ਗੁਹਾਟੀ/ਅਹਿਮਦਾਬਾਦ, 19 ਜੂਨ
ਅਸਾਮ ਵਿੱਚ ਹੜ੍ਹਾਂ ਕਾਰਨ ਹਾਲਾਤ ਹੋਰ ਵੀ ਮਾੜੇ ਹੋ ਗਏ। ਇਸ ਦੌਰਾਨ ਜਿੱਥੇ ਅੱਠ ਵਿਅਕਤੀਆਂ ਦੀ ਮੌਤ ਹੋ ਗਈ, ਉੱਥੇ 30 ਜ਼ਿਲ੍ਹਿਆਂ ਦੇ 37 ਲੱਖ ਲੋਕ ਪ੍ਰਭਾਵਿਤ ਹੋਏ ਹਨ। ਹਜ਼ਾਰਾਂ ਲੋਕ ਬੇਘਰੇ ਹੋ ਗਏ ਹਨ। ਅਸਾਮ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਿਟੀ (ਏਐੱਸਡੀਐੱਮਏ) ਮੁਤਾਬਕ ਢਿੱਗਾਂ ਡਿੱਗਣ ਕਾਰਨ ਤਿੰਨ ਵਿਅਕਤੀ ਮਾਰੇ ਗਏ ਜਦਕਿ ਦਿਨ ਵਿੱਚ ਵੱਖ-ਵੱਖ ਥਾਵਾਂ ’ਤੇ ਪੰਜ ਜਣੇ ਡੁੱਬ ਗਏ। ਇਸ ਨਾਲ ਹੁਣ ਤੱਕ ਹੜ੍ਹਾਂ ਤੇ ਢਿੱਗਾਂ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ 70 ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੂਬੇ ਦੇ 30 ਜ਼ਿਲ੍ਹਿਆਂ ਦੇ 4,462 ਪਿੰਡਾਂ ਵਿੱਚ 37,17,800 ਲੋਕ ਪ੍ਰਭਾਵਿਤ ਹੋਏ ਹਨ।
ਇਸ ਦੌਰਾਨ ਇੱਕ ਅਧਿਕਾਰੀ ਨੇ ਦੱਸਿਆ ਕਿ ਅਸਾਮ ਦੇ ਕਾਜ਼ੀਰੰਗਾ ਨੈਸ਼ਨਲ ਪਾਰਕ ਵਿੱਚ ਹੜ੍ਹਾਂ ਦੀ ਮਾਰ ਕਾਰਨ ਪੰਜ ਜਾਨਵਰ ਮਾਰੇ ਗਏ ਹਨ, ਜਿਨ੍ਹਾਂ ਵਿੱਚ ਇੱਕ ਚੀਤਾ ਵੀ ਸ਼ਾਮਲ ਹੈ। ਇਸ ਪਾਰਕ ਦਾ 15 ਫ਼ੀਸਦੀ ਹਿੱਸਾ ਬ੍ਰਹਮਪੁੱਤਰ ਦਰਿਆ ਨਾਲ ਲੱਗਦਾ ਹੈ, ਜੋ ਇਸ ਵਿਚੋਂ ਵੀ ਲੰਘਦੀ ਹੈ, ਜੋ ਇਸ ਸਮੇਂ ਕਈ ਥਾਵਾਂ ’ਤੇ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਵਹਿ ਰਿਹਾ ਹੈ। ਕਾਜ਼ੀਰੰਗਾ ਨੈਸ਼ਨਲ ਪਾਰਕ ਤੋਂ ਮਿਲੀ ਹੜ੍ਹਾਂ ਸਬੰਧੀ ਰਿਪੋਰਟ ਮੁਤਾਬਕ ਜਿੱਥੇ ਕੌਮੀ ਮਾਰਗ ਪਾਰ ਕਰਦੇ ਸਮੇਂ ਵਾਹਨਾਂ ਦੀ ਲਪੇਟ ’ਚ ਆਉਣ ਕਾਰਨ ਚਾਰ ਜਾਨਵਰ ਮਾਰੇ ਗਏ, ਜਦਕਿ ਹੜ੍ਹਾਂ ਦੀ ਭੇਟ ਚੜ੍ਹਨ ਕਾਰਨ ਇੱਕ ਹਿਰਨ ਵੀ ਮਾਰਿਆ ਗਿਆ। ਇਸ ਦੌਰਾਨ ਹੀ ਗੁਜਰਾਤ ਵਿੱਚ ਅਸਮਾਨੀ ਬਿਜਲੀ ਡਿਗਣ ਕਾਰਨ ਦੋ ਵਿਅਕਤੀ ਮਾਰੇ ਗਏ ਹਨ।
ਇਸ ਦੌਰਾਨ ਮਿਜ਼ੋਰਮ ਸਰਕਾਰ ਨੇ ਭਾਰੀ ਮੀਂਹ ਤੇ ਢਿੱਗਾਂ ਡਿੱਗਣ ਕਾਰਨ ਅਗਲੇ ਦੋ ਦਿਨਾਂ ਲਈ ਸਾਰੇ ਸਕੂਲਾਂ ਨੂੰ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਹਨ ਜੋ ਭਲਕੇ ਸੋਮਵਾਰ ਤੇ ਮੰਗਲਵਾਰ ਨੂੰ ਬੰਦ ਰਹਿਣਗੇ। -ਪੀਟੀਆਈ
ਬੰਗਲਾਦੇਸ਼ ਵਿੱਚ ਹੜ੍ਹਾਂ ਨੇ ਤਬਾਹੀ ਮਚਾਈ
ਢਾਕਾ: ਲਗਪਗ ਅੱਧੇ ਬੰਗਲਾਦੇਸ਼ ਵਿੱਚ ਹੁਣ ਤੱਕ ਦੇ ਸਭ ਤੋਂ ਵੱਧ ਤਬਾਹੀ ਵਾਲੇ ਹੜ੍ਹ ਆਏ ਹਨ, ਜਿਸ ਦੌਰਾਨ ਮੁਲਕ ਦੇ ਉੱਤਰ-ਪੱਛਮੀ ਹਿੱਸਿਆਂ ’ਚ ਲੱਖਾਂ ਲੋਕ ਬੇਘਰ ਹੋ ਗਏ ਹਨ। ਆਫ਼ਤ ਪ੍ਰਬੰਧਨ ਤੇ ਰਾਹਤ ਮੰਤਰਾਲੇ ਦੇ ਸਕੱਤਰ ਮਹਿਮੂਦ ਕਾਮਰੁਲ ਹਸਨ ਨੇ ਦੱਸਿਆ ਕਿ ਤਲਾਸ਼ੀ ਤੇ ਬਚਾਅ ਕਾਰਜਾਂ ਲਈ ਹਜ਼ਾਰਾਂ ਪੁਲੀਸ ਮੁਲਾਜ਼ਮਾਂ, ਮੁਲਕ ਦੇ ਫ਼ੌਜੀਆਂ ਤੇ ਸੰਕਟਕਾਲੀ ਸੇਵਾ ਨਾਲ ਸਬੰਧਤ ਸਟਾਫ਼ ਮੈਂਬਰਾਂ ਦੀ ਤਾਇਨਾਤੀ ਕੀਤੀ ਗਈ ਹੈ। ਉਨ੍ਹਾਂ ਕਿਹਾ,‘ਸੁਨਾਮਗੰਜ ਤੇ ਸਿਲਹੱਟ ਜ਼ਿਲ੍ਹਿਆਂ ਵਿੱਚ ਹੜ੍ਹਾਂ ਵੱਲੋਂ ਮਚਾਈ ਤਬਾਹੀ ਕਾਰਨ ਬੰਗਲਾਦੇਸ਼ ਦੇ ਫ਼ੌਜੀ ਜਵਾਨਾਂ ਦੀ ਤਾਇਨਾਤੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਹੜ੍ਹਾਂ ਕਾਰਨ ਅਜੇ ਕਿਸੇ ਵਿਅਕਤੀ ਦੇ ਜ਼ਖਮੀ ਹੋਣ ਜਾਂ ਕਿਸੇ ਦੀ ਮੌਤ ਹੋਣ ਸਬੰਧੀ ਖਬਰ ਨਹੀਂ ਹੈ।’ ਦੂਜੇ ਪਾਸੇ, ਅਧਿਕਾਰੀਆਂ ਵੱਲੋਂ ਮੁਲਕ ਵਿੱਚ ਸਦੀ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਹੜ੍ਹ ਆਉਣ ਦਾ ਦਾਅਵਾ ਕੀਤਾ ਗਿਆ ਹੈ। -ਆਈਏਐੱਨਐੱਸ