ਨਵੀਂ ਦਿੱਲੀ/ਰਾਂਚੀ, 6 ਮਈ
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਝਾਰਖੰਡ ਦੇ ਖੁੰਟੀ ਜ਼ਿਲ੍ਹੇ ’ਚ ਮਨਰੇਗਾ ਫੰਡਾਂ ’ਚ 18 ਕਰੋੜ ਰੁਪਏ ਦੇ ਕਥਿਤ ਘਪਲੇ ਨਾਲ ਜੁੜੇ ਮਨੀ ਲਾਂਡਰਿੰਗ ਸਬੰਧੀ ਕੇਸ ’ਚ ਝਾਰਖੰਡ ਦੀ ਖਣਨ ਸਕੱਤਰ ਪੂਜਾ ਸਿੰਘਲ ਤੇ ਉਸ ਦੇ ਪਰਿਵਾਰ ਦੀਆਂ ਰਿਹਾਇਸ਼ਾਂ ਸਮੇਤ ਕਈ ਹੋਰ ਟਿਕਾਣਿਆਂ ’ਤੇ ਛਾਪੇ ਮਾਰੇ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਇਸ ਦੌਰਾਨ ਰਾਂਚੀ ਆਧਾਰਿਤ ਚਾਰਟਰਡ ਅਕਾਊਂਟੈਂਟ ਦੀ ਰਿਹਾਇਸ਼ ਤੋਂ ਤਕਰੀਬਨ 17 ਕਰੋੜ ਰੁਪਏ ਬਰਾਮਦ ਕੀਤੇ ਗਏ ਹਨ ਜਦਕਿ 1.8 ਕਰੋੜ ਰੁਪਏ ਸ਼ਹਿਰ ਵਿਚਲੀ ਇੱਕ ਹੋਰ ਥਾਂ ਤੋਂ ਬਰਾਮਦ ਹੋਏ ਹਨ। ਉਨ੍ਹਾਂ ਦੱਸਿਆ ਕਿ ਏਜੰਸੀ ਵੱਲੋਂ ਝਾਰਖੰਡ, ਬਿਹਾਰ, ਪੱਛਮੀ ਬੰਗਾਲ, ਦਿੱਲੀ, ਪੰਜਾਬ ਤੇ ਕੁਝ ਹੋਰ ਰਾਜਾਂ ਵਿਚਲੀਆਂ 18 ਥਾਵਾਂ ’ਤੇ ਮਨੀ ਲਾਂਡਰਿੰਗ ਐਕਟ ਤਹਿਤ ਛਾਪੇ ਮਾਰੇ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸਿੰਘਲ, ਇੱਕ ਆਈਏਐੱਸ ਅਫਸਰ ਤੇ ਝਾਰਖੰਡ ਸਰਕਾਰ ਦੇ ਖਣਨ ਵਿਭਾਗ ਦੀ ਸਕੱਤਰ ਦੇ ਟਿਕਾਣਿਆਂ ’ਤੇ ਵੀ ਕਾਰਵਾਈ ਕੀਤੀ ਜਾ ਰਹੀ ਹੈ। ਸਿੰਘਲ 2000 ਬੈਚ ਦੀ ਆਈਏਐੱਸ ਅਫਸਰ ਹੈ ਤੇ ਉਹ ਇਸ ਤੋਂ ਪਹਿਲਾਂ ਖੁੰਟੀ ’ਚ ਬਤੌਰ ਡਿਪਟੀ ਕਮਿਸ਼ਨਰ ਤਾਇਨਾਤ ਸੀ। ਈਡੀ ਵੱਲੋਂ ਰਾਂਚੀ ’ਚ ਇੱਕ ਹਸਪਤਾਲ ਤੋਂ ਇਲਾਵਾ ਕਈ ਹੋਰ ਥਾਵਾਂ ’ਤੇ ਵੀ ਛਾਪੇ ਮਾਰੇ ਗਏ ਹਨ। ਇਸ ਕਾਰਵਾਈ ਦੌਰਾਨ ਸੀਆਰਪੀਐੱਫ ਦੇ ਜਵਾਨਾਂ ਵੱਲੋਂ ਈਡੀ ਦੀ ਟੀਮ ਨੂੰ ਸੁਰੱਖਿਆ ਮੁਹੱਈਆ ਕੀਤੀ ਗਈ।
ਜਿਸ ਮਨੀ ਲਾਂਡਰਿੰਗ ਮਾਮਲੇ ’ਚ ਇਹ ਕਾਰਵਾਈ ਕੀਤੀ ਜਾ ਰਹੀ ਹੈ, ਉਹ ਝਾਰਖੰਡ ਦੇ ਜੂਨੀਅਰ ਇੰਜਨੀਅਰ ਰਾਮ ਬਿਨੋਦ ਪ੍ਰਸਾਦ ਸਿਨਹਾ ਖ਼ਿਲਾਫ਼ ਈਡੀ ਵੱਲੋਂ ਪੀਐੱਮਐੱਲਏ ਤਹਿਤ ਦਰਜ ਕੇਸ ਨਾਲ ਜੁੜਿਆ ਹੋਇਆ ਹੈ। -ਪੀਟੀਆਈ