ਮੁੰਬਈ, 9 ਅਗਸਤ
ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਅਹੁਦੇ ਦੀ ਸਹੁੰ ਚੁੱਕਣ ਤੋਂ 41 ਦਿਨ ਬਾਅਦ ਅੱਜ ਆਪਣੀ ਦੋ ਮੈਂਬਰੀ ਵਜ਼ਾਰਤ ਵਿੱਚ ਵਾਧਾ ਕਰਦਿਆਂ 18 ਨਵੇਂ ਮੰਤਰੀ ਸ਼ਾਮਲ ਕੀਤੇ। ਸ਼ਿੰਦੇ ਨੇ ਸ਼ਿਵ ਸੈਨਾ ਦੇ ਬਾਗੀ ਧੜੇ ਅਤੇ ਭਾਜਪਾ ’ਚੋਂ ਨੌਂ-ਨੌਂ ਮੰਤਰੀ ਬਣਾਏ। ਮੰਤਰੀਆਂ ਦੀ ਸੂਚੀ ਵਿੱਚ ਇਕ ਵੀ ਮਹਿਲਾ ਸ਼ਾਮਲ ਨਹੀਂ ਹੈ, ਜਿਸ ’ਤੇ ਸਿਆਸੀ ਆਗੂਆਂ ਨੇ ਇਤਰਾਜ਼ ਦਾਇਰ ਕੀਤਾ ਹੈ। ਸੂਬੇ ਵਿੱਚ ਇਕ ਵਿਧਾਨਕ ਕੌਂਸਲ ਦੀ ਮੈਂਬਰ ਸਣੇ ਭਾਜਪਾ ਕੋਲ 12 ਮਹਿਲਾ ਵਿਧਾਇਕ ਹਨ। ਸ਼ਿੰਦੇ ਧੜੇ ਕੋਲ ਦੋ ਮਹਿਲਾ ਵਿਧਾਇਕ ਹਨ ਅਤੇ ਇਕ ਆਜ਼ਾਦ ਮਹਿਲਾ ਵਿਧਾਇਕ ਦਾ ਸਮਰਥਨ ਪ੍ਰਾਪਤ ਹੈ। ਵਿਧਾਨਕ ਕੌਂਸਲ ਦੀਆਂ ਤਿੰਨ ਮੈਂਬਰਾਂ ਸਣੇ ਮਹਾਰਾਸ਼ਟਰ ਵਿੱਚ 28 ਮਹਿਲਾ ਵਿਧਾਇਕ ਹਨ। ਰਾਸ਼ਟਰਵਾਦੀ ਕਾਂਗਰਸ ਪਾਰਟੀ ਦੀ ਸੰਸਦ ਮੈਂਬਰ ਸੁਪ੍ਰਿਆ ਸੂਲੇ ਨੇ ਕਿਹਾ, ‘‘ਮਹਾਰਾਸ਼ਟਰ ਮਹਿਲਾਵਾਂ ਨੂੰ ਰਾਖਵਾਂਕਰਨ ਦੇਣ ਵਾਲਾ ਦੇਸ਼ ਦਾ ਪਹਿਲਾ ਰਾਜ ਸੀ। ਉਨ੍ਹਾਂ ਕਿਹਾ ਕਿ ਸੂਬਾਈ ਮੰਤਰੀ ਮੰਡਲ ਵਿੱਚ ਮਹਿਲਾਵਾਂ ਨੂੰ ਨੁਮਾਇੰਦਗੀ ਨਹੀਂ ਦਿੱਤੀ ਗਈ ਹੈ। ਇਸ ਤੋਂ ਭਾਜਪਾ ਦੀ ਮਾਨਸਿਕਤਾ ਝਲਕਦੀ ਹੈ।’’
ਅੱਜ ਦੱਖਣੀ ਭਾਜਪਾ ਦੇ ਸੂਬਾ ਪ੍ਰਧਾਨ ਚੰਦਰਕਾਂਤ ਪਾਟਿਲ ਸਣੇ 18 ਵਿਧਾਇਕਾਂ ਨੇ ਕੈਬਨਿਟ ਮੰਤਰੀਆਂ ਵਜੋਂ ਹਲਫ਼ ਲਿਆ। ਮਹਾਰਾਸ਼ਟਰ ਮੰਤਰੀ ਮੰਡਲ ਦੇ ਮੈਂਬਰਾਂ ਦੀ ਗਿਣਤੀ ਵਧ ਕੇ ਹੁਣ 20 ਹੋ ਗਈ ਹੈ। ਰਾਜਪਾਲ ਬੀ.ਐੱਸ. ਕੋਸ਼ਿਆਰੀ ਨੇ ਨਵੇਂ ਮੰਤਰੀਆਂ ਨੂੰ ਅਹੁਦੇ ਦੀ ਸਹੁੰ ਚੁਕਾਈ। ਭਾਜਪਾ ਦੇ ਨਵੇਂ ਮੰਤਰੀਆਂ ਵਿੱਚ ਰਾਧਾਕ੍ਰਿਸ਼ਨ ਵੀ ਪਾਟਿਲ, ਸੁਧੀਰ ਮੁਨਗੰਤੀਵਾਰ, ਚੰਦਰਕਾਂਤ ਪਾਟਿਲ, ਵਿਜੈਕੁਮਾਰ, ਗਿਰੀਸ਼ ਮਹਾਜਨ, ਸੁਰੇਸ਼ ਖੜੇ, ਰਵਿੰਦਰ ਚਵਾਨ, ਅਤੁਲ ਸਾਵੇ ਅਤੇ ਮੰਗਲਪ੍ਰਭਾਤ ਲੋਧਾ ਸ਼ਾਮਲ ਹਨ।
ਉੱਧਰ, ਸ਼ਿੰਦੇ ਧੜੇ ’ਚੋਂ ਗੁਲਾਬਰਾਓ ਪਾਟਿਲ, ਦਾਦਾ ਭੁਸੇ, ਸੰਜੈ ਰਾਠੌੜ, ਸੰਦੀਪਨ ਭੁਮਰੇ, ਉਦੈ ਸਾਮੰਤ, ਤਾਨਾਜੀ ਸਾਵੰਤ, ਅਬਦੁੱਲ ਸੱਤਾਰ, ਦੀਪਕ ਕੇਸਰਕਰ ਅਤੇ ਸ਼ੰਭੂਰਾਜ ਦੇਸਾਈ ਨੇ ਮੰਤਰੀ ਵਜੋਂ ਸਹੁੰ ਚੁੱਕੀ। -ਪੀਟੀਆਈ
ਮਹਾਰਾਸ਼ਟਰ ਵਿੱਚ ਮਹਿਲਾਵਾਂ ਨੂੰ ਉਚਿਤ ਨੁਮਾਇੰਦਗੀ ਮਿਲੇਗੀ: ਫੜਨਵੀਸ
ਪੁਣੇ: ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਅੱਜ ਕਿਹਾ ਕਿ ਸੂਬਾਈ ਮੰਤਰੀ ਮੰਡਲ ਵਿੱਚ ਮਹਿਲਾਵਾਂ ਨੂੰ ਉਚਿਤ ਨੁਮਾਇੰਦਗੀ ਮਿਲੇਗੀ। ਫੜਨਵੀਸ ਨੇ ਪੁਣੇ ਵਿੱਚ ਇਕ ਪ੍ਰੋਗਰਾਮ ਦੌਰਾਨ ਵੱਖਰੇ ਤੌਰ ’ਤੇ ਗੱਲਬਾਤ ਦੌਰਾਨ ਕਿਹਾ, ‘‘ਨਵੇਂ ਬਣੇ ਮੰਤਰੀ ਮੰਡਲ ਵਿੱਚ ਕਿਸੇ ਮਹਿਲਾ ਨੂੰ ਸ਼ਾਮਲ ਨਾ ਕੀਤੇ ਜਾਣ ਸਬੰਧੀ ਇਤਰਾਜ਼ ਨੂੰ ਜਲਦੀ ਹੀ ਦੂਰ ਕੀਤਾ ਜਾਵੇਗਾ। ਮਹਿਲਾਵਾਂ ਨੂੰ ਮੰਤਰੀ ਮੰਡਲ ਵਿੱਚ ਉਚਿਤ ਨੁਮਾਇੰਦਗੀ ਮਿਲੇਗੀ।’’ -ਪੀਟੀਆਈ
ਮੋਦੀ ਨੇ ਨਵੇਂ ਮੰਤਰੀਆਂ ਨੂੰ ਵਧਾਈ ਦਿੱਤੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਰਾਸ਼ਟਰ ਸਰਕਾਰ ਵਿੱਚ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣ ਵਾਲੇ ਸਾਰੇ ਆਗੂਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੇ ਇਸ ਮੰਤਰੀ ਮੰਡਲ ’ਚ ਪ੍ਰਸ਼ਾਸਨਿਕ ਤਜ਼ਰਬੇ ਅਤੇ ਵਧੀਆ ਸ਼ਾਸਨ ਦੇਣ ਵਾਲੇ ਜਜ਼ਬੇ ਦਾ ਸ਼ਾਨਦਾਰ ਮੇਲ ਹੈ। ਮੋਦੀ ਨੇ ਇਕ ਟਵੀਟ ਵਿੱਚ ਕਿਹਾ, ‘‘ਮਹਾਰਾਸ਼ਟਰ ਸਰਕਾਰ ਵਿੱਚ ਅੱਜ ਮੰਤਰੀ ਵਜੋਂ ਸਹੁੰ ਚੁੱਕਣ ਵਾਲੇ ਸਾਰੇ ਆਗੂਆਂ ਨੂੰ ਵਧਾਈ। ਮਹਾਰਾਸ਼ਟਰ ਦੀ ਜਨਤਾ ਦੀ ਸੇਵਾ ਕਰਨ ਲਈ ਉਨ੍ਹਾਂ ਨੂੰ ਮੇਰੀਆਂ ਸ਼ੁਭ ਕਾਮਨਾਵਾਂ।’’ -ਪੀਟੀਆਈ
ਵਿਵਾਦਾਂ ’ਚ ਰਹੇ ਤਿੰਨ ਵਿਧਾਇਕ ਮੰਤਰੀ ਮੰਡਲ ’ਚ ਸ਼ਾਮਲ
ਮੁੰਬਈ: ਇੱਥੇ ਅੱਜ ਮਹਾਰਾਸ਼ਟਰ ਦੀ ਏਕਨਾਥ ਸ਼ਿੰਦੇ ਵਜ਼ਾਰਤ ’ਚ ਵਾਧੇ ਦੌਰਾਨ ਮੰਤਰੀਆਂ ਵਜੋਂ ਹਲਫ਼ ਲੈਣ ਵਾਲੇ 18 ਵਿਧਾਇਕਾਂ ’ਚੋਂ ਤਿੰਨ ਵਿਵਾਦਾਂ ’ਚ ਰਹੇ ਹਨ। ਨਵੇਂ ਮੰਤਰੀਆਂ ਵਿੱਚ ਸ਼ਾਮਲ ਸ਼ਿੰਦੇ ਧੜੇ ਦੇ ਵਿਧਾਇਕ ਸੰਜੈ ਰਾਠੌੜ, ਊਧਵ ਠਾਕਰੇ ਦੇ ਮੁੱਖ ਮੰਤਰੀ ਹੁੰਦਿਆਂ ਜੰਗਲਾਤ ਮੰਤਰੀ ਸਨ। ਭਾਜਪਾ ਆਗੂਆਂ ਵੱਲੋਂ ਪੁਣੇ ’ਚ ਇਕ ਮਹਿਲਾ ਦੀ ਮੌਤ ਦੇ ਮਾਮਲੇ ਵਿੱਚ ਰਾਠੌੜ ’ਤੇ ਦੋਸ਼ ਲਗਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਪਿਛਲੇ ਸਾਲ ਅਸਤੀਫਾ ਦੇਣਾ ਪਿਆ ਸੀ। ਦੂਜੇ ਨਵੇਂ ਬਣੇ ਮੰਤਰੀ ਤੇ ਸ਼ਿਵ ਸੈਨਾ ਦੇ ਬਾਗੀ ਅਬਦੁੱਲ ਸੱਤਾਰ ਹਨ। ਉਹ ਸੋਮਵਾਰ ਨੂੰ ਉਸ ਵੇਲੇ ਵਿਵਾਦਾਂ ’ਚ ਘਿਰ ਗਏ ਜਦੋਂ ਉਨ੍ਹਾਂ ਦੀਆਂ ਤਿੰਨ ਧੀਆਂ ਅਤੇ ਇਕ ਪੁੱਤਰ ਦਾ ਨਾਂ 7880 ਉਮੀਦਵਾਰਾਂ ਦੀ ਉਸ ਸੂਚੀ ਵਿੱਚ ਆ ਗਿਆ ਜਿਨ੍ਹਾਂ ਨੂੰ ਅਧਿਆਪਕ ਯੋਗਤਾ ਟੈਸਟ 2019-20 ਵਿੱਚ ਕਥਿਤ ਗੜਬੜ ਕਰਨ ਦੇ ਸਬੰਧ ਵਿੱਚ ਅਯੋਗ ਐਲਾਨਿਆ ਗਿਆ ਹੈ ਅਤੇ ਉਨ੍ਹਾਂ ’ਤੇ ਰੋਕ ਲਗਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਤੀਜੇ ਨਵੇਂ ਬਣੇ ਮੰਤਰੀ ਤੇ ਭਾਜਪਾ ਆਗੂ ਵਿਜੈਕੁਮਾਰ ਗਾਵਿਤ ਹਨ ਜਿਨ੍ਹਾਂ ਨੂੰ ਪੰਜ ਸਾਲ ਪਹਿਲਾਂ ਜਨਜਾਤੀ ਵਿਕਾਸ ਵਿਭਾਗ ਵਿੱਚ ਭ੍ਰਿਸ਼ਟਾਚਾਰ ਤੇ ਅਨਿਯਮਤਾਵਾਂ ਦਾ ਦੋਸ਼ੀ ਪਾਇਆ ਗਿਆ ਸੀ। 2004-2009 ਦੌਰਾਨ ਉਨ੍ਹਾਂ ਕੋਲ ਇਸ ਵਿਭਾਗ ਦੀ ਜ਼ਿੰਮੇਵਾਰੀ ਸੀ। -ਪੀਟੀਆਈ