ਤੁਰੂਵੇਕਰੇ (ਕਰਨਾਟਕ), 8 ਅਕਤੂਬਰ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ 40 ਹੋਰ ਆਗੂ ਪਾਰਟੀ ਪ੍ਰਧਾਨ ਦੀ ਚੋਣ ’ਚ ਭਾਰਤ ਜੋੜੋ ਯਾਤਰਾ ਦੌਰਾਨ ਕਰਨਾਟਕ ਦੇ ਬੇਲਾਰੀ ’ਚ 17 ਅਕਤੂਬਰ ਨੂੰ ਵੋਟਾਂ ਪਾਉਣਗੇ। ਉਸ ਦਿਨ ਭਾਰਤ ਜੋੜੋ ਯਾਤਰਾ ਨਹੀਂ ਹੋਵੇਗੀ। ਸੀਨੀਅਰ ਕਾਂਗਰਸ ਆਗੂਆਂ ਮਲਿਕਾਰਜੁਨ ਖੜਗੇ ਅਤੇ ਸ਼ਸ਼ੀ ਥਰੂਰ ਵਿਚਕਾਰ ਸਿੱਧਾ ਮੁਕਾਬਲਾ ਹੈ। ਏਆਈਸੀਸੀ ਦੇ ਜਨਰਲ ਸਕੱਤਰ (ਸੰਚਾਰ) ਜੈਰਾਮ ਰਮੇਸ਼ ਨੇ ਕਿਹਾ ਕਿ ਕੇਂਦਰੀ ਚੋਣ ਅਥਾਰਿਟੀ ਨੇ ਬੇਲਾਰੀ ’ਚ ਕੈਂਪ ਵਾਲੀ ਥਾਂ ’ਤੇ ਪੋਲਿੰਗ ਬੂਥ ਸਥਾਪਤ ਕਰਨ ਦਾ ਫ਼ੈਸਲਾ ਲਿਆ ਹੈ। ਵੋਟਾਂ ਦੀ ਗਿਣਤੀ 19 ਅਕਤੂਬਰ ਨੂੰ ਹੋਵੇਗੀ ਅਤੇ ਉਸੇ ਦਿਨ ਕਾਂਗਰਸ ਨੂੰ ਨਵਾਂ ਪ੍ਰਧਾਨ ਮਿਲ ਜਾਵੇਗਾ। -ਪੀਟੀਆਈ