ਨਵੀਂ ਦਿੱਲੀ, 18 ਅਗਸਤ
ਭਾਰਤੀ ਚੋਣ ਕਮਿਸ਼ਨਰ ਅਸ਼ੋਕ ਲਵਾਸਾ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਊਨ੍ਹਾਂ ਨੇ ਭਾਰਤੀ ਚੋਣ ਕਮਿਸ਼ਨ ਦਾ ਅਗਲਾ ਮੁਖੀ ਬਣਨਾ ਸੀ। ਸ੍ਰੀ ਲਵਾਸਾ ਅਗਲੇ ਮਹੀਨੇ ਫਿਲਪੀਨ ਦੀ ਏਸ਼ੀਅਨ ਡਿਵਲਪਮੈਂਟ ਬੈਂਕ (ਏਡੀਬੀ) ਦੇ ਵਾਈਸ ਪ੍ਰੈਂਜ਼ੀਡੈਂਟ ਦਾ ਅਹੁਦਾ ਸੰਭਾਲਣਗੇ। ਚੋਣ ਕਮਿਸ਼ਨਰ ਲਵਾਸਾ ਪਿਛਲੇ ਸਾਲ ਲੋਕ ਸਭਾ ਚੋਣਾਂ ਦੌਰਾਨ ਊਸ ਸਮੇਂ ਸੁਰਖ਼ੀਆਂ ਵਿੱਚ ਆਏ ਸਨ, ਜਦੋਂ ਊਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਤਤਕਾਲੀ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਆਦਰਸ਼ ਚੋਣ ਜ਼ਾਬਤੇ ਦੀ ਊਲੰਘਣਾ ਦੇ ਦੋਸ਼ਾਂ ਤੋਂ ਕਲੀਨ ਚਿੱਟ ਦੇਣ ਵਾਲੇ ਚੋਣ ਪੈਨਲ ਨਾਲ ਅਸਹਿਮਤੀ ਦਰਜ ਕਰਵਾਈ ਸੀ। ਸ੍ਰੀ ਲਵਾਸਾ ਏਡੀਬੀ ਦੇ ਵਾਈਸ ਪ੍ਰੈਜ਼ੀਡੈਂਟ ਵਜੋਂ ਦਿਵਾਂਕਰ ਗੁਪਤਾ ਦੀ ਥਾਂ ਲੈਣਗੇ, ਜਿਨ੍ਹਾਂ ਦਾ ਕਾਰਜਕਾਲ 31 ਅਗਸਤ ਨੂੰ ਖ਼ਤਮ ਹੋ ਰਿਹਾ ਹੈ। ਊਹ ਹਰਿਆਣਾ ਦੇ 1980 ਬੈਚ ਦੇ ਸੇਵਾ ਮੁਕਤ ਆਈਏਐੱਸ ਅਧਿਕਾਰੀ ਹਨ। ਸ੍ਰੀ ਲਵਾਸਾ ਨੇ ਮੌਜੂਦਾ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਦੇ ਅਪਰੈਲ 2021 ਵਿੱਚ ਸੇਵਾਮੁਕਤ ਹੋਣ ਮਗਰੋਂ ਭਾਰਤੀ ਚੋਣ ਕਮਿਸ਼ਨ ਦਾ ਅਗਲਾ ਮੁਖੀ ਬਣਨਾ ਸੀ। -ਆਈਏਐੱਨਐੱਸ
ਕੋਵਿਡ: ਚੋਣਾਂ ਬਾਰੇ ਤਿੰਨ ਦਿਨਾਂ ’ਚ ਹਦਾਇਤਾਂ ਜਾਰੀ ਕਰੇਗਾ ਕਮਿਸ਼ਨ
ਨਵੀਂ ਦਿੱਲੀ: ਚੋਣ ਕਮਿਸ਼ਨ ਕੋਵਿਡ-19 ਮਹਾਮਾਰੀ ਦਰਮਿਆਨ ਹੋਣ ਵਾਲੀਆਂ ਚੋਣਾਂ ਲਈ ‘ਵਿਸਤਾਰ’ ਵਿਚ ਹਦਾਇਤਾਂ ਤਿੰਨ ਦਿਨਾਂ ’ਚ ਜਾਰੀ ਕਰੇਗਾ। ਕਮਿਸ਼ਨ ਦੀ ਅੱਜ ਹੋਈ ਬੈਠਕ ਵਿਚ ਸਾਧਾਰਨ ਚੋਣਾਂ ਤੇ ਜ਼ਿਮਨੀ ਚੋਣਾਂ ਲਈ ਹਦਾਇਤਾਂ ਜਾਰੀ ਕਰਨ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਚਰਚਾ ਉਨ੍ਹਾਂ ਚੋਣਾਂ ਉਤੇ ਕੇਂਦਰਤ ਸੀ ਜੋ ‘ਕੋਵਿਡ-19’ ਦੌਰਾਨ ਹੋਣੀਆਂ ਹਨ। ਕਮਿਸ਼ਨ ਨੇ ਸਿਆਸੀ ਧਿਰਾਂ ਵੱਲੋਂ ਦਿੱਤੇ ਸੁਝਾਅ ਵਿਚਾਰੇ ਹਨ। ਇਸ ਤੋਂ ਇਲਾਵਾ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਚੋਣ ਅਧਿਕਾਰੀਆਂ ਵੱਲੋਂ ਦਿੱਤੀ ਸਲਾਹ ਦਾ ਵੀ ਖ਼ਿਆਲ ਰੱਖਿਆ ਗਿਆ ਹੈ। ਸਾਰੇ ਪੱਖਾਂ ਨੂੰ ਧਿਆਨ ਵਿਚ ਰੱਖਦਿਆਂ ਕਮਿਸ਼ਨ ਤਿੰਨ ਦਿਨਾਂ ਦੇ ਅੰਦਰ ਹਦਾਇਤਾਂ ਤੇ ਨੇਮ ਜਾਰੀ ਕਰ ਦੇਵੇਗਾ। ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਮੁਤਾਬਕ ਚੋਣਾਂ ਵਾਲੇ ਸੂਬਿਆਂ ਵਿਚ ਅਧਿਕਾਰੀ ਵਿਆਪਕ ਯੋਜਨਾਬੰਦੀ ਕਰਨਗੇ। ਕੋਵਿਡ-19 ਦੀ ਸਥਿਤੀ ਤੇ ਉਨ੍ਹਾਂ ਇਲਾਕਿਆਂ ਦੀ ਸਥਿਤੀ ਮੁਤਾਬਕ ਚੋਣਾਂ ਦੀ ਪ੍ਰਕਿਰਿਆ ਤੈਅ ਕੀਤੀ ਜਾਵੇਗੀ। ਬਿਹਾਰ ਵਿਧਾਨ ਸਭਾ ਦੀ ਮਿਆਦ 29 ਨਵੰਬਰ ਨੂੰ ਮੁੱਕ ਰਹੀ ਹੈ। ਚੋਣਾਂ ਅਕਤੂਬਰ-ਨਵੰਬਰ ਵਿਚ ਕਰਵਾਏ ਜਾਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਕਈ ਜ਼ਿਮਨੀ ਚੋਣਾਂ ਵੀ ਕਰੋਨਾਵਾਇਰਸ ਕਾਰਨ ਮੁਲਤਵੀ ਹੋ ਗਈਆਂ ਸਨ ਤੇ ਨਵਾਂ ਸ਼ਡਿਊਲ ਹੁਣ ਤੱਕ ਨਹੀਂ ਐਲਾਨਿਆ ਗਿਆ ਹੈ। -ਪੀਟੀਆਈ