ਨਵੀਂ ਦਿੱਲੀ, 5 ਜੁਲਾਈ
ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਚੀਨੀ ਸਮਾਰਟਫੋਨਾਂ ਦਾ ਉਤਪਾਦਨ ਕਰਨ ਵਾਲੀ ਕੰਪਨੀ ਵੀਵੋ ਤੇ ਇਸ ਨਾਲ ਜੁੜੀਆਂ ਫਰਮਾਂ ਖਿਲਾਫ਼ ਦਰਜ ਮਨੀ ਲਾਂਡਰਿੰਗ ਕੇਸ ਦੀ ਜਾਂਚ ਨੂੰ ਲੈ ਕੇ ਦੇਸ਼ ਭਰ ਵਿੱਚ 44 ਟਿਕਾਣਿਆਂ ’ਤੇ ਛਾਪੇ ਮਾਰੇ। ਅਧਿਕਾਰੀਆਂ ਨੇ ਕਿਹਾ ਕਿ ਕਾਲੇ ਧਨ ਨੂੰ ਸਫੇਦ ਬਣਾਉਣ ਤੋਂ ਰੋਕਣ ਲਈ ਬਣੇ ਐਕਟ ਦੀਆਂ ਧਾਰਾਵਾਂ ਤਹਿਤ ਦਿੱਲੀ, ਯੂਪੀ, ਮੇਘਾਲਿਆ ਤੇ ਮਹਾਰਾਸ਼ਟਰ ਸਣੇ ਵੱਖ ਵੱਖ ਰਾਜਾਂ ਵਿੱਚ ਕਈ ਟਿਕਾਣਿਆਂ ’ਤੇ ਛਾਪੇ ਮਾਰ ਕੇ ਤਲਾਸ਼ੀ ਲਈ ਗਈ। ਉਨ੍ਹਾਂ ਕਿਹਾ ਕਿ ਏਜੰਸੀ ਨੇ ਵੀਵੋ ਤੇ ਸਹਿਯੋਗੀ ਕੰਪਨੀਆਂ ਨਾਲ ਸਬੰਧਤ 44 ਟਿਕਾਣਿਆਂ ’ਤੇ ਛਾਪੇ ਮਾਰੇ। ਸੰਘੀ ਏਜੰਸੀ ਨੇ ਦਿੱਲੀ ਪੁਲੀਸ ਦੇ ਆਰਥਿਕ ਅਪਰਾਧਾਂ ਬਾਰੇ ਵਿੰਗ ਵੱਲੋਂ ਹਾਲ ਹੀ ਵਿੱਚ ਜੰਮੂ ਕਸ਼ਮੀਰ ਆਧਾਰਿਤ ਏਜੰਸੀ ਦੇ ਡਿਸਟ੍ਰੀਬਿਊਟਰ ਖ਼ਿਲਾਫ਼ ਦਰਜ ਐੱਫਆਈਆਰ ਦਾ ਨੋਟਿਸ ਲੈਂਦਿਆਂ ਮਨੀ ਲਾਂਡਰਿੰਗ ਦਾ ਕੇਸ ਦਰਜ ਕੀਤਾ ਸੀ। ਐੱਫਆਈਆਰ ਮੁਤਾਬਕ ਇਸ ਕੰਪਨੀ ਵਿਚਲੇ ਚੀਨੀ ਸ਼ੇਅਰਧਾਰਕਾਂ ਨੇ ਆਪਣੇ ਪਛਾਣ ਦਸਤਾਵੇਜ਼ਾਂ ਵਿੱਚ ਧੋਖਾਧੜੀ ਕੀਤੀ ਸੀ। ਈਡੀ ਨੂੰ ਸ਼ੱਕ ਹੈ ਕਿ ਇਹ ਕਥਿਤ ਧੋਖਾਧੜੀ ਫ਼ਰਜ਼ੀ ਕੰਪਨੀਆਂ ਦੇ ਨਾਂ ’ਤੇ ਇਕੱਠੇ ਕੀਤੇ ਫੰਡਾਂ ਨੂੰ ਗੈਰਕਾਨੂੰਨੀ ਤਰੀਕੇ ਨਾਲ ਸਫ਼ੇਦ ਬਣਾਉਣ ਲਈ ਕੀਤੀ ਗਈ ਸੀ ਤੇ ਇਸ ਵਿੱਚੋਂ ਕੁਝ ਕਾਲਾ ਧਨ ਵਿਦੇਸ਼ ਭੇਜਿਆ ਗਿਆ ਜਾਂ ਫਿਰ ਭਾਰਤੀ ਟੈਕਸ ਤੇ ਐੱਨਫੋਰਸਮੈਂਟ ਏਜੰਸੀਆਂ ਦੀਆਂ ਅੱਖਾਂ ’ਚ ਘੱਟਾ ਪਾ ਕੇ ਕੁਝ ਹੋਰਨਾਂ ਕਾਰੋਬਾਰਾਂ ਵਿੱਚ ਲਾਇਆ ਗਿਆ। ਈਡੀ ਦੀ ਇਸ ਕਾਰਵਾਈ ਨੂੰ ਕੇਂਦਰ ਸਰਕਾਰ ਵੱਲੋਂ ਗੰਭੀਰ ਵਿੱਤੀ ਅਪਰਾਧਾਂ ਜਿਵੇਂ ਮਨੀ ਲਾਂਡਰਿੰਗ ਤੇ ਟੈਕਸ ਚੋਰੀ ਆਦਿ ਵਿੱਚ ਸ਼ਾਮਲ ਚੀਨੀ ਐਂਟਿਟੀਜ਼ ਤੇ ਉਨ੍ਹਾਂ ਦੇ ਭਾਰਤ ਵਿਚਲੇ ਸਹਾਇਕਾਂ ਖਿਲਾਫ਼ ਧਾਵਾ ਬੋਲਣ ਦੀ ਕੜੀ ਵਜੋਂ ਵੇਖਿਆ ਜਾ ਰਿਹਾ ਹੈ। -ਪੀਟੀਆਈ
ਕਰਨਾਟਕ ਏਸੀਬੀ ਵੱਲੋਂ ਕਾਂਗਰਸ ਵਿਧਾਇਕ ਦੇ ਘਰ ਤੇ ਦਫਤਰ ’ਚ ਛਾਪੇ
ਬੰਗਲੂਰੂ: ਆਮਦਨ ਦੇ ਸਰੋਤਾਂ ਨਾਲੋਂ ਵੱਧ ਅਸਾਸਿਆਂ ਬਾਰੇ ਈਡੀ ਦੀ ਰਿਪੋਰਟ ਮਗਰੋਂ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਨੇ ਅੱਜ ਇਥੇ ਕਾਂਗਰਸੀ ਵਿਧਾਇਕ ਬੀ.ਜ਼ੈੱਡ.ਜ਼ਮੀਰ ਅਹਿਮਦ ਦੇ ਪੰਜ ਟਿਕਾਣਿਆਂ ’ਤੇ ਇਕੋ ਵੇਲੇ ਛਾਪੇ ਮਾਰੇ। ਬਿਊਰੋ ਅਧਿਕਾਰੀਆਂ ਨੇ ਕਿਹਾ ਕਿ ਵਿਧਾਇਕ ਦੀ ਛਾਉਣੀ ਰੇਲਵੇ ਸਟੇਸ਼ਨ ਨੇੜਲੀ ਰਿਹਾਇਸ਼, ਸਿਲਵਰ ਓਕ ਅਪਾਰਟਮੈਂਟਸ ਵਿਚਲੇ ਫਲੈਟ, ਸਦਾਸ਼ਿਵਨਗਰ ਵਿਚਲੇ ਗੈਸਟ ਹਾਊਸ, ਬਾਨਾਸ਼ੰਕਰੀ ਸਥਿਤ ਦਫ਼ਤਰ ਤੇ ਨੈਸ਼ਨਲ ਟਰੈਵਲਜ਼ ਦਫ਼ਤਰ ਦੀ ਤਲਾਸ਼ੀ ਲਈ ਗਈ। ਏਸੀਬੀ ਟੀਮਾਂ ਵੱਲੋਂ ਛਾਪਿਆਂ ਦੌਰਾਨ ਮਿਲੇ ਦਸਤਾਵੇਜ਼ਾਂ ਦੀ ਤਸਦੀਕ ਕੀਤੀ ਜਾ ਰਹੀ ਹੈ। -ਪੀਟੀਆਈ