ਨਵੀਂ ਦਿੱਲੀ, 15 ਜਨਵਰੀ
ਕੋਵਿਡ-19 ਦੇ ਵਧ ਰਹੇ ਕੇਸਾਂ ਦਰਮਿਆਨ ਚੋਣ ਕਮਿਸ਼ਨ ਨੇ ਪੰਜ ਸੂਬਿਆਂ ’ਚ ਹੋ ਰਹੀਆਂ ਵਿਧਾਨ ਸਭਾ ਚੋਣਾਂ ’ਚ ਰੈਲੀਆਂ ਅਤੇ ਰੋਡ ਸ਼ੋਅਜ਼ ’ਤੇ 22 ਜਨਵਰੀ ਤੱਕ ਪਾਬੰਦੀ ਵਧਾ ਦਿੱਤੀ ਹੈ। ਕਮਿਸ਼ਨ ਨੇ ਕਿਹਾ ਕਿ ਹੈ ਕਿ ਉਹ ਹਾਲਾਤ ’ਤੇ ਨਜ਼ਰ ਰਖਣਗੇ ਅਤੇ ਫਿਰ ਨਵੇਂ ਨਿਰਦੇਸ਼ ਜਾਰੀ ਕੀਤੇ ਜਾਣਗੇ। ਉਂਜ ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਨੂੰ ਥੋੜੀ ਰਾਹਤ ਦਿੰਦਿਆਂ ਹਾਲ ਅੰਦਰ 50 ਫ਼ੀਸਦੀ ਸਮਰੱਥਾ ਜਾਂ ਵਧ ਤੋਂ ਵਧ 300 ਲੋਕਾਂ ਦੇ ਇਕੱਠ ਦੀ ਇਜਾਜ਼ਤ ਦਿੱਤੀ ਹੈ। ਬਿਆਨ ’ਚ ਕਿਹਾ ਗਿਆ ਹੈ ਕਿ ਪ੍ਰਦੇਸ਼ ਆਫ਼ਤ ਪ੍ਰਬੰਧਨ ਅਧਿਕਾਰੀਆਂ ਵੱਲੋਂ ਤੈਅ ਸਮਰੱਥਾ ਮੁਤਾਬਕ ਵੀ ਰੈਲੀਆਂ ਕੀਤੀਆਂ ਜਾ ਸਕਦੀਆਂ ਹਨ। ਚੋਣ ਕਮਿਸ਼ਨ ਨੇ ਕਿਹਾ ਕਿ ਉਨ੍ਹਾਂ ਮੌਜੂਦਾ ਹਾਲਾਤ ਨੂੰ ਦੇਖਦਿਆਂ ਅਤੇ ਕੇਂਦਰੀ ਸਿਹਤ ਮੰਤਰਾਲੇ, ਮੁੱਖ ਸਕੱਤਰਾਂ ਅਤੇ ਹੋਰ ਅਧਿਕਾਰੀਆਂ ਨਾਲ ਵਰਚੁਅਲੀ ਬੈਠਕ ਕਰਨ ਮਗਰੋਂ ਇਹ ਫ਼ੈਸਲਾ ਲਿਆ ਹੈ। ਬਿਆਨ ’ਚ ਕਿਹਾ ਗਿਆ ਹੈ,‘‘ਰੋਡ ਸ਼ੋਅ, ਪੈਦਲ ਯਾਤਰਾ, ਸਾਈਕਲ, ਬਾਈਕ, ਵਾਹਨ ਰੈਲੀ ਅਤੇ ਜਲੂਸ ਆਦਿ ਕੱਢੇ ਜਾਣ ਦੀ 22 ਜਨਵਰੀ ਤੱਕ ਰੋਕ ਰਹੇਗੀ।’’ ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਕੋਵਿਡ ਉਚਿਤ ਵਿਵਹਾਰ ਦੇ ਨੇਮਾਂ ਨੂੰ ਯਕੀਨੀ ਬਣਾਉਣ ਅਤੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਨਾ ਕੀਤੀ ਜਾਵੇ। ਚੋਣ ਕਮਿਸ਼ਨ ਨੇ ਸੂਬਿਆਂ ਅਤੇ ਜ਼ਿਲ੍ਹਾ ਪ੍ਰਸ਼ਾਸਨਾਂ ਨੂੰ ਚੋਣ ਕੋਡ ਅਤੇ ਮਹਾਮਾਰੀ ਨਾਲ ਸਬੰਧਤ ਸਾਰੇ ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਉਣ ਦੇ ਵੀ ਨਿਰਦੇਸ਼ ਦਿੱਤੇ ਹਨ। ਵੱਖ ਵੱਖ ਖੇਤਰੀ ਪਾਰਟੀਆਂ ਨੇ ਚੋਣ ਕਮਿਸ਼ਨ ਨੂੰ ਬੇਨਤੀ ਕੀਤੀ ਸੀ ਕਿ ਉਹ ਰੈਲੀਆਂ ’ਤੇ ਪਾਬੰਦੀ ਬਾਰੇ ਨੇਮਾਂ ’ਚ ਰਾਹਤ ਦੇਵੇ ਕਿਉਂਕਿ ਵਰਚੁਅਲੀ ਰੈਲੀਆਂ ਨਾਲ ਸਿਰਫ਼ ਅਮੀਰ ਪਾਰਟੀਆਂ ਨੂੰ ਹੀ ਸਹਾਇਤਾ ਮਿਲੇਗੀ। ਇਸ ਤੋਂ ਪਹਿਲਾਂ 8 ਜਨਵਰੀ ਨੂੰ ਉੱਤਰ ਪ੍ਰਦੇਸ਼, ਉੱਤਰਾਖੰਡ, ਮਨੀਪੁਰ, ਗੋਆ ਅਤੇ ਪੰਜਾਬ ’ਚ ਚੋਣ ਤਰੀਕਾਂ ਦਾ ਐਲਾਨ ਕਰਦਿਆਂ ਚੋਣ ਕਮਿਸ਼ਨ ਨੇ ਰੈਲੀਆਂ, ਰੋਡ ਸ਼ੋਅ ਅਤੇ ਪੈਦਲ ਯਾਤਰਾ ਆਦਿ ’ਤੇ 15 ਜਨਵਰੀ ਤੱਕ ਲਈ ਰੋਕ ਲਗਾ ਦਿੱਤੀ ਸੀ। -ਪੀਟੀਆਈ
ਓਮੀਕਰੋਨ: ਮਰੀਜ਼ਾਂ ਦੀ ਗਿਣਤੀ ਛੇ ਹਜ਼ਾਰ ਤੋਂ ਪਾਰ
ਨਵੀਂ ਦਿੱਲੀ: ਭਾਰਤ ਵਿਚ ਅੱਜ ਕਰੋਨਾਵਾਇਰਸ ਦੇ 2,68,833 ਨਵੇਂ ਕੇਸ ਦਰਜ ਕੀਤੇ ਗਏ, ਜਿਸ ਨਾਲ ਮਹਾਮਾਰੀ ਦੇ ਕੁੱਲ ਮਰੀਜ਼ਾਂ ਦੀ ਗਿਣਤੀ 3,68,50,962 ਹੋ ਗਈ ਹੈ। ਇਨ੍ਹਾਂ ਮਾਮਲਿਆਂ ਵਿਚ ਕਰੋਨਾ ਦੇ ਨਵੇਂ ਸਰੂਪ ਓਮੀਕਰੋਨ ਦੇ 6,041 ਕੇਸ ਵੀ ਸ਼ਾਮਲ ਹਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ’ਚ ਦੇਸ਼ ਭਰ ਵਿਚ ਕਰੋਨਾ ਕਾਰਨ 402 ਹੋਰ ਮੌਤਾਂ ਹੋਈਆਂ ਹਨ ਜਿਸ ਕਾਰਨ ਲਾਗ ਨਾਲ ਹੋਣ ਵਾਲੀਆਂ ਮੌਤਾਂ ਦੀ ਕੁੱਲ ਗਿਣਤੀ 4,85,752 ਹੋ ਗਈ ਹੈ। ਇਸ ਤਰ੍ਹਾਂ ਦੇਸ਼ ਵਿਚ ਕਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਦੀ ਦਰ 1.32 ਫ਼ੀਸਦ ਹੈ। ਹੁਣ ਤੱਕ ਦੇਸ਼ ਭਰ ਵਿਚ ਕਰੋਨਾ ਦੇ ਨਵੇਂ ਸਰੂਪ ਓਮੀਕਰੋਨ ਦੇ 6,041 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਦੀ ਗਿਣਤੀ ਵਿਚ ਸ਼ੁੱਕਰਵਾਰ ਤੋਂ ਲੈ ਕੇ ਹੁਣ ਤੱਕ 5.01 ਫ਼ੀਸਦ ਤੱਕ ਦਾ ਵਾਧਾ ਹੋਇਆ ਹੈ। ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਦੇਸ਼ ਵਿਚ ਕਰੋਨਾ ਦੀ ਰੋਜ਼ਾਨਾ ਦੀ ਦਰ 16.66 ਫ਼ੀਸਦ ਜਦਕਿ ਹਫ਼ਤਾਵਾਰੀ ਦਰ 12.84 ਫ਼ੀਸਦ ਦਰਜ ਕੀਤੀ ਗਈ। ਦੇਸ਼ ਵਿਚ ਮਹਾਮਾਰੀ ਦੇ ਐਕਟਿਵ ਕੇਸਾਂ ਦੀ ਗਿਣਤੀ ਵਧ ਕੇ 14,17,820 ਹੋ ਗਈ ਹੈ ਜੋ ਕਿ 223 ਦਿਨਾਂ ਵਿਚ ਸਭ ਤੋਂ ਜ਼ਿਆਦਾ ਹੈ ਅਤੇ ਇਹ ਐਕਟਿਵ ਕੇਸ, ਕੁੱਲ ਕੇਸਾਂ ਦਾ 3.85 ਫੀਸਦ ਹਨ। ਕੌਮੀ ਪੱਧਰ ’ਤੇ ਕੋਵਿਡ-19 ਦੇ ਮਰੀਜ਼ਾਂ ਦੇ ਠੀਕ ਹੋਣ ਦੀ ਦਰ ਘੱਟ ਕੇ 94.83 ਰਹਿ ਗਈ ਹੈ। ਹੁਣ ਤੱਕ ਦੇਸ਼ ਵਿਚ 3,49,47,390 ਮਰੀਜ਼ ਕੋਵਿਡ-19 ਤੋਂ ਉੱਭਰ ਕੇ ਠੀਕ ਹੋ ਚੁੱਕੇ ਹਨ। ਦੇਸ਼ ਵਿਚ ਹੁਣ ਤੱਕ ਕਰੋਨਾ ਵਿਰੋਧੀ ਟੀਕੇ ਦੀਆਂ 156.02 ਕਰੋੜ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। -ਪੀਟੀਆਈ