ਨਵੀਂ ਦਿੱਲੀ, 24 ਮਈ
ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਅੱਜ ਦੱਸਿਆ ਕਿ 15 ਤੋਂ 18 ਸਾਲ ਦੀ ਉਮਰ ਦੇ 80 ਫੀਸਦੀ ਤੋਂ ਵੱਧ ਬੱਚਿਆਂ ਨੂੰ ਕਰੋਨਾ ਵੈਕਸੀਨ ਦੀ ਪਹਿਲੀ ਖੁਰਾਕ ਲੱਗ ਚੁੱਕੀ ਹੈ। ਦੇਸ਼ ਵਿਚ ਹੁਣ ਤਕ 192.65 ਕਰੋੜ ਤੋਂ ਵੱਧ ਲੋਕਾਂ ਨੂੰ ਕਰੋਨਾ ਰੋਕੂ ਟੀਕੇ ਲੱਗ ਚੁੱਕੇ ਹਨ। ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ 12-14 ਸਾਲ ਲਈ ਕੋਵਿਡ-19 ਟੀਕਾਕਰਨ 16 ਮਾਰਚ ਨੂੰ ਸ਼ੁਰੂ ਕੀਤਾ ਗਿਆ ਸੀ ਅਤੇ ਹੁਣ ਤੱਕ ਇਸ ਉਮਰ ਵਰਗ ਦੇ 3.31 ਕਰੋੜ ਤੋਂ ਵੱਧ ਬੱਚਿਆਂ ਨੂੰ ਪਹਿਲੀ ਖੁਰਾਕ ਦਿੱਤੀ ਜਾ ਚੁੱਕੀ ਹੈ। ਇਸ ਤੋਂ ਪਹਿਲਾਂ 3 ਜਨਵਰੀ ਤੋਂ 15-18 ਸਾਲ ਦੀ ਉਮਰ ਵਰਗ ਲਈ ਟੀਕਾ ਲਗਾਉਣਾ ਸ਼ੁਰੂ ਕੀਤਾ ਗਿਆ ਸੀ। ਹੁਣ ਤੱਕ ਇਸ ਉਮਰ ਵਰਗ ਦੇ 5.92 ਕਰੋੜ ਲਾਭਪਾਤਰੀਆਂ ਨੂੰ ਪਹਿਲੀ ਖੁਰਾਕ ਦਿੱਤੀ ਜਾ ਚੁੱਕੀ ਹੈ। ਮਾਂਡਵੀਆ ਨੇ ਟਵੀਟ ਕੀਤਾ ਕਿ ਭਾਰਤ ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਨੂੰ ਨਵੀਆਂ ਉਚਾਈਆਂ ’ਤੇ ਲੈ ਕੇ ਜਾ ਰਿਹਾ ਹੈ।