ਨਵੀਂ ਦਿੱਲੀ, 30 ਸਤੰਬਰ
ਮੁੱਖ ਅੰਸ਼
- ਸੀਨੀਅਰ ਤੇ ਜੀ-23 ਆਗੂਆਂ ਵੱਲੋਂ ਖੜਗੇ ਦੀ ਹਮਾਇਤ
- ਖੜਗੇ ਵੱਲੋਂ ਪਾਰਟੀ ਵਿੱਚ ਵੱਡੇ ਬਦਲਾਅ ਲਈ ਲੜਨ ਦਾ ਦਾਅਵਾ
- ਨਾਮਜ਼ਦਗੀਆਂ ਭਰਨ ਮੌਕੇ ਗਾਂਧੀ ਪਰਿਵਾਰ ਰਿਹਾ ਗ਼ੈਰਹਾਜ਼ਰ
ਕਾਂਗਰਸ ਪ੍ਰਧਾਨ ਦੀ ਚੋਣ ਲਈ ਪਿਛਲੇ ਇਕ ਹਫ਼ਤੇ ਤੋਂ ਸੰਭਾਵੀ ਉਮੀਦਵਾਰਾਂ ਦੇ ਨਾਵਾਂ ਨੂੰ ਲੈ ਕੇ ਚੱਲ ਰਹੀ ਸ਼ਸ਼ੋਪੰਜ ਅੱਜ ਖ਼ਤਮ ਹੋ ਗਈ। ਨਾਮਜ਼ਦਗੀਆਂ ਭਰਨ ਦੇ ਆਖਰੀ ਦਿਨ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ, ਲੋਕ ਸਭਾ ਮੈਂਬਰ ਸ਼ਸ਼ੀ ਥਰੂਰ ਤੇ ਝਾਰਖੰਡ ਦੇ ਸਾਬਕਾ ਮੰਤਰੀ ਕੇ.ਐੱਨ.ਤ੍ਰਿਪਾਠੀ ਪ੍ਰਧਾਨਗੀ ਦੀ ਦੌੜ ਵਿੱਚ ਰਹਿ ਗਏ ਹਨ। ਨਾਮਜ਼ਦਗੀਆਂ ਭਰਨ ਦਾ ਸਮਾਂ ਅੱਜ ਸ਼ਾਮੀਂ ਤਿੰਨ ਵਜੇ ਤੱਕ ਹੀ ਸੀ ਤੇ ਤਿੰਨਾਂ ਉਮੀਦਵਾਰਾਂ ਨੇ ਅੱਜ ਹੀ ਆਪੋ ਆਪਣੀਆਂ ਨਾਮਜ਼ਦਗੀਆਂ ਭਰੀਆਂ। ਉਂਜ ਇਸ ਮੌਕੇ ਗਾਂਧੀ ਪਰਿਵਾਰ ਗੈਰਹਾਜ਼ਰ ਰਿਹਾ। ਨਾਮਜ਼ਦਗੀਆਂ ਦੀ ਪੜਤਾਲ ਭਲਕੇ ਹੋਵੇਗੀ ਜਦੋਂਕਿ ਨਾਮ 8 ਅਕਤੂਬਰ ਤੱਕ ਵਾਪਸ ਲਏ ਜਾ ਸਕਦੇ ਹਨ। 17 ਅਕਤੂਬਰ ਨੂੰ ਹੋਣ ਵਾਲੀ ਚੋਣ ਲਈ ਦੇਸ਼ ਭਰ ਤੋਂ ਪਾਰਟੀ ਦੇ 9100 ਤੋਂ ਵੱਧ ਡੈਲੀਗੇਟ ਵੋਟ ਪਾਉਣਗੇ। ਨਤੀਜਿਆਂ ਦਾ ਐਲਾਨ 19 ਅਕਤੂਬਰ ਨੂੰ ਹੋਵੇਗਾ। ਸੀਨੀਅਰ ਪਾਰਟੀ ਆਗੂ ਮਲਿਕਾਰਜੁਨ ਖੜਗੇ ਵੱਲੋਂ ਨਾਮਜ਼ਦਗੀਆਂ ਦੇ ਕਈ ਸੈੱਟ ਭਰਨ ਮੌਕੇ ਜੀ 23 ਆਗੂਆਂ ਆਨੰਦ ਸ਼ਰਮਾ, ਪ੍ਰਿਥਵੀਰਾਜ ਚਵਾਨ, ਮਨੀਸ਼ ਤਿਵਾੜੀ ਤੇ ਭੁਪਿੰਦਰ ਹੁੱਡਾ ਸਣੇ ਪਾਰਟੀ ਦੇ ਕਈ ਸਿਖਰਲੇ ਆਗੂ ਉਨ੍ਹਾਂ ਨਾਲ ਮੌਜੂਦ ਸਨ। ਪਾਰਟੀ ਆਗੂਆਂ ਅਸ਼ੋਕ ਗਹਿਲੋਤ, ਦਿਗਵਿਜੈ ਸਿੰਘ, ਪ੍ਰਮੋਦ ਤਿਵਾੜੀ, ਪੀ.ਐੱਲ.ਪੂਨੀਆ, ਏ.ਕੇ.ਐਂਟਨੀ, ਪਵਨ ਕੁਮਾਰ ਬਾਂਸਲ ਤੇ ਮੁਕੁਲ ਵਾਸਨੀਕ ਨੇ ਖੜਗੇ ਵੱਲੋਂ ਭਰੀਆਂ ਨਾਮਜ਼ਦਗੀਆਂ ਦੀ ਤਜਵੀਜ਼ ਤੇ ਤਾਈਦ ਕੀਤੀ। ਉਧਰ ਥਰੂਰ, ਜੋ ਜੀ23 ਸਮੂਹ ਦਾ ਹਿੱਸਾ ਹਨ, ਨੇ ਨਾਮਜ਼ਦਗੀਆਂ ਦੇ ਪੰਜ ਸੈੱਟ ਜਦੋਂਕਿ ਝਾਰਖੰਡ ਦੇ ਸਾਬਕਾ ਮੰਤਰੀ ਤ੍ਰਿਪਾਠੀ ਨੇ ਕਾਂਗਰਸ ਦੀ ਕੇਂਦਰੀ ਚੋਣ ਅਥਾਰਿਟੀ ਦੇ ਚੇਅਰਮੈਨ ਮਧੂਸੂਦਨ ਮਿਸਤਰੀ ਨੂੰ ਇਕ ਸੈੱਟ ਸੌਂਪਿਆ। ਗਾਂਧੀ ਪਰਿਵਾਰ ਦੀ ਹਮਾਇਤ ਕਰਕੇ ਖੜਗੇ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਮਜ਼ਬੂਤ ਦਾਅਵੇਦਾਰ ਹਨ ਤੇ ਅੱਜ ਨਾਮਜ਼ਦਗੀ ਦਾਖ਼ਲ ਕਰਨ ਮੌਕੇ ਉਨ੍ਹਾਂ ਨਾਲ ਪ੍ਰਮੁੱਖ ਆਗੂਆਂ ਦੀ ਮੌਜੂਦਗੀ ਤੋਂ ਇਹ ਗੱਲ ਸਪਸ਼ਟ ਵੀ ਹੋ ਗਈ। ਖੜਗੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਸਾਰੇ ਆਗੂਆਂ, ਪਾਰਟੀ ਵਰਕਰਾਂ ਤੇ ਅਹਿਮ ਰਾਜਾਂ ਦੇ ਡੈਲੀਗੇਟਾਂ ਨੇ ਮੈਨੂੰ ਚੋਣ ਲੜਨ ਲਈ ਹੱਲਾਸ਼ੇਰੀ ਦਿੱਤੀ। ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ, ਜੋ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਮੌਕੇ ਮੇਰੇ ਨਾਲ ਮੌਜੂਦ ਸਨ।’’ ਖੜਗੇ ਨੇ ਕਿਹਾ, ‘‘ਮੈਂ ਹਮੇਸ਼ਾ (ਕਾਂਗਰਸ ਪਾਰਟੀ ਦੀ) ਲੜਾਈ ਲੜੀ ਹੈ ਤੇ ਇਸ ਪਾਰਟੀ, ਜਿਸ ਨਾਲ ਮੈਂ ਆਪਣੇ ਬਚਪਨ ਤੋਂ ਜੁੜਿਆ ਹਾਂ, ਦੇ ਆਦਰਸ਼ਾਂ ਨੂੰ ਕਾਇਮ ਰੱਖਣ ਲਈ ਅੱਗੋਂ ਵੀ ਲੜਾਈ ਲੜਨ ਲਈ ਤਿਆਰ ਹਾਂ।’ ਖੜਗੇ ਨੇ ਕਿਹਾ ਕਿ ਉਹ ਪਾਰਟੀ ਵਿੱਚ ਵੱਡੇ ਬਦਲਾਅ ਲਈ ਲੜ ਰਹੇ ਹਨ। ਤਿੰਨਾਂ ਉਮੀਦਵਾਰਾਂ ਵੱਲੋਂ ਏਆਈਸੀਸੀ ਹੈੱਡਕੁਆਰਟਰ ’ਤੇ ਨਾਮਜ਼ਦਗੀ ਭਰਨ ਮੌਕੇ ਗਾਂਧੀ ਪਰਿਵਾਰ ਦਾ ਕੋਈ ਵੀ ਮੈਂਬਰ ਮੌਜੂਦ ਨਹੀਂ ਸੀ। ਇਸ ਤੋਂ ਪਹਿਲਾਂ ਅੱਜ ਦਿਨੇਂ ਕਾਂਗਰਸ ਆਗੂ ਦਿਗਵਿਜੈ ਸਿੰਘ, ਜਿਨ੍ਹਾਂ ਨੂੰ ਲੰਘੇ ਦਿਨ ਤੱਕ ਗਾਂਧੀ ਪਰਿਵਾਰ ਦਾ ਪਸੰਦੀਦਾ ਉਮੀਦਵਾਰ ਦੱਸਿਆ ਜਾ ਰਿਹਾ ਸੀ, ਨੇ ਪਾਰਟੀ ਪ੍ਰਧਾਨ ਦੀ ਚੋਣ ਨਾ ਲੜਨ ਦਾ ਐਲਾਨ ਕਰ ਦਿੱਤਾ। ਸਿੰਘ ਨੇ ਕਿਹਾ ਕਿ ਉਨ੍ਹਾਂ ਇਸ ਅਹੁਦੇ ਲਈ ਆਪਣੇ ਸੀਨੀਅਰ ਆਗੂ ਮਲਿਕਾਰਜੁਨ ਖੜਗੇ ਦੇ ਨਾਂ ਦੀ ਤਜਵੀਜ਼ ਰੱਖੀ ਹੈ। ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਸਾਰੀ ਉਮਰ ਕਾਂਗਰਸ ਲਈ ਕੰਮ ਕੀਤਾ ਤੇ ਅੱਗੋਂ ਵੀ ਕਰਦੇ ਰਹਿਣਗੇ। -ਪੀਟੀਆਈ
ਵਿਵਾਦਤ ਨਕਸ਼ੇ ਕਰਕੇ ਘਿਰੇ ਥਰੂਰ ਨੇ ਮੁਆਫ਼ੀ ਮੰਗੀ
ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਉਮੀਦਵਾਰ ਸ਼ਸ਼ੀ ਥਰੂਰ ਅੱਜ ਆਪਣੇ ਚੋਣ ਮੈਨੀਫੈਸਟੋ ਵਿੱਚ ਭਾਰਤ ਦੇ ਵਿਵਾਦਤ ਨਕਸ਼ੇ ਕਰਕੇ ਵਿਵਾਵਾਂ ਵਿੱਚ ਘਿਰ ਗਏ। ਹਾਲਾਂਕਿ ਕਾਂਗਰਸੀ ਆਗੂ ਨੇ ਬਾਅਦ ਵਿੱਚ ਭੁੱਲ ਨੂੰ ਸੁਧਾਰਦਿਆਂ ਬਿਨਾਂ ਸ਼ਰਤ ਮੁਆਫ਼ੀ ਮੰਗ ਲਈ। ਦੱਸਣਾ ਬਣਦਾ ਹੈ ਕਿ ਥਰੂਰ ਨੇ ਆਪਣੀ ਚੋਣ ਲਈ ਜਿਹੜਾ ਮੈਨੀਫੈਸਟੋ ਜਾਰੀ ਕੀਤਾ ਸੀ ਉਸ ਵਿੱਚ ਭਾਰਤ ਦੇ ਨਕਸ਼ੇ ’ਚੋਂ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਕੁਝ ਹਿੱਸਿਆਂ ਨੂੰ ਛੱਡਿਆ ਹੋਇਆ ਸੀ। -ਪੀਟੀਆਈ
ਕਾਂਗਰਸ ਨੂੰ ਤਬਦੀਲੀ ਲਈ ਖੜ੍ਹਨਾ ਚਾਹੀਦੈ: ਥਰੂਰ
ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਦੀ ਦੌੜ ’ਚ ਸ਼ਾਮਲ ਤੇ ਸੰਸਦ ਮੈਂਬਰ ਸ਼ਸ਼ੀ ਥਰੂਰ(66) ਨੇ ਜ਼ੋਰ ਦੇ ਕੇ ਆਖਿਆ ਕਿ ਉਨ੍ਹਾਂ ਕੋਲ ਪਾਰਟੀ ਨੂੰ ਮਜ਼ਬੂਤ ਕਰਨ ਲਈ ਦੂਰਦ੍ਰਿਸ਼ਟੀ ਹੈ, ਜੋ ‘ਬਦਲਾਅ’ ਦਾ ਜ਼ਰੀਏ ਹੋਣੀ ਚਾਹੀਦੀ ਹੈ। ਨਾਮਜ਼ਦਗੀ ਭਰਨ ਮਗਰੋਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸਾਬਕਾ ਕੇਂਦਰੀ ਮੰਤਰੀ ਨੇ ਪ੍ਰਧਾਨਗੀ ਦੀ ਚੋਣ ਲਈ ਆਪਣੇ ਵਿਰੋਧੀ ਉਮੀਦਵਾਰ ਮਲਿਕਾਰਜੁਨ ਖੜਗੇ ਨੂੰ ਕਾਂਗਰਸ ਦਾ ‘ਭੀਸ਼ਮ ਪਿਤਾਮਾ’ ਕਰਾਰ ਦਿੱਤਾ। ਥਰੂਰ ਨੇ ਕਿਹਾ, ‘‘ਕਾਂਗਰਸ ਭਾਰਤ ਵਿੱਚ ਇਕੋ ਇਕ ਅਜਿਹੀ ਪਾਰਟੀ ਹੈ, ਜਿਸ ਦਾ ਆਪਣੇ ਆਗੂ ਨੂੰ ਚੁਣਨ ਦਾ ਖੁੱਲ੍ਹਾ ਜਮਹੂਰੀ ਅਮਲ ਹੈ ਤੇ ਅਜਿਹੀ ਪਾਰਟੀ ਦੀ ਸੇਵਾ ਕਰਨਾ ਸੁਭਾਗ ਹੈ।’’ ਤਿਰੂਵਨੰਤਪੁਰਮ ਤੋਂ ਲੋਕ ਸਭਾ ਮੈਂਬਰ ਥਰੂਰ ਨੇ ਕਿਹਾ, ‘‘ਇਹ ਚੋਣ ਦੋਸਤਾਨਾ ਮੁਕਾਬਲਾ ਹੋਵੇਗੀ। ਅਸੀਂ ਇਕ ਦੂਜੇ ਦੇ ਦੁਸ਼ਮਣ ਜਾਂ ਰਵਾਇਤੀ ਵਿਰੋਧੀ ਨਹੀਂ ਹਾਂ। ਇਹ ਉਨ੍ਹਾਂ (ਖੜਗੇ) ਦਾ ਨਿਰਾਦਰ ਨਹੀਂ, ਪਰ ਮੈਂ ਆਪਣੇ ਵਿਚਾਰ ਰੱਖਾਂਗਾ।’’ ਥਰੂਰ ਨੇ ਖੜਗੇ ਨੂੰ ‘ਨਿਰੰਤਰ ਉਮੀਦਵਾਰ’ ਦੱਸਿਆ, ਜੋ ਸਪਸ਼ਟ ਰੂਪ ’ਚ ਇਸ ਗੱਲ ਵੱਲ ਇਸ਼ਾਰਾ ਸੀ ਕਿ ਕਰਨਾਟਕ ਨਾਲ ਸਬੰਧਤ ਆਗੂ ਗਾਂਧੀ ਪਰਿਵਾਰ ਦੀ ਪਹਿਲੀ ਪਸੰਦ ਹੈ। ਉਨ੍ਹਾਂ ਕਿਹਾ, ‘‘ਮੈਨੂੰ ਕੋਈ ਹੈਰਾਨੀ ਨਹੀਂ ਹੈ ਕਿ ਸਥਾਪਤ ਨਿਜ਼ਾਮ ਸਥਿਤੀ ਜਿਉਂ ਦੀ ਤਿਉਂ ਰੱਖਣਾ ਚਾਹੁੰਦਾ ਹੈ। ਜੇਕਰ ਤੁਸੀਂ ਇਹੀ ਕੁਝ ਚਾਹੁੰਦੇ ਹੋ ਤਾਂ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਸ੍ਰੀ ਖੜਗੇ ਨੂੰ ਵੋਟ ਦੇਣਾ ਚਾਹੀਦਾ ਹੈ। ਜੇਕਰ ਤੁਸੀਂ 21ਵੀਂ ਸਦੀ ਦੇ ਬਾਕੀ ਹਿੱਸੇ ’ਤੇ ਨਜ਼ਰ ਰੱਖ ਕੇ ਬਦਲਾਅ ਅਤੇ ਤਰੱਕੀ ਚਾਹੁੰਦੇ ਹੋ, ਤਾਂ ਮੈਨੂੰ ਉਮੀਦ ਹੈ ਕਿ ਮੈਂ ਉਸ ਬਦਲਾਅ ਲਈ ਖੜ੍ਹਾ ਹੋਵਾਂਗਾ।’’ ਆਪਣੇ ਸੰਬੋਧਨ ਦੌਰਾਨ ਥਰੂਰ ਨੇ ਬਹੁਤੀ ਗੱਲ ਹਿੰਦੀ ਵਿੱਚ ਹੀ ਕੀਤੀ। -ਪੀਟੀਆਈ
ਖੜਗੇ ਰਿਮੋਰਟ ਕੰਟਰੋਲ ਸਾਬਤ ਹੋਣਗੇ: ਭਾਜਪਾ
ਨਵੀਂ ਦਿੱਲੀ: ਪਾਰਟੀ ਪ੍ਰਧਾਨ ਦੀ ਚੋਣ ਵਿੱਚ ਸੀਨੀਅਰ ਆਗੂ ਮਲਿਕਾਰਜੁਨ ਖੜਗੇ ਦਾ ਨਾਂ ਪਸੰਦੀਦਾ ਉਮੀਦਵਾਰ ਵਜੋਂ ਉਭਰਨ ਦੇ ਹਵਾਲੇ ਨਾਲ ਭਾਜਪਾ ਨੇ ਅੱਜ ਕਾਂਗਰਸ ’ਤੇ ਚੁਟਕੀ ਲੈਂਦਿਆਂ ਕਿਹਾ ਕਿ ਖੜਗੇ ਗਾਂਧੀ ਪਰਿਵਾਰ ਦਾ ‘ਪ੍ਰਤੀਨਿਧ’ ਤੇ ‘ਰਿਮੋਰਟ ਕੰਟਰੋਲ’ ਹੀ ਸਾਬਤ ਹੋਵੇਗਾ। ਭਾਜਪਾ ਆਈਟੀ ਵਿਭਾਗ ਦੇ ਮੁਖੀ ਅਮਿਤ ਮਾਲਵੀਆ ਨੇ ਟਵੀਟ ਕੀਤਾ, ‘‘80 ਸਾਲਾਂ ਦੇ ਮਲਿਕਾਰਜੁਨ ਖੜਗੇ ਕਾਂਗਰਸ ਲਈ ਪ੍ਰੇਰਨਾਦਾਇਕ ਵਿਕਲਪ ਹਨ। ਉਹ ਯੁਵਾ, ਊਰਜਾ ਨਾਲ ਭਰੇ ਤੇ ਪਾਰਟੀ ਦੀ ਮੁੜ ਸੁਰਜੀਤੀ ਨੂੰ ਯਕੀਨੀ ਬਣਾਉਣਗੇ, ਜਿਸ ਦੀ ਕਾਂਗਰਸ ਨੂੰ ਲੋੜ ਹੈ। ਉਨ੍ਹਾਂ ਨੂੰ ਸਿਰਫ਼ ਡਾ.ਮਨਮੋਹਨ ਸਿੰਘ ਵਾਲਾ ਮੈਨੂਅਲ ‘ਲਿਵਿੰਗ ਬਾਇ ਦਿ ਰਿਮੋਰਟ ਕੰਟਰੋਲ’ ਚੁੱਕਣਾ ਚਾਹੀਦਾ ਸੀ ਤੇ ਸਾਰੇ ਮਸਲੇ ਹੱਲ ਹੋ ਜਾਂਦੇ।’’ ਪਾਰਟੀ ਦੇ ਕੌਮੀ ਤਰਜਮਾਨ ਸ਼ਹਿਜ਼ਾਦ ਪੂਨਾਵਾਲਾ ਨੇ ਕਿਹਾ, ‘‘ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਗਾਂਧੀ ਪਰਿਵਾਰ ਨਾਲ ਲਿਹਾਜ਼ ਖਤਮ ਹੋਣ ਮਗਰੋਂ ਹੁਣ 80 ਸਾਲਾ ਮਲਿਕਾਰਜੁਨ ਖੜਗੇ ਜੀ ਨੂੰ ਰਿਮੋਰਟ ਕੰਟਰੋਲ ਨਾਲ ਚਲਾਏ ਜਾਣ ਵਾਲੇ ‘ਪ੍ਰਤੀਨਿਧ’ ਉਮੀਦਵਾਰ ਵਜੋਂ ਚੁਣਿਆ ਗਿਆ ਹੈ, ਜਿਨ੍ਹਾਂ ਨੂੰ ਥਰੂਰ ਦੀ ਪ੍ਰਭਾਵਹੀਣ ਦਾਅਵੇਦਾਰੀ ਅੱਗੇ ‘ਅਧਿਕਾਰਤ ਉਮੀਦਵਾਰ’ ਵਜੋਂ ਪੇਸ਼ ਕੀਤਾ ਗਿਆ ਹੈ। ਕੀ ਅਜੇ ਵੀ ਸਾਫ਼ ਨਹੀਂ ਹੈ ਕਿ ਖੜਗੇ ਲਈ ਮੈਚ ਫਿਕਸ ਕੀਤਾ ਗਿਆ ਹੈ।’’ -ਪੀਟੀਆਈ