ਨੈਨੀਤਾਲ, 6 ਜਨਵਰੀ
ਉੱਤਰਾਖੰਡ ਹਾਈ ਕੋਰਟ ਨੇ ਭਾਰਤ ਦੇ ਚੋਣ ਕਮਿਸ਼ਨ ਨੂੰ ਸਵਾਲ ਕੀਤਾ ਹੈ ਕਿ ਕੀ ਅਗਾਮੀ ਸੂਬਾਈ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੋਣ ਰੈਲੀਆਂ ਤੇ ਵੋਟਿੰਗ ਦਾ ਅਮਲ ਵਰਚੁਅਲ ਰੂਪ ਵਿੱਚ ਸਿਰੇ ਚਾੜ੍ਹਨਾ ਸੰਭਵ ਹੈ ਜਾਂ ਨਹੀਂ। ਹਾਈ ਕੋਰਟ ਦੇ ਕਾਰਜਕਾਰੀ ਚੀਫ਼ ਜਸਟਿਸ ਸੰਜੈ ਕੁਮਾਰ ਮਿਸ਼ਰਾ ਤੇ ਜਸਟਿਸ ਐੱਨ.ਐੱਸ.ਧਾਨਿਕ ਦੇ ਡਿਵੀਜ਼ਨ ਬੈਂਚ ਨੇ ਉਪਰੋਕਤ ਸਵਾਲ ਬੁੱਧਵਾਰ ਨੂੰ ਇਕ ਜਨਹਿਤ ਪਟੀਸ਼ਨ ਦੀ ਸੁਣਵਾਈ ਕਰਦਿਆਂ ਕੀਤਾ ਸੀ। ਪਟੀਸ਼ਨਰ ਨੇ ਕੋਵਿਡ-19 ਤੇ ਇਸ ਦੇ ਨਵੇਂ ਸਰੂਪ ਓਮੀਕਰੋਨ ਦੇ ਵਧਦੇ ਕੇਸਾਂ ਦੇ ਹਵਾਲੇ ਨਾਲ ਉੱਤਰਾਖੰਡ ਵਿਧਾਨ ਸਭਾ ਦੀਆਂ ਅਗਾਮੀ ਚੋਣਾਂ ਨੂੰ ਮੁਲਤਵੀ ਕੀਤੇ ਜਾਣ ਦੀ ਮੰਗ ਕੀਤੀ ਸੀ। ਹਾਈ ਕੋਰਟ ਨੇ ਚੋਣ ਕਮਿਸ਼ਨ ਨੂੰ ਕਿਹਾ ਕਿ ਉਹ ਵਰਚੁਅਲ ਰੈਲੀਆਂ ਜਿਹੇ ਬਦਲਾਂ ’ਤੇ ਵਿਚਾਰ ਕਰੇ। ਹਾਈ ਕੋਰਟ ਨੇ ਕੇਸ ਦੀ ਅਗਲੀ ਸੁਣਵਾਈ 12 ਜਨਵਰੀ ਲਈ ਨਿਰਧਾਰਿਤ ਕਰਦਿਆਂ ਚੋਣ ਕਮਿਸ਼ਨ ਨੂੰ ਉਸ ਤੋਂ ਪਹਿਲਾਂ ਜਵਾਬ ਦਾਖਲ ਕਰਨ ਲਈ ਕਿਹਾ ਹੈ। ਪਟੀਸ਼ਨਰ ਦੇ ਵਕੀਲ ਸ਼ਿਵ ਭੱਟ ਨੇ ਆਪਣੀ ਅਪੀਲ ਵਿੱਚ ਇਸ ਗੱਲ ਦਾ ਵਿਸ਼ੇਸ਼ ਜ਼ਿਕਰ ਕੀਤਾ ਸੀ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦੇਹਰਾਦੂਨ ਵਿੱਚ ਚੋਣ ਰੈਲੀ ਕਰਨ ਤੋਂ ਇਕ ਦਿਨ ਮਗਰੋਂ ਕਰੋਨਾ ਹੋ ਗਿਆ। ਭੱਟ ਨੇ ਕਿਹਾ ਕਿ ਰੈਲੀਆਂ ਲੋਕਾਂ ਲਈ ਖ਼ਤਰਨਾਕ ਸਾਬਤ ਹੋ ਸਕਦੀਆਂ ਹਨ। -ਪੀਟੀਆਈ