ਨਵੀਂ ਦਿੱਲੀ: ਸਰਕਾਰ ਨੇ ਅੱਜ ਰਾਜ ਸਭਾ ਵਿੱਚ ਦਾਅਵਾ ਕੀਤਾ ਕਿ ਨੇਤਾਜੀ ਸੁਭਾਸ਼ ਚੰਦਰ ਨਾਲ ਸਬੰਧਤ ਫਾਈਲਾਂ ਤੇ ਹੋਰ ਰਿਕਾਰਡ ਯੂਕੇ, ਅਮਰੀਕਾ, ਰੂਸ, ਜਾਪਾਨ ਤੇ ਚੀਨ ਤੋਂ ਹਾਸਲ ਕਰਨ ਸਬੰਧੀ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ। ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਨੇ ਰਾਜ ਸਭਾ ਵਿੱਚ ਕਿਹਾ ਕਿ ਯੂਕੇ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਬੋਸ ਸਬੰਧੀ 62 ਫਾਈਲਾਂ ਪਹਿਲਾਂ ਹੀ ਨੈਸ਼ਨਲ ਆਰਕਾਈਵ ਤੇ ਬ੍ਰਿਟਿਸ਼ ਲਾਇਬਰੇਰੀ ਦੀਆਂ ਵੈੱਬਸਾਈਟਾਂ ’ਤੇ ਉਪਲਬਧ ਹਨ। ਉਨ੍ਹਾਂ ਕਿਹਾ, ‘‘ਯੂੁਕੇ, ਯੂਐੱਸ, ਰੂਸ, ਜਾਪਾਨ ਤੇ ਚੀਨ ਤੋਂ ਨੇਤਾਜੀ ਸੁਭਾਸ਼ ਚੰਦਰ ਬੋਸ ਨਾਲ ਸਬੰਧਤ ਫਾਈਲਾਂ ਤੇ ਹੋਰ ਰਿਕਾਰਡ ਹਾਸਲ ਕਰਨ ਲਈ ਕੋਸ਼ਿਸ਼ਾਂ ਜਾਰੀ ਹਨ।’’ ਮੁਰਲੀਧਰਨ ਨੇਤਾਜੀ ਦੀ ਮੌਤ ਨਾਲ ਜੁੜੇ ਵਿਵਾਦ ਦੇ ਸਬੰਧ ਵਿੱਚ ਸਹਿਯੋਗ ਦੀ ਮੰਗ ਬਾਰੇ ਸਰਕਾਰ ਵੱਲੋਂ ਹੁਣ ਤੱਕ ਕੀਤੇ ਯਤਨਾਂ ਬਾਰੇ ਪੁੱਛੇ ਸਵਾਲ ਦਾ ਜਵਾਬ ਦੇ ਰਹੇ ਸਨ। ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਅਜੇ ਤੱਕ ਚੀਨ ਸਰਕਾਰ ਤੋਂ ਕੋਈ ਜਵਾਬ ਨਹੀਂ ਮਿਲਿਆ। ਉਨ੍ਹਾਂ ਕਿਹਾ, ‘‘ਜਾਪਾਨ ਸਰਕਾਰ ਨੇ ਨੇਤਾਜੀ ਬਾਰੇ ਦੋ ਫਾਈਲਾਂ ਜਨਤਕ ਕੀਤੀਆਂ ਹਨ। ਇਹ ਫਾਈਲਾਂ ਉਨ੍ਹਾਂ ਦੇ ਪੁਰਾਣੇ ਰਿਕਾਰਡ ਦਾ ਹਿੱਸਾ ਹਨ, ਜੋ ਇਸ ਵੇਲੇ ਜਨਤਕ ਰੂਪ ਵਿੱਚ ਉਪਲਬਧ ਹਨ।’’ -ਪੀਟੀਆਈ