ਨਵੀਂ ਦਿੱਲੀ, 20 ਅਗਸਤ
ਕੇਂਦਰੀ ਚੋਣ ਅਥਾਰਿਟੀ ਅਗਲੇ ਕਾਂਗਰਸ ਪ੍ਰਧਾਨ ਦੀ ਚੋਣ ਪ੍ਰਕਿਰਿਆ ਲਈ ਪਾਰਟੀ ਦੀ ਵਰਕਿੰਗ ਕਮੇਟੀ (ਸੀਡਬਲਿਊਸੀ) ਦੀ ਹਰੀ ਝੰਡੀ ਉਡੀਕ ਰਹੀ ਹੈ। ਚੋਣ ਅਥਾਰਿਟੀ ਜਥੇਬੰਦਕ ਚੋਣਾਂ ਕਰਾਉਣ ਲਈ ਜ਼ਿੰਮੇਵਾਰ ਹੈ। ਇਸ ਵੱਲੋਂ ਵੋਟਰ ਸੂਚੀ ਉਤੇ ਕੰਮ ਮੁਕੰਮਲ ਕਰ ਲਿਆ ਗਿਆ ਹੈ। ਸੀਡਬਲਿਊਸੀ ਵੱਲੋਂ ਆਖ਼ਰੀ ਫ਼ੈਸਲਾ ਲਏ ਜਾਣ ਤੋਂ ਬਾਅਦ ਹੀ ਚੋਣ ਪ੍ਰਕਿਰਿਆ ਦਾ ਕੰਮ ਸਿਰੇ ਚੜ੍ਹੇਗਾ। ਪਾਰਟੀ ਦੇ ਜ਼ਿਆਦਾਤਰ ਆਗੂਆਂ ਨੂੰ ਲੱਗਦਾ ਹੈ ਕਿ ਰਾਹੁਲ ਗਾਂਧੀ ਨੂੰ ਪ੍ਰਧਾਨ ਵਜੋਂ ਅਹੁਦਾ ਸੰਭਾਲ ਲੈਣਾ ਚਾਹੀਦਾ ਹੈ ਪਰ ਹਾਲੇ ਇਸ ਬਾਰੇ ਕੁਝ ਸਪੱਸ਼ਟ ਨਹੀਂ ਹੈ। 2019 ਦੀਆਂ ਚੋਣਾਂ ਵਿਚ ਪਾਰਟੀ ਨੂੰ ਲੱਗੇ ਝਟਕੇ ਤੋਂ ਬਾਅਦ ਉਨ੍ਹਾਂ ਪਾਰਟੀ ਪ੍ਰਧਾਨ ਦਾ ਅਹੁਦਾ ਛੱਡ ਦਿੱਤਾ ਸੀ। ਕਾਂਗਰਸ ਸੋਨੀਆ ਗਾਂਧੀ ਨੂੰ ਵੀ ਅੰਤ੍ਰਿਮ ਪ੍ਰਧਾਨ ਵਜੋਂ ਬਰਕਰਾਰ ਰੱਖ ਸਕਦੀ ਹੈ ਤੇ ਹਰੇਕ ਜ਼ੋਨ ਲਈ ਕਾਰਜਕਾਰੀ ਪ੍ਰਧਾਨ ਥਾਪੇ ਜਾ ਸਕਦੇ ਹਨ। ਇਸ ਤੋਂ ਪਹਿਲਾਂ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦਾ ਨਾਂ ਵੀ ਚਰਚਾ ਵਿਚ ਰਹਿ ਚੁੱਕਾ ਹੈ ਪਰ ਉਨ੍ਹਾਂ ਰਾਹੁਲ ਗਾਂਧੀ ਨੂੰ ਪ੍ਰਧਾਨ ਬਣਾਉਣ ਦਾ ਪੱਖ ਪੂਰਿਆ ਸੀ। ਕਾਂਗਰਸ ਨੇ ਚੋਣ ਪ੍ਰਕਿਰਿਆ ’ਤੇ ਕੰਮ 21 ਅਗਸਤ ਨੂੰ ਆਰੰਭਣਾ ਸੀ ਪਰ ਵਰਕਿੰਗ ਕਮੇਟੀ ਦੀ ਮੀਟਿੰਗ ਹਾਲੇ ਤੱਕ ਨਹੀਂ ਸੱਦੀ ਗਈ। ਅਨੁਸੂਚਿਤ ਜਾਤੀਆਂ ਦੇ ਕੁਝ ਮੈਂਬਰਾਂ ਨੂੰ ਵੀ ਚੋਟੀ ਦੇ ਅਹੁਦੇ ਦਿੱਤੇ ਜਾ ਸਕਦੇ ਹਨ। ਇਨ੍ਹਾਂ ਵਿਚ ਸੁਸ਼ੀਲ ਕੁਮਾਰ ਸ਼ਿੰਦੇ ਤੇ ਮੀਰਾ ਕੁਮਾਰ ਸ਼ਾਮਲ ਹਨ। ਇਸ ਤੋਂ ਇਲਾਵਾ ਰਾਹੁਲ ਗਾਂਧੀ ਦੇ ਨੇੜੇ ਮੰਨੇ ਜਾਂਦੇ ਮਲਿਕਾਰਜੁਨ ਖੜਗੇ ਨੂੰ ਵੀ ਕਰਨਾਟਕ ਚੋਣਾਂ ਦੇ ਮੱਦੇਨਜ਼ਰ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ। ਸੂਤਰਾਂ ਮੁਤਾਬਕ ਰਾਹੁਲ ਜਲਦੀ ਹੀ ਸੂਬਾਈ ਇਕਾਈਆਂ ਨਾਲ ਬੈਠਕਾਂ ਕਰ ਸਕਦੇ ਹਨ। ਆਮ ਚੋਣਾਂ ਤੋਂ ਪਹਿਲਾਂ ਉਹ ਦੇਸ਼ ਦੇ ਹਰ ਜ਼ਿਲ੍ਹੇ ਦਾ ਦੌਰਾ ਕਰਨ ਦੀ ਯੋਜਨਾ ਵੀ ਬਣਾ ਰਹੇ ਹਨ। -ਆਈਏਐੱਨਐੱਸ