ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 21 ਮਈ
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕਾਰੋਬਾਰੀ ਨਵਨੀਤ ਕਾਲੜਾ ਅਤੇ ਉਸ ਦੇ ਸਾਥੀਆਂ ਨਾਲ ਦਿੱਲੀ ਅਤੇ ਐੱਨਸੀਆਰ ’ਚ ਜੁੜੇ ਕਰੀਬ 10 ਟਿਕਾਣਿਆਂ ਉਪਰ ਅੱਜ ਛਾਪੇ ਮਾਰੇ। ਕਾਲੜਾ ਖ਼ਿਲਾਫ਼ ਕਰੋਨਾ ਸੰਕਟ ਦੌਰਾਨ ਮਰੀਜ਼ਾਂ ਦੇ ਜੀਵਨ ਦੀ ਰਾਖੀ ਕਰਨ ਵਾਲੇ ਆਕਸੀਜਨ ਕੰਸਨਟਰੇਟਰਾਂ ਦੀ ਕਾਲਾਬਾਜ਼ਾਰੀ ਅਤੇ ਜ਼ਖ਼ੀਰੇਬਾਜ਼ੀ ਦੇ ਕਥਿਤ ਦੋਸ਼ਾਂ ਹੇਠ ਵੱਖ-ਵੱਖ ਧਾਰਾਵਾਂ ਹੇਠ ਮਾਮਲੇ ਦਰਜ ਕੀਤੇ ਗਏ ਹਨ। ਸੂਤਰਾਂ ਨੇ ਦੱਸਿਆ ਕਿ ਰਾਸ਼ਟਰੀ ਰਾਜਧਾਨੀ ਖਿੱਤੇ ਵਿੱਚ ਘੱਟੋ ਘੱਟ 10 ਥਾਵਾਂ ’ਤੇ ਮਨੀ ਲਾਂਡਰਿੰਗ ਰੋਕੂ ਐਕਟ (ਪੀਐੱਮਐੱਲਏ) ਦੀਆਂ ਧਾਰਾਵਾਂ ਤਹਿਤ ਤਲਾਸ਼ੀ ਲਈ ਗਈ। ਈਡੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਛਾਪਿਆਂ ਦਾ ਮਕਸਦ ਕਾਲੜਾ ਖ਼ਿਲਾਫ਼ ਹੋਰ ਸਬੂਤ ਇਕੱਠੇ ਕਰਨਾ ਹੈ। ਬੀਤੇ ਦਿਨੀਂ ਦਿੱਲੀ ਪੁਲੀਸ ਦੀ ਐੱਫਆਈਆਰ ਦੇ ਆਧਾਰ ’ਤੇ ਈਡੀ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ। ਕਾਲੜਾ ਨਾਲ ਜੁੜੇ ਹੋਰ ਲੋਕਾਂ ਉਪਰ ਵੀ ਸ਼ੱਕ ਹੈ ਕਿ ਉਨ੍ਹਾਂ ਇਸ ਕਾਲੇ ਧੰਦੇ ਵਿੱਚ ਕਾਲੜਾ ਦੀ ਮਦਦ ਕੀਤੀ ਸੀ। ਦਿੱਲੀ ਪੁਲੀਸ ਦੀ ਅਪਰਾਧ ਸ਼ਾਖਾ ਨੇ ਉਕਤ ਮਾਮਲੇ ਵਿੱਚ ਮੈਟ੍ਰਿਕਸ ਸੈਲੂਲਰ ਕੰਪਨੀ ਦੇ ਸੀਈਓ ਅਤੇ ਉਪ ਚੇਅਰਮੈਨ ਸਮੇਤ ਚਾਰ ਮੁਲਾਜ਼ਮਾਂ ਨੂੰ ਗੁਰੂਗ੍ਰਾਮ ਤੋਂ ਗ੍ਰਿਫ਼ਤਾਰ ਕੀਤਾ ਸੀ ਪਰ ਉਨ੍ਹਾਂ ਨੂੰ ਅਦਾਲਤ ਤੋਂ ਜ਼ਮਾਨਤ ਮਿਲ ਗਈ ਸੀ। ਪੁਲੀਸ ਨੇ ਕਾਲੜਾ ਅਤੇ ਹੋਰਾਂ ਵਿਰੁੱਧ ਧਾਰਾ 420 (ਧੋਖਾਧੜੀ), 188, 120-ਬੀ, 34, ਜ਼ਰੂਰੀ ਵਸਤੂਆਂ ਬਾਰੇ ਐਕਟ ਅਤੇ ਮਹਾਮਾਰੀ ਰੋਗ ਐਕਟ ਤਹਿਤ ਕੇਸ ਦਰਜ ਕੀਤਾ ਹੈ। ਕਾਲੜਾ ਨੂੰ ਸਥਾਨਕ ਅਦਾਲਤ ਨੇ ਵੀਰਵਾਰ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਸੀ।