ਨਵੀਂ ਦਿੱਲੀ, 3 ਅਕਤੂਬਰ
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕਈ ਨੌਜਵਾਨਾਂ ਨੂੰ ਪਾਰਟ-ਟਾਈਮ ਨੌਕਰੀਆਂ ਦਿਵਾਉਣ ਦੇ ਨਾਂ ’ਤੇ ਕਥਿਤ ਠੱਗੀ ਮਾਰਨ ਦੇ ਮਾਮਲੇ ਵਿੱਚ ਚੀਨ ਨਾਲ ਸਬੰਧਿਤ ਇੱਕ ਮੋਬਾਈਲ ਐਪ ਖ਼ਿਲਾਫ਼ ਜਾਂਚ ਸ਼ੁਰੂ ਕਰ ਦਿੱਤੀ ਹੈ। ਈਡੀ ਨੇ ਅੱਜ ਦੱਸਿਆ ਕਿ ਏਜੰਸੀ ਨੇ ਬੰਗਲੌਰ ਵਿੱਚ ਐਪ ‘ਕੀਪਸ਼ੇਅਰਰ’ ਨਾਲ ਸਬੰਧਿਤ ਲਗਪਗ 12 ਟਿਕਾਣਆਂ ’ਤੇ ਛਾਪੇ ਮਾਰੇ ਅਤੇ 5.85 ਕਰੋੜ ਰੁਪਏ ਜ਼ਬਤ ਕੀਤੇ। ਈਡੀ ਦੇ ਬਿਆਨ ਮੁਤਾਬਕ, ਜਾਂਚ ਦੌਰਾਨ ਪਤਾ ਚੱਲਿਆ ਕਿ ਚੀਨ ਦੇ ਕੁੱਝ ਵਿਅਕਤੀਆਂ ਨੇ ‘ਕੀਪਸ਼ੇਅਰਰ’ ਮੋਬਾਈਲ ਐਪ ਬਣਾਈ ਹੋਈ ਸੀ, ਜਿਸ ਰਾਹੀਂ ਉਹ ਭੋਲੇ-ਭਲੇ ਲੋਕਾਂ ਖ਼ਾਸ ਕਰ ਨੌਜਵਾਨਾਂ ਨਾਲ ਠੱਗੀ ਮਾਰਦੇ ਸਨ। ਉਹ ਉਨ੍ਹਾਂ ਨੂੰ ਪਾਰਟ-ਟਾਈਮ ਨੌਕਰੀ ਦਿਵਾਉਣ ਦਾ ਵਾਅਦਾ ਕਰ ਕੇ ਪੈਸੇ ਇਕੱਠੇ ਕਰਦੇ ਸਨ। -ਪੀਟੀਆਈ