ਮੁੰਬਈ, 27 ਜੂਨ
ਮਹਾਰਾਸ਼ਟਰ ’ਚ ਹਾਕਮ ਧਿਰ ਸ਼ਿਵ ਸੈਨਾ ਅੰਦਰ ਚੱਲ ਰਹੇ ਸਿਆਸੀ ਘਮਸਾਣ ਦੌਰਾਨ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪਾਰਟੀ ਦੇ ਸੰਸਦ ਮੈਂਬਰ ਸੰਜੈ ਰਾਊਤ ਨੂੰ ਮੁੰਬਈ ਦੀ ਬਸਤੀ ਦੇ ਪੁਨਰ ਵਿਕਾਸ ਨਾਲ ਸਬੰਧਤ ਭ੍ਰਿਸ਼ਟਾਚਾਰ ਅਤੇ ਹੋਰ ਵਿੱਤੀ ਲੈਣ-ਦੇਣ ਦੇ ਮਾਮਲਿਆਂ ਦੀ ਪੁੱਛ-ਪੜਤਾਲ ਲਈ ਮੰਗਲਵਾਰ ਨੂੰ ਤਲਬ ਕੀਤਾ ਹੈ। ਰਾਊਤ ਨੇ ਸੰਮਨਾਂ ਨੂੰ ਸਾਜ਼ਿਸ਼ ਕਰਾਰ ਦਿੰਦਿਆਂ ਈਡੀ ਨੂੰ ਕਿਹਾ ਹੈ ਕਿ ਉਹ 28 ਜੂਨ ਨੂੰ ਪੇਸ਼ ਨਹੀਂ ਹੋ ਸਕਣਗੇ ਕਿਉਂਕਿ ਉਨ੍ਹਾਂ ਦੀ ਅਲੀਬਾਗ ’ਚ ਬਹੁਤ ਜ਼ਰੂਰੀ ਮੀਟਿੰਗ ਹੈ। ਉਨ੍ਹਾਂ ਕਿਹਾ,‘‘ਮੈਨੂੰ ਜਾਣਕਾਰੀ ਮਿਲੀ ਹੈ ਕਿ ਈਡੀ ਨੇ ਮੇਰੇ ਖ਼ਿਲਾਫ਼ ਸੰਮਨ ਕੱਢੇ ਹਨ। ਮਹਾਰਾਸ਼ਟਰ ’ਚ ਬਾਲਾਸਾਹਿਬ ਦੇ ਸ਼ਿਵ ਸੈਨਿਕ ਵੱਡੀ ਸਿਆਸੀ ਜੰਗ ਲੜ ਰਹੇ ਹਨ। ਸੰਮਨ ਮੈਨੂੰ ਰੋਕਣ ਦੀ ਸਾਜ਼ਿਸ਼ ਹੈ। ਜੇਕਰ ਤੁਸੀਂ ਮੇਰਾ ਸਿਰ ਕਲਮ ਕਰ ਦੇਵੋਗੇ ਤਾਂ ਵੀ ਮੈਂ ਗੁਹਾਟੀ ਵਾਲਾ ਰਾਹ ਨਹੀਂ ਅਪਣਾਵਾਂਗਾ।’’ ਰਾਊਤ ਨੇ ਟਵਿੱਟਰ ’ਤੇ ਕਿਹਾ,‘‘ਮੈਨੂੰ ਗ੍ਰਿਫ਼ਤਾਰ ਕਰ ਲਵੋ। ਜੈ ਹਿੰਦ।’’ ਉਨ੍ਹਾਂ ਇਹ ਟਵੀਟ ਭਾਜਪਾ ਆਗੂ ਦੇਵੇਂਦਰ ਫੜਨਵੀਸ ਨੂੰ ਵੀ ਨੱਥੀ ਕੀਤਾ ਹੈ। ਸੰਸਦ ਮੈਂਬਰ ਨੇ ਕਿਹਾ ਕਿ ਉਹ ਸ਼ਿਵ ਸੈਨਾ ਦਾ ਸ਼ੇਰ ਹੈ ਅਤੇ ਪਾਰਟੀ ਦੇ ‘ਸਾਮਨਾ’ ਵਰਗੇ ਅਖ਼ਬਾਰ ਦਾ ਕਾਰਜਕਾਰੀ ਸੰਪਾਦਕ ਹੈ। ‘ਅਜਿਹੀਆਂ ਕਾਰਵਾਈਆਂ ਮੈਨੂੰ ਮਾਨਸਿਕ ਤੌਰ ’ਤੇ ਕਮਜ਼ੋਰ ਨਹੀਂ ਕਰ ਸਕਦੀਆਂ ਹਨ। ਜੇਕਰ ਇਹ ਹੁਕਮ ਭਾਜਪਾ ਆਗੂਆਂ ਤੋਂ ਮਿਲੇ ਹਨ ਤਾਂ ਜਾਂਚ ਏਜੰਸੀ ਮੈਨੂੰ ਗ੍ਰਿਫ਼ਤਾਰ ਕਰ ਸਕਦੀ ਹੈ।’ ਉਨ੍ਹਾਂ ਦੇ ਭਰਾ ਵਿਧਾਇਕ ਸੁਨੀਲ ਰਾਊਤ ਨੇ ਦਾਅਵਾ ਕੀਤਾ ਕਿ ਈਡੀ ਦੇ ਸੰਮਨ ਸੰਜੈ ਰਾਊਤ ਨੂੰ ਡਰਾਉਣ ਲਈ ਹਨ ਕਿਉਂਕਿ ਉਹ ਲਗਾਤਾਰ ਭਾਜਪਾ ਦਾ ਵਿਰੋਧ ਕਰ ਰਹੇ ਹਨ। ਈਡੀ ਨੇ ਅਪਰੈਲ ’ਚ ਰਾਊਤ ਦੀ ਪਤਨੀ ਵਰਸ਼ਾ ਅਤੇ ਦੋ ਹੋਰ ਸਾਥੀਆਂ ਦੀ 11.15 ਕਰੋੜ ਰੁਪਏ ਤੋਂ ਜ਼ਿਆਦਾ ਦੀ ਸੰਪਤੀ ਆਰਜ਼ੀ ਤੌਰ ’ਤੇ ਜ਼ਬਤ ਕੀਤੀ ਸੀ। ਈਡੀ ਨੇ ਇਕ ਬਿਆਨ ’ਚ ਕਿਹਾ ਕਿ ਜ਼ਬਤ ਕੀਤੀਆਂ ਗਈਆਂ ਗਈਆਂ ਸੰਪਤੀਆਂ ਜ਼ਮੀਨ ਦੇ ਰੂਪ ’ਚ ਹਨ ਅਤੇ ਸੰਜੈ ਰਾਊਤ ਦੇ ਨਜ਼ਦੀਕੀ ਪ੍ਰਵੀਨ ਐੱਮ ਰਾਊਤ ਨਾਲ ਸਬੰਧਤ ਹਨ ਜੋ ਗੁਰੂ ਆਸ਼ੀਸ਼ ਕੰਸਟ੍ਰਕਸ਼ਨ ਪ੍ਰਾਈਵੇਟ ਲਿਮਿਟਡ ਪਾਲਘਰ ਦਾ ਸਾਬਕਾ ਡਾਇਰੈਕਟਰ ਰਿਹਾ ਹੈ। ਇਨ੍ਹਾਂ ’ਚ ਵਰਸ਼ਾ ਰਾਊਤ ਦਾ ਦਾਦਰ ’ਚ ਇਕ ਫਲੈਟ ਅਤੇ ਅਲੀਬਾਗ ’ਚ ਕਿਹਿਮ ਬੀਚ ’ਤੇ ਅੱਠ ਪਲਾਟ ਵੀ ਸ਼ਾਮਲ ਹਨ ਜੋ ਸੁਜੀਤ ਪਾਟਕਰ ਦੀ ਪਤਨੀ ਸਵਪਨਾ ਪਾਟਕਰ ਅਤੇ ਵਰਸ਼ਾ ਰਾਊਤ ਦੇ ਨਾਮ ’ਤੇ ਹਨ। ਈਡੀ ਮੁਤਾਬਕ ਸੁਜੀਤ ਪਾਟਕਰ ਵੀ ਸੰਜੈ ਰਾਊਤ ਦਾ ਨੇੜਲਾ ਸਾਥੀ ਹੈ। ਮੰਨਿਆ ਜਾ ਰਿਹਾ ਹੈ ਕਿ ਈਡੀ ਸੰਜੈ ਰਾਊਤ ਤੋਂ ਪ੍ਰਵੀਨ ਅਤੇ ਪਾਟਕਰ ਨਾਲ ਕਾਰੋਬਾਰੀ ਸਬੰਧਾਂ ਅਤੇ ਪਤਨੀ ਦੇ ਸੰਪਤੀਆਂ ਸਬੰਧੀ ਸੌਦਿਆਂ ਬਾਰੇ ਜਾਣਨਾ ਚਾਹੁੰਦੀ ਹੈ। ਏਜੰਸੀ ਨੇ ਦੋਸ਼ ਲਾਇਆ ਸੀ ਕਿ ਅਲੀਬਾਗ ਜ਼ਮੀਨੀ ਸੌਦੇ ’ਚ ਨਕਦ ਅਦਾਇਗੀ ਕੀਤੀ ਗਈ ਸੀ। ਉਸ ਸਮੇਂ ਸੰਜੈ ਰਾਊਤ ਨੇ ਈਡੀ ਦੀ ਕਾਰਵਾਈ ਨੂੰ ਮੱਧ ਵਰਗੀ ‘ਮਰਾਠੀ ਮਾਨੁਸ’ ’ਤੇ ਹਮਲਾ ਕਰਾਰ ਦਿੱਤਾ ਸੀ ਅਤੇ ਕਿਹਾ ਸੀ ਕਿ ਉਹ ਅਜਿਹੇ ਹਥਕੰਡਿਆਂ ਤੋਂ ਡਰਨ ਵਾਲੇ ਨਹੀਂ ਹਨ। ਪ੍ਰਵੀਨ ਰਾਊਤ ਨੂੰ ਫਰਵਰੀ ’ਚ ਈਡੀ ਨੇ ਗੋਰੇਗਾਉਂ ’ਚ ਪਾਤਰਾ ਬਸਤੀ ਦੇ ਪੁਨਰ ਵਿਕਾਸ ਨਾਲ ਸਬੰਧਤ 1034 ਕਰੋੜ ਰੁਪਏ ਦੇ ਜ਼ਮੀਨੀ ਘੁਟਾਲੇ ਦੇ ਸਬੰਧ ’ਚ ਗ੍ਰਿਫ਼ਤਾਰ ਕੀਤਾ ਸੀ ਅਤੇ ਉਹ ਇਸ ਸਮੇਂ ਨਿਆਂਇਕ ਹਿਰਾਸਤ ’ਚ ਹੈ। -ਪੀਟੀਆਈ