਸਤ
ਮੁੱਖ ਅੰਸ਼
- ਵਰਕਿੰਗ ਕਮੇਟੀ ਦੀ ਮੀਟਿੰਗ ’ਚ ਤਰੀਕਾਂ ਦਾ ਐਲਾਨ
- ਬੈਠਕ ’ਚ ਰਾਹੁਲ ਦੇ ਚੋਣ ਲੜਨ ਬਾਰੇ ਕੋਈ ਜ਼ਿਕਰ ਨਹੀਂ
ਕਾਂਗਰਸ ਨੇ ਅੱਜ ਕਿਆਸਰਾਈਆਂ ਦਾ ਅੰਤ ਕਰਦਿਆਂ 17 ਅਕਤੂਬਰ ਨੂੰ ਪਾਰਟੀ ਪ੍ਰਧਾਨ ਦੀ ਚੋਣ ਕਰਾਉਣ ਦਾ ਐਲਾਨ ਕੀਤਾ ਹੈ। ਪ੍ਰਧਾਨ ਦੀ ਚੋਣ ਜਿੱਤਣ ਵਾਲੇ ਬਾਰੇ ਐਲਾਨ ਦੋ ਦਿਨ ਬਾਅਦ ਕੀਤਾ ਜਾਵੇਗਾ। ਕਾਂਗਰਸ ਨੇ ਨਾਲ ਹੀ ਕਿਹਾ ਕਿ ਉਹ ਮੁਲਕ ਵਿਚ ਅਜਿਹੀ ਇਕੱਲੀ ਪਾਰਟੀ ਹੈ ਜੋ ਇਸ ਤਰ੍ਹਾਂ ਦੀ ਲੋਕਤੰਤਰਿਕ ਪ੍ਰਕਿਰਿਆ ਦਾ ਪਾਲਣ ਕਰਦੀ ਹੈ। ਪਾਰਟੀ ਨੇ ਆਖ਼ਰੀ ਵਾਰ ਪ੍ਰਧਾਨ ਦੇ ਅਹੁਦੇ ਲਈ ਚੋਣ ਨਵੰਬਰ, 2000 ਵਿਚ ਕਰਵਾਈ ਸੀ। ਜ਼ਿਕਰਯੋਗ ਹੈ ਕਿ ਭਾਜਪਾ ਵੰਸ਼ਵਾਦ ਦੀ ਰਾਜਨੀਤੀ ਦੇ ਮੁੱਦੇ ’ਤੇ ਕਾਂਗਰਸ ਨੂੰ ਵਾਰ-ਵਾਰ ਘੇਰਦੀ ਰਹੀ ਹੈ। ਸੱਤਾਧਾਰੀ ਪਾਰਟੀ ਨੇ ਇਹ ਵੀ ਦੋਸ਼ ਲਾਇਆ ਹੈ ਕਿ ਪਾਰਟੀ ਦੇ ਮਾਮਲਿਆਂ ’ਚ ਗਾਂਧੀ ਪਰਿਵਾਰ ਦਾ ਦਖ਼ਲ ਹੈ। ਸੋਨੀਆ ਗਾਂਧੀ ਪਾਰਟੀ ਦੇ ਸਭ ਤੋਂ ਲੰਮਾ ਸਮਾਂ ਪ੍ਰਧਾਨ ਰਹੇ ਹਨ ਤੇ 2017-19 ਦੇ ਸਮੇਂ ਨੂੰ ਛੱਡ ਕੇ 1998 ਤੋਂ ਇਸ ਅਹੁਦੇ ਉਤੇ ਹਨ। ਇਨ੍ਹਾਂ ਦੋ ਸਾਲਾਂ ਦੌਰਾਨ ਪਾਰਟੀ ਦੀ ਕਮਾਨ ਰਾਹੁਲ ਗਾਂਧੀ ਨੂੰ ਸੌਂਪੀ ਗਈ ਸੀ। ਚੋਣ ਤਰੀਕਾਂ ਬਾਰੇ ਫ਼ੈਸਲਾ ਅੱਜ ਕਾਂਗਰਸ ਵਰਕਿੰਗ ਕਮੇਟੀ (ਸੀਡਬਲਿਊਸੀ) ਦੀ ਮੀਟਿੰਗ ਵਿਚ ਸਰਬਸੰਮਤੀ ਨਾਲ ਲਿਆ ਗਿਆ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਸੀਨੀਅਰ ਪਾਰਟੀ ਆਗੂ ਗੁਲਾਮ ਨਬੀ ਆਜ਼ਾਦ ਵੱਲੋਂ ਦਿੱਤੇ ਅਸਤੀਫ਼ੇ ਕਾਰਨ ਪਾਰਟੀ ਅੰਦਰ ਹਲਚਲ ਵੀ ਹੈ ਕਿਉਂਕਿ ਉਨ੍ਹਾਂ ਆਪਣੇ ਅਸਤੀਫ਼ੇ ਵਿਚ ਰਾਹੁਲ ਗਾਂਧੀ ’ਤੇ ਤਿੱਖੀਆਂ ਟਿੱਪਣੀਆਂ ਕੀਤੀਆਂ ਸਨ। ਆਜ਼ਾਦ ਉਨ੍ਹਾਂ 23 ਆਗੂਆਂ ਦਾ ਵੀ ਹਿੱਸਾ ਸਨ ਜਿਨ੍ਹਾਂ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ 2020 ਵਿਚ ਵਿਆਪਕ ਜਥੇਬੰਦਕ ਸੁਧਾਰਾਂ ਲਈ ਪੱਤਰ ਲਿਖਿਆ ਸੀ। ਉਨ੍ਹਾਂ ਉਸ ਵੇਲੇ ਚੋਣਾਂ ਕਰਾਉਣ ਲਈ ਵੀ ਕਿਹਾ ਸੀ। ਸੀਡਬਲਿਊਸੀ ਦੀ ਮੀਟਿੰਗ ਅੱਜ ਆਨਲਾਈਨ ਹੋਈ। ਇਸ ਦੀ ਅਗਵਾਈ ਸੋਨੀਆ ਗਾਂਧੀ ਨੇ ਕੀਤੀ ਜੋ ਕਿ ਮੈਡੀਕਲ ਜਾਂਚ ਲਈ ਵਿਦੇਸ਼ ’ਚ ਹਨ। ਇਸ ਮੌਕੇ ਸੋਨੀਆ ਦੇ ਨਾਲ ਰਾਹੁਲ ਤੇ ਪ੍ਰਿਯੰਕਾ ਗਾਂਧੀ ਵੀ ਸਨ। ਵਰਕਿੰਗ ਕਮੇਟੀ ਦੀ ਮੀਟਿੰਗ ਵਿਚ ਆਜ਼ਾਦ ਦੇ ਅਸਤੀਫ਼ੇ ਅਤੇ ਚੋਣ ਲਈ ਰਾਹੁਲ ਦੇ ਉਮੀਦਵਾਰ ਬਣਨ ਬਾਰੇ ਕੋਈ ਜ਼ਿਕਰ ਨਹੀਂ ਹੋਇਆ। ਜ਼ਿਕਰਯੋਗ ਹੈ ਕਿ ਪਾਰਟੀ ਪ੍ਰਧਾਨ ਦੇ ਅਹੁਦੇ ਲਈ ਪਿਛਲੇ ਕੁਝ ਸਮੇਂ ਤੋਂ ਅਸ਼ੋਕ ਗਹਿਲੋਤ ਦਾ ਨਾਂ ਵੀ ਚਰਚਾ ਵਿਚ ਰਿਹਾ ਹੈ। ਪਾਰਟੀ ਦੀ ਕੇਂਦਰੀ ਚੋਣ ਅਥਾਰਿਟੀ ਦੇ ਚੇਅਰਮੈਨ ਮਧੂਸੂਦਨ ਮਿਸਤਰੀ ਨੇ ਦੱਸਿਆ ਕਿ ਚੋਣ ਨੋਟੀਫਿਕੇਸ਼ਨ 22 ਸਤੰਬਰ ਨੂੰ ਜਾਰੀ ਕੀਤਾ ਜਾਵੇਗਾ ਤੇ ਨਾਮਜ਼ਦਗੀਆਂ ਦਾ ਦੌਰ 24 ਸਤੰਬਰ ਨੂੰ ਸ਼ੁਰੂ ਹੋਵੇਗਾ। ਨਾਮਜ਼ਦਗੀਆਂ 30 ਸਤੰਬਰ ਤੱਕ ਦਿੱਤੀਆਂ ਜਾ ਸਕਣਗੀਆਂ। ਨਾਮਜ਼ਦਗੀਆਂ ਦੀ ਪੜਤਾਲ ਪਹਿਲੀ ਅਕਤੂਬਰ ਨੂੰ ਹੋਵੇਗੀ। ਅੱਠ ਅਕਤੂਬਰ ਤੱਕ ਇਹ ਵਾਪਸ ਲਈਆਂ ਜਾ ਸਕਣਗੀਆਂ। ਇਕ ਤੋਂ ਵੱਧ ਉਮੀਦਵਾਰ ਹੋਣ ਦੀ ਸੂਰਤ ਵਿਚ ਚੋਣ 17 ਅਕਤੂਬਰ ਨੂੰ ਕਰਵਾਈ ਜਾਵੇਗੀ। ਜਦਕਿ ਜੇ ਲੋੜ ਪੈਂਦੀ ਹੈ ਤਾਂ ਵੋਟਾਂ ਦੀ ਗਿਣਤੀ ਤੇ ਨਤੀਜੇ ਦਾ ਐਲਾਨ 19 ਅਕਤੂਬਰ ਨੂੰ ਕੀਤੇ ਜਾਣਗੇ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ, ‘ਕਾਂਗਰਸ ਇਕੋ-ਇਕ ਪਾਰਟੀ ਹੈ ਜਿਸ ਵਿਚ ਵੱਖ-ਵੱਖ ਪੱਧਰਾਂ ਉਤੇ ਚੋਣਾਂ ਹੋਈਆਂ ਹਨ ਤੇ ਖਾਸ ਕਰ ਕੇ ਪ੍ਰਧਾਨ ਦੇ ਅਹੁਦੇ ਲਈ ਚੋਣ ਵੀ ਹੋਈ ਹੈ, ਇਹ ਹੁਣ ਵੀ ਹੋਵੇਗੀ ਤੇ ਅੱਗੇ ਵੀ ਹੁੰਦੀ ਰਹੇਗੀ।’ -ਪੀਟੀਆਈ
ਆਨੰਦ ਸ਼ਰਮਾ ਨੇ ਡੈਲੀਗੇਟਾਂ ਦੀ ਸੂਚੀ ਬਾਰੇ ਉਠਾਏ ਸਵਾਲ
ਨਵੀਂ ਦਿੱਲੀ: ਅਸੰਤੁਸ਼ਟ ਕਾਂਗਰਸ ਆਗੂ ਆਨੰਦ ਸ਼ਰਮਾ ਨੇ ਅੱਜ ਵਰਕਿੰਗ ਕਮੇਟੀ ਦੀ ਮੀਟਿੰਗ ’ਚ ਚੋਣ ਤਿਆਰੀਆਂ ਬਾਰੇ ਸਵਾਲ ਉਠਾਏ। ਉਨ੍ਹਾਂ ਸਵਾਲ ਕੀਤਾ ਕਿ ਕੀ ਪਾਰਟੀ ਦੇ ਸੰਵਿਧਾਨ ਮੁਤਾਬਕ ਪੂਰੀ ਪ੍ਰਕਿਰਿਆ ਦਾ ਪਾਲਣ ਕੀਤਾ ਗਿਆ ਹੈ ਕਿ ਨਹੀਂ। ਸੂਤਰਾਂ ਮੁਤਾਬਕ ਸ਼ਰਮਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਕਈ ਸ਼ਿਕਾਇਤਾਂ ਮਿਲੀਆਂ ਹਨ ਕਿ ਚੋਣਾਂ ਬਾਰੇ ਨਾ ਤਾਂ ਕੋਈ ਵਰਚੁਅਲ ਮੀਟਿੰਗ ਕੀਤੀ ਗਈ ਹੈ ਤੇ ਨਾ ਹੀ ਵਿਅਕਤੀਗਤ ਤੌਰ ਉਤੇ ਦੱਸਿਆ ਗਿਆ ਹੈ। ਜੀ-23 ਦਾ ਹਿੱਸਾ ਰਹੇ ਸ਼ਰਮਾ ਨੇ ਕਿਹਾ ਕਿ ਕਿਸੇ ਵੀ ਪ੍ਰਦੇਸ਼ ਕਾਂਗਰਸ ਕਮੇਟੀ ਨੂੰ ਡੈਲੀਗੇਟਾਂ ਦੀ ਕੋਈ ਸੂਚੀ ਨਹੀਂ ਮਿਲੀ ਹੈ ਕਿ ਕੌਣ ਪ੍ਰਧਾਨ ਦੇ ਅਹੁਦੇ ਲਈ ਵੋਟ ਪਾ ਸਕੇਗਾ। ਇਸ ਤਰ੍ਹਾਂ ਚੋਣ ਪ੍ਰਕਿਰਿਆ ਦੀ ਪਵਿੱਤਰਤਾ ਭੰਗ ਹੁੰਦੀ ਹੈ। ਸ਼ਰਮਾ ਨੇ ਡੈਲੀਗੇਟਾਂ ਦੀ ਸੂਚੀ ਜਨਤਕ ਕਰਨ ਦੀ ਮੰਗ ਵੀ ਕੀਤੀ। ਉਨ੍ਹਾਂ ਦੀ ਮੰਗ ’ਤੇ ਪਾਰਟੀ ਦੀ ਚੋਣ ਅਥਾਰਿਟੀ ਦੇ ਚੇਅਰਮੈਨ ਮਧੂਸੂਦਨ ਮਿਸਤਰੀ ਨੇ ਕਿਹਾ ਕਿ ਸੂਚੀ ਚੋਣ ਲੜਨ ਵਾਲੇ ਹਰ ਉਮੀਦਵਾਰ ਨੂੰ ਉਪਲੱਬਧ ਕਰਵਾਈ ਜਾਵੇਗੀ ਤੇ ਪ੍ਰਦੇਸ਼ ਕਾਂਗਰਸ ਕਮੇਟੀਆਂ ਨੂੰ ਵੀ ਦਿੱਤੀ ਜਾਵੇਗੀ। ਮਿਸਤਰੀ ਨੇ ਕਿਹਾ ਕਿ 9 ਹਜ਼ਾਰ ਡੈਲੀਗੇਟ ਹਨ ਤੇ ਸਾਰੀਆਂ ਸੂਚੀਆਂ ਦੀ ਪੁਸ਼ਟੀ ਕਰ ਲਈ ਗਈ ਹੈ। -ਪੀਟੀਆਈ
ਭਾਜਪਾ ਨੇ ਕਾਂਗਰਸ ’ਤੇ ਵਿਅੰਗ ਕਸਿਆ
ਨਵੀਂ ਦਿੱਲੀ: ਕਾਂਗਰਸ ਦੇ ਦਾਅਵੇ ਕਿ ਉਨ੍ਹਾਂ ਦੀ ਦੇਸ਼ ਵਿਚ ਇਕੋ-ਇਕ ਪਾਰਟੀ ਹੈ ਜੋ ਅੰਦਰੂਨੀ ਚੋਣਾਂ ਕਰਾਉਂਦੀ ਹੈ, ’ਤੇ ਵਿਅੰਗ ਕਸਦਿਆਂ ਭਾਜਪਾ ਨੇ ਇਸ ਨੂੰ ‘ਲਤੀਫ਼ਾ’ ਕਰਾਰ ਦਿੱਤਾ। ਭਾਜਪਾ ਨੇ ਕਿਹਾ ਕਿ ਕਾਂਗਰਸ ਸ਼ਾਇਦ ਅਕਤੂਬਰ ਵਿਚ ‘ਅਪਰੈਲ ਫੂਲ’ ਮਨਾ ਰਹੀ ਹੈ। ਭਾਜਪਾ ਦੇ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਨੇ ਕਿਹਾ, ‘ਕਾਂਗਰਸ ਲੋਕਤੰਤਰ ਤੋਂ ਮੁਕਤ ਤੇ ਜ਼ਿੰਮੇਵਾਰੀ ਤੋਂ ਮੁਕਤ ਪਾਰਟੀ ਹੈ। ਪ੍ਰਧਾਨ ਦੀ ਚੋਣ ਮੁਗ਼ਲ ਕਾਲ ਦੇ ਸੁਲਤਾਨ ਦੀ ਤਾਜਪੋਸ਼ੀ ਵਰਗੀ ਪ੍ਰਕਿਰਿਆ ਤੋਂ ਵੱਧ ਕੇ ਕੁਝ ਨਹੀਂ ਹੈ।’ -ਪੀਟੀਆਈ
ਅਹੁਦੇ ਲਈ ਰਾਹੁਲ ਹੀ ਸਾਰਿਆਂ ਦੀ ‘ਪਹਿਲੀ ਤੇ ਇਕੋ-ਇਕ ਪਸੰਦ’: ਖੁਰਸ਼ੀਦ
ਨਵੀਂ ਦਿੱਲੀ: ਸੀਨੀਅਰ ਕਾਂਗਰਸ ਆਗੂ ਸਲਮਾਨ ਖ਼ੁਰਸ਼ੀਦ ਨੇ ਕਿਹਾ ਹੈ ਕਿ ਰਾਹੁਲ ਗਾਂਧੀ ਪਾਰਟੀ ਪ੍ਰਧਾਨ ਦੇ ਅਹੁਦੇ ਲਈ ਸਾਰੇ ਮੈਂਬਰਾਂ-ਆਗੂਆਂ ਦੀ ‘ਪਹਿਲੀ ਤੇ ਇਕੋ-ਇਕ’ ਪਸੰਦ ਰਹਿਣਗੇ। ਖੁਰਸ਼ੀਦ ਨੇ ਕਿਹਾ ਕਿ ਗਾਂਧੀ ਨੂੰ ਪਾਰਟੀ ਪ੍ਰਧਾਨ ਦਾ ਅਹੁਦਾ ਸੰਭਾਲਣ ਲਈ ਮਨਾਉਣ ਦੇ ਯਤਨ ਹੋਣੇ ਚਾਹੀਦੇ ਹਨ। ਖ਼ੁਰਸ਼ੀਦ ਨੇ ਕਿਹਾ ਕਿ ਜਦ ਰਾਹੁਲ ਵਿਦੇਸ਼ ਤੋਂ ਵਾਪਸ ਆਉਣਗੇ ਤੇ ਉਹ ਉਨ੍ਹਾਂ ਨਾਲ ਇਸ ਬਾਰੇ ਗੱਲ ਕਰਨਗੇ। -ਪੀਟੀਆਈ
‘ਕਠਪੁਤਲੀ ਪ੍ਰਧਾਨ’ ਬਣਾਇਆ ਗਿਆ ਤਾਂ ਪਾਰਟੀ ਨਹੀਂ ਬਚੇਗੀ: ਚਵਾਨ
ਮੁੰਬਈ: ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਪ੍ਰਿਥਵੀਰਾਜ ਚਵਾਨ ਨੇ ਅੱਜ ਕਾਂਗਰਸ ਨੂੰ ਚੌਕਸ ਕੀਤਾ ਕਿ ਜੇ ਕਿਸੇ ਨੂੰ ਸਿਰਫ਼ ‘ਕਠਪੁਤਲੀ ਪ੍ਰਧਾਨ’ ਬਣਾਇਆ ਗਿਆ ਤਾਂ ਪਾਰਟੀ ਨਹੀਂ ਬਚੇਗੀ। ਅਸ਼ੋਕ ਗਹਿਲੋਤ ਤੇ ਕੁਝ ਹੋਰ ਆਗੂਆਂ ਦੇ ਨਾਂ ਕਾਂਗਰਸ ਪ੍ਰਧਾਨ ਲਈ ਉਭਾਰੇ ਜਾਣ ’ਤੇ ਚਵਾਨ ਨੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਕੀ ਪ੍ਰਧਾਨ ਦੇ ਨਾਂ ਬਾਰੇ ਫ਼ੈਸਲਾ ਚੋਣਾਂ ਤੋਂ ਪਹਿਲਾਂ ਹੀ ਕਰ ਲਿਆ ਜਾਵੇਗਾ। -ਪੀਟੀਆਈ