ਨਵੀਂ ਦਿੱਲੀ/ਮਾਸਕੋ, 3 ਮਾਰਚ
ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਇੱਕ ਐਡਵਾਈਜ਼ਾਰੀ ਕੀਤੇ ਜਾਣ ਮਗਰੋਂ ਖਾਰਕੀਵ ਛੱਡ ਕੇ ਨੇੜਲੇ ਸ਼ਹਿਰ ਪਿਸੋਚਿਨ ਪਹੁੰਚੇ 1,000 ਭਾਰਤੀਆਂ ਨੂੰ ਬਚਾ ਕੇ ਕੱਢਣ ਲਈ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਸੇ ਦੌਰਾਨ ਰੂਸ, ਜਿਹੜਾ ਕਿ ਹਮਲੇ ਰੋਕਣ ਦੀਆਂ ਕੌਮਾਂਤਰੀ ਅਪੀਲਾਂ ਨੂੰ ਖਾਰਜ ਕਰਨ ਮਗਰੋਂ ਯੂਕਰੇਨ ਦੇ ਸ਼ਹਿਰਾਂ ’ਤੇ ਬੰਬਾਰੀ ਕਰਦਾ ਹੋਇਆ ਅੱਗੇ ਵਧ ਰਿਹਾ ਹੈ, ਨੇ ਕਿਹਾ ਉਹ ਯੂਕਰੇਨ ਦੇ ਖਾਰਕੀਵ ਅਤੇ ਸੂਮੀ ਸ਼ਹਿਰ ਵਿਚ ਫਸੇ ਭਾਰਤੀ ਵਿਦਿਆਰਥੀਆਂ ਅਤੇ ਹੋਰ ਵਿਦੇਸ਼ੀਆਂ ਨੂੰ ਕੱਢਣ ਲਈ 130 ਬੱਸਾਂ ਭੇਜਣ ਲਈ ਤਿਆਰ ਹੈ।
ਭਾਰਤੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਕਿਹਾ ਕਿ ਭਾਰਤ ਨੇ ਯੂਕਰੇਨ ਅਤੇ ਰੂਸ ਦੇ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਬਣਾਇਆ ਹੋਇਆ ਹੈ ਅਤੇ ਮੁਲਾਂਕਣ ਕੀਤਾ ਜਾ ਰਿਹਾ ਹੈ ਕਿ ਖਾਰਕੀਵ ਅਤੇ ਸੂਮੀ ਵਿੱਚ ਫਸੇ ਭਾਰਤੀਆਂ ਕਿਵੇਂ ਬਚਾਅ ਕੇ ਕੱਢਿਆ ਜਾ ਸਕਦਾ ਹੈ। ਉੱਥੇ ਬਹੁਤ ਸਾਰੇ ਵਿਦਿਆਰਥੀਆਂ ਨੇ ਰੂਸ ਵੱਲੋਂ ਕੀਤੇ ਜਾ ਰਹੇ ਹਮਲਿਆਂ ਦੌਰਾਨ ਬਚਣ ਲਈ ਬਿਲਡਿੰਗਾਂ ਦੀਆਂ ਬੇਸਮੈਂਟਾਂ ਅਤੇ ਹੋਰ ਥਾਵਾਂ ’ਤੇ ਪਨਾਹ ਲਈ ਹੋਈ ਹੈ। ਬਾਗਚੀ ਨੇ ਕਿਹਾ, ‘‘ਅਸੀਂ ਖਾਰਕੀਵ, ਸੂਮੀ ਅਤੇ ਪੂਰਬੀ ਯੂਕਰੇਨ ਦੇ ਹੋਰ ਸ਼ਹਿਰਾਂ ਦੀ ਸਥਿਤੀ ’ਤੇ ਨੇੜਿਓਂ ਨਜ਼ਰ ਰੱਖੀ ਹੋਈ ਹੈ। ਅਸੀਂ ਇਸ ਸਮੇਂ ਉਨ੍ਹਾਂ ਨੂੰ ਉੱਥੋਂ ਕੱਢ ਕੇ ਪੱਛਮੀ ਯੂਕਰੇਨ ਜਾਂ ਦੱਖਣੀ ਯੂਕਰੇਨ ਪਹੁੰਚਾਉਣ ਲਈ ਆਵਾਜਾਈ ਸਾਧਨਾਂ ਦਾ ਬਦਲ ਦੇਖ ਰਹੇ ਹਾਂ।’’ ਇਸੇ ਦੌਰਾਨ ਉਨ੍ਹਾਂ ਕਿਹਾ ਕਿ ਲੰਘੇ 24 ਵਿੱਚ 15 ਉਡਾਣਾਂ ਰਾਹੀਂ ਯੂਕਰੇਨ ਤੋਂ ਤਿੰਨ ਭਾਰਤੀਆਂ ਨੂੰ ਵਾਪਸ ਲਿਆਂਦਾ ਗਿਆ ਹੈ ਅਤੇ ਅਗਲੇ 24 ਘੰਟਿਆਂ ਦੌਰਾਨ 18 ਹੋਰ ਉਡਾਣਾਂ ਭੇਜੇ ਜਾਣ ਦਾ ਪ੍ਰੋਗਰਾਮ ਹੈ। ਬਾਗਚੀ ਨੇ ਕਿਹਾ ਕਿ ‘ਅਪਰੇਸ਼ਨ ਗੰਗਾ’ ਤਹਿਤ ਹੁਣ ਤੱਕ ਲੱਗਪਗ 6,400 ਭਾਰਤੀ ਨਾਗਰਿਕਾਂ ਨੂੰ ਵਤਨ ਲਿਆਂਦਾ ਜਾ ਚੁੱਕਾ ਹੈ। ਅਰਿੰਦਮ ਬਾਗਚੀ ਨੇ ਕਿਹਾ ਕਿ ਭਾਰਤੀ ਲੋਕਾਂ ਨੂੰ ਬਚਾਉਣ ਲਈ ਕੀਵ ਵਿਚੋਂ ਭਾਰਤੀ ਸਫ਼ਾਰਤਖਾਨੇ ਦਾ ਅਹਿਮ ਸਟਾਫ ਪੱਛਮੀ ਯੂਕਰੇਨ ਤੇ ਪੂਰਬੀ ਲਈ ਰਵਾਨਾ ਹੋ ਚੁੱਕਾ ਹੈ। ਇਸੇ ਦੌਰਾਨ ਅੰਬੈਸੀ ਵੱਲੋਂ ਜਾਰੀ ਇੱਕ ਐਡਵਾਈਜ਼ਰੀ ਰਾਹੀਂ ਖਾਰਕੀਵ ਵਿਚਲੇ ਸਾਰੀ ਭਾਰਤੀ ਨਾਗਰਿਕਾਂ ਨੂੰ ਤੁਰੰਤ ਆਪਣੇ ਵੇਰਵੇ ਗੂਗਲੇ ਫਾਰਮ ’ਚ ਭਰਨ ਲਈ ਆਖਿਆ ਗਿਆ ਹੈ।
ਦੂਜੇ ਪਾਸੇ ਰੱਖਿਆ ਮੰਤਰਾਲੇ ਨੇ ਯੂਕਰੇਨ ਦੇ ਖਾਰਕੀਵ ਵਿੱਚ ਫਸੇ ਭਾਰਤੀ ਲੋਕਾਂ ਨੂੰ ਇਸ ਔਖੀ ਸਥਿਤੀ ’ਚ ਬਚਾਅ ਲਈ ਕਦਮਾਂ ਬਾਰੇ ਦੱਸਿਆ ਹੈ। ਮੰਤਰਾਲੇ ਨੇ ਭਾਰਤੀ ਲੋਕਾਂ ਨੂੰ ਚੱਲਦੇ ਸਮੇਂ ਆਪਣੇ ਕੋਲ ਸਫੇਦ ਝੰਡਾ ਜਾਂ ਲਹਿਰਾਉਣ ਲਈ ਸਫੇਦ ਕੱਪੜਾ ਰੱਖਣ ਅਤੇ ਖਾਣਾ ਜ਼ਿਆਦਾ ਨਾ ਖਾਣ ਅਤੇ ਵੰਡ ਕੇ ਖਾਣ ਅਤੇ ਡੀਹਾਈਡ੍ਰੇਸ਼ਨ ਤੋਂ ਬਚਣ ਲਈ ਬਰਫ਼ ਨੂੰ ਪਿਘਲਾ ਕੇ ਪੀਣ ਦੀ ਸਲਾਹ ਦਿੱਤੀ ਹੈ। ਪੀਟੀਆਈ
ਯੂਕਰੇਨੀ ਸ਼ਰਨਾਰਥੀਆਂ ਦੀ ਗਿਣਤੀ 10 ਲੱਖ ਨੂੰ ਟੱਪੀ: ਯੂਐੱਨ ਏਜੰਸੀ
ਕੀਵ: ਸੰਯੁਕਤ ਰਾਸ਼ਟਰ ਨੇ ਅੱਜ ਕਿਹਾ ਕਿ ਰੂਸ ਵੱਲੋਂ ਯੂਕਰੇਨ ’ਤੇ ਕੀਤੇ ਹਮਲੇ ਮਗਰੋਂ ਹੁਣ ਤੱਕ 10 ਲੱਖ ਤੋਂ ਵੱਧ ਯੂਕਰੇਨੀ ਹੋਰਨਾਂ ਮੁਲਕਾਂ ਵਿੱਚ ਪਰਵਾਸ ਕਰ ਗਏ ਹਨ। ਇਸ ਸਦੀ ਦੀ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਹਿਜਰਤ ਹੈ। ਯੂਐੱਨ ਦੀ ਰਫਿਊਜੀ ਏਜੰਸੀ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਪਿਛਲੇ ਸੱਤ ਦਿਨਾਂ ਦੌਰਾਨ ਯੂਕਰੇਨ ਦੀ 2 ਫੀਸਦ ਤੋਂ ਵੱਧ ਆਬਾਦੀ ਨੂੰ ਮੁਲਕ ਛੱਡਣ ਲਈ ਮਜਬੂਰ ਹੋਣਾ ਪਿਆ ਹੈ। ਏਜੰਸੀ ਮੁਤਾਬਕ ਸਭ ਤੋਂ ਵੱਧ ਹਿਜਰਤ ਯੂਕਰੇਨ ਦੇ 15 ਲੱਖ ਦੀ ਆਬਾਦੀ ਵਾਲੇ ਸ਼ਹਿਰ ਖਾਰਕੀਵ ਵਿੱਚ ਵੇਖਣ ਨੂੰ ਮਿਲੀ ਹੈ, ਜਿੱਥੇ ਰੂਸੀ ਫੌਜਾਂ ਵੱਲੋਂ ਕੀਤੀ ਗੋਲਾਬਾਰੀ ਤੇ ਬੰਬਾਰੀ ਦੌਰਾਨ ਲੋਕ ਇਥੋਂ ਨਿਕਲਣ ਲਈ ਕਾਹਲੇ ਸਨ। ਖਾਰਕੀਵ ਦੇ ਰੇਲਵੇ ਸਟੇਸ਼ਨ ’ਤੇ ਲੋਕਾਂ ਦਾ ਹਜੂਮ ਇਕੱਤਰ ਸੀ, ਹਾਲਾਂਕਿ ਉਨ੍ਹਾਂ ’ਚੋਂ ਕਿਸੇ ਨੂੰ ਵੀ ਇਹ ਇਲਮ ਨਹੀਂ ਸੀ ਕਿ ਉਹ ਕਿੱਧਰ ਨੂੰ ਜਾ ਰਹੇ ਹਨ। ਉਂਜ ਇਨ੍ਹਾਂ ਯੂਕਰੇਨੀਆਂ ਨੇ ਪੋਲੈਂਡ, ਹੰਗਰੀ, ਰੋਮਾਨੀਆ ਤੇ ਸਲੋਵਾਕੀਆ ਜਿਹੇ ਗੁਆਂਢੀ ਮੁਲਕਾਂ ਵਿੱਚ ਸ਼ਰਨ ਲਈ ਹੈ ਜਾਂ ਫਿਰ ਉਹ ਉਥੇ ਆਪਣੇ ਰਿਸ਼ਤੇਦਾਰਾਂ ਕੋਲ ਰਹਿ ਰਹੇ ਹਨ। -ਏਪੀ