ਨਵੀਂ ਦਿੱਲੀ, 21 ਜੁਲਾਈ
ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੋਂ ਅੱਜ ਨੈਸ਼ਨਲ ਹੈਰਾਲਡ ਅਖ਼ਬਾਰ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿੱਚ ਪੁੱਛ-ਪੜਤਾਲ ਕੀਤੀ। ਸੰਘੀ ਜਾਂਚ ਏਜੰਸੀ ਨੇ ਕੋਵਿਡ ਤੋਂ ਉਭਰ ਰਹੀ 75 ਸਾਲਾ ਆਗੂ ਨੂੰ ਦੋ ਘੰਟੇ ਦੇ ਕਰੀਬ ਸਵਾਲ-ਜਵਾਬ ਕੀਤੇ ਤੇ ਇਸ ਦੌਰਾਨ ਕੋਵਿਡ ਪ੍ਰੋਟੋਕਾਲ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ। ਕਾਂਗਰਸ ਆਗੂ ਦੀ ਅਪੀਲ ’ਤੇ ਉਨ੍ਹਾਂ ਤੋਂ ਪੁੱਛ-ਪੜਤਾਲ ਕਰਨ ਦਾ ਸਿਲਸਿਲਾ ਮੁੱਕਿਆ। ਅਧਿਕਾਰੀਆਂ ਨੇ ਕਾਂਗਰਸ ਪ੍ਰਧਾਨ ਨੂੰ ਦੂਜੇ ਗੇੜ ਦੀ ਪੁੱਛ-ਪੜਤਾਲ ਲਈ 25 ਜੁਲਾਈ ਨੂੰ ਮੁੜ ਸੱਦ ਲਿਆ ਹੈ। ਉਧਰ ਕਾਂਗਰਸ ਪਾਰਟੀ ਨੇ ਆਪਣੇ ਆਗੂ ਦੀ ਈਡੀ ਅੱਗੇ ਪੇਸ਼ੀ ਦੇ ਮੱਦੇਨਜ਼ਰ ਤਾਕਤ ਦੇ ਮੁਜ਼ਾਹਰੇ ਵਜੋਂ ਦੇਸ਼ ਭਰ ਵਿੱਚ ਸੜਕਾਂ ’ਤੇ ਉੱਤਰ ਕੇ ਰੋੋਸ ਮੁਜ਼ਾਹਰੇ ਕੀਤੇ ਤੇ ਪਾਰਟੀ ਆਗੂਆਂ ਨੇ ਗ੍ਰਿਫ਼ਤਾਰੀਆਂ ਦਿੱਤੀਆਂ। ਸੰਸਦ ਦੇ ਮੌਨਸੂਨ ਇਜਲਾਸ ਵਿੱਚ ਵੀ ਈਡੀ ਦੇ ਸੰਮਨਾਂ ਨੂੰ ਲੈ ਕੇ ਰੌਲਾ-ਰੱਪਾ ਪਿਆ।
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੋਂ ਪੁੱਛ-ਪੜਤਾਲ ਕਰਨ ਮੌਕੇ ਸੰਘੀ ਜਾਂਚ ਏਜੰਸੀ ਵੱਲੋਂ ਕੋਵਿਡ ਪ੍ਰੋਟੋਕਾਲ ਦਾ ਪੂਰਾ ਧਿਆਨ ਰੱਖਿਆ ਗਿਆ। ਸ੍ਰੀਮਤੀ ਗਾਂਧੀ ਨੂੰ ਸਵਾਲ-ਜਵਾਬ ਕਰਨ ਵਾਲੇ ਅਧਿਕਾਰੀਆਂ ਲਈ ਕੋਵਿਡ ਨੈਗੇਟਿਵ ਸਰਟੀਫਿਕੇਟ ਲਾਜ਼ਮੀ ਸੀ। ਸੋਨੀਆ ਗਾਂਧੀ ਤੋਂ ਸਹਾਇਕ ਡਾਇਰੈਕਟਰ ਮੋਨਿਕਾ ਸ਼ਰਮਾ ਦੀ ਟੀਮ ਨੇ ਸਵਾਲ ਕੀਤੇ, ਜਿਸ ਨੇ ਯੰਗ ਇੰਡੀਆ ਪ੍ਰਾਈਵੇਟ ਲਿਮਟਿਡ, ਜਿਸ ਕੋਲ ਨੈਸ਼ਨਲ ਹੈਰਾਲਡ ਦੀ ਮਾਲਕੀ ਵੀ ਹੈ, ਵਿੱਚ ਕਥਿਤ ਵਿੱਤੀ ਬੇਨਿਯਮੀਆਂ ਨਾਲ ਸਬੰਧਤ ਕੇਸ ਵਿੱਚ ਰਾਹੁਲ ਗਾਂਧੀ ਤੋਂ ਪੁੱਛ-ਪੜਤਾਲ ਕੀਤੀ ਸੀ। ਇਸ ਤੋਂ ਪਹਿਲਾਂ ਸ੍ਰੀਮਤੀ ਸੋਨੀਆ ਗਾਂਧੀ ਦਿੱਲੀ ਦੇ ਏਪੀਜੇ ਅਬਦੁਲ ਕਲਾਮ ਰੋਡ ਸਥਿਤ ਈਡੀ ਦੇ ਹੈੱਡਕੁਆਰਟਰ ਵਿੱਚ ਆਪਣੇ ਜ਼ੈੱਡ ਪਲੱਸ ਸੁਰੱਖਿਆ ਅਮਲੇ ਨਾਲ ਦੁਪਹਿਰ 12:10 ਵਜੇ ਪੁੱਜੇ। ਕਾਂਗਰਸ ਪ੍ਰਧਾਨ, ਜਿਨ੍ਹਾਂ ਮੂੰਹ ’ਤੇ ਮਾਸਕ ਪਾਇਆ ਹੋਇਆ ਸੀ, ਨਾਲ ਉਨ੍ਹਾਂ ਦੇ ਦੋਵੇਂ ਬੱਚੇ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਵਾਡਰਾ ਵੀ ਮੌਜੂਦ ਸਨ। ਈਡੀ ਨੇ ਪ੍ਰਿਯੰਕਾ ਗਾਂਧੀ ਨੂੰ ਪ੍ਰਵਰਤਨ ਭਵਨ ਵਿੱਚ ਰੁਕਣ ਦੀ ਇਜਾਜ਼ਤ ਦਿੱਤੀ, ਤਾਂ ਕਿ ਸੋਨੀਆ ਗਾਂਧੀ ਤੋਂ ਪੁੱਛ-ਪੜਤਾਲ ਦੌਰਾਨ ਜੇਕਰ ਉਨ੍ਹਾਂ ਨੂੰ ਸਿਹਤ ਨਾਲ ਜੁੜੀ ਕੋਈ ਸਮੱਸਿਆ ਆਉਂਦੀ ਹੈ ਜਾਂ ਫਿਰ ਦਵਾਈ ਦੇਣ ਦੀ ਲੋੜ ਪੈਂਦੀ ਹੈ, ਤਾਂ ਉਨ੍ਹਾਂ ਨੂੰ ਬੁਲਾਇਆ ਜਾ ਸਕੇ। ਰਾਹੁਲ ਗਾਂਧੀ ਹਾਲਾਂਕਿ ਆਪਣੀ ਮਾਂ ਨੂੰ ਈਡੀ ਹੈੱਡਕੁਆਰਟਰ ਛੱਡਣ ਤੋਂ ਫੌਰੀ ਮਗਰੋਂ ਉਥੋਂ ਚਲੇ ਗਏ। ਉਂਜ ਸੋਨੀਆ ਗਾਂਧੀ ਦੀ ਪੇਸ਼ੀ ਤੋਂ ਪਹਿਲਾਂ ਅੱਜ ਉਨ੍ਹਾਂ ਦੀ ਰਿਹਾਇਸ਼ ਤੇ ਈਡੀ ਦਫ਼ਤਰ ਤੱਕ ਦੇ ਇਕ ਕਿਲੋਮੀਟਰ ਦੇ ਫਾਸਲੇ ’ਤੇ ਦਿੱਲੀ ਪੁਲੀਸ ਵੱਲੋਂ ਸੁਰੱਖਿਆ ਬਲਾਂ ਦੀ ਵੱਡੀ ਨਫ਼ਰੀ, ਜਿਨ੍ਹਾਂ ਵਿੱਚ ਸੀਆਰਪੀਐੱਫ ਤੇ ਰੈਪਿਡ ਐਕਸ਼ਨ ਫੋਰਸ ਦੇ ਜਵਾਨ ਵੀ ਸ਼ਾਮਲ ਸਨ, ਤਾਇਨਾਤ ਕੀਤੀ ਗਈ ਸੀ। ਕਾਂਗਰਸ ਪਾਰਟੀ ਨੇ ਏਜੰਸੀ ਦੀ ਆਪਣੀ ਸਿਖਰਲੀ ਲੀਡਰਸ਼ਿਪ ਖਿਲਾਫ਼ ਕਾਰਵਾਈ ਨੂੰ ‘ਸਿਆਸੀ ਬਦਲਾਖੋਰੀ’ ਕਰਾਰ ਦਿੱਤਾ ਹੈ।
ਈਡੀ ਇਸ ਮਾਮਲੇ ਵਿੱਚ ਰਾਹੁਲ ਗਾਂਧੀ ਤੋਂ ਇਲਾਵਾ ਕਾਂਗਰਸ ਆਗੂਆਂ ਮਲਿਕਾਰਜੁਨ ਖੜਗੇ ਤੇ ਪਵਨ ਬਾਂਸਲ ਤੋਂ ਵੀ ਪੁੱਛ-ਪੜਤਾਲ ਕਰ ਚੁੱਕੀ ਹੈ। ਦੱਸ ਦੇਈਏ ਕਿ ਈਡੀ ਨੇ ਪਿਛਲੇ ਸਾਲ ਪੀਐੱਮਐੱਲਏ ਦੀਆਂ ਫੌਜਦਾਰੀ ਵਿਵਸਥਾਵਾਂ ਤਹਿਤ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਖਿਲਾਫ਼ ਸੱਜਰਾ ਕੇਸ ਦਰਜ ਕੀਤਾ ਸੀ। ਸੋਨੀਆ ਤੇ ਰਾਹੁਲ ਗਾਂਧੀ ਯੰਗ ਇੰਡੀਅਨ ਦੇ ਪ੍ਰਮੋਟਰਾਂ ’ਚੋਂ ਇਕ ਹਨ ਤੇ ਉਨ੍ਹਾਂ ਦੇ ਇਸ ਕੰਪਨੀ ਵਿੱਚ 38-38 ਫੀਸਦ ਹਿੱਸੇਦਾਰੀ ਹੈ। ਭਾਜਪਾ ਸੰਸਦ ਮੈਂਬਰ ਸੁਬਰਾਮਨੀਅਨ ਸਵਾਮੀ ਨੇ ਸੋਨੀਆ-ਰਾਹੁਲ ਤੇ ਹੋਰਨਾਂ ’ਤੇ ਧੋਖਾਧੜੀ ਤੇ ਫੰਡਾਂ ਦੇ ਹੇਰ-ਫੇਰ ਦੀ ਸਾਜ਼ਿਸ਼ ਘੜਨ ਦਾ ਦੋਸ਼ ਲਾਇਆ ਸੀ। ਹਾਲਾਂਕਿ ਕਾਂਗਰਸ ਪਾਰਟੀ ਦਾ ਦਾਅਵਾ ਹੈ ਕਿ ਉਸ ਨੇ ਕੁਝ ਵੀ ਗ਼ਲਤ ਨਹੀਂ ਕੀਤਾ ਅਤੇ ਯੰਗ ਇੰਡੀਅਨ, ਕੰਪਨੀਜ਼ ਐਕਟ ਦੀ ਧਾਰਾ 25 ਤਹਿਤ ਸਥਾਪਿਤ ਕੰਪਨੀ ਹੈ, ਜੋ ਕਿਸੇ ਮੁਨਾਫ਼ੇ ਲਈ ਨਹੀਂ ਬਣਾਈ ਗਈ। ਲਿਹਾਜ਼ਾ ਮਨੀ ਲਾਂਡਰਿੰਗ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। -ਪੀਟੀਆਈ
ਈਡੀ ਨੇ ਸਵਾਲ ਮੁੱਕਣ ’ਤੇ ਸੋਨੀਆ ਨੂੰ ਜਾਣ ਲਈ ਆਖਿਆ: ਜੈਰਾਮ ਰਮੇਸ਼
ਨਵੀਂ ਦਿੱਲੀ: ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਈਡੀ ਦੇ ਇਸ ਦਾਅਵੇ ਕਿ ਉਨ੍ਹਾਂ ਸੋਨੀਆ ਗਾਂਧੀ ਦੀ ਅਪੀਲ ’ਤੇ 75 ਸਾਲਾ ਆਗੂ ਤੋਂ ਪੁੱਛ-ਪੜਤਾਲ ਦਾ ਅਮਲ ਸਮਾਪਤ ਕਰ ਦਿੱਤਾ, ਦੇ ਉਲਟ ਕਿਹਾ ਕਿ ਈਡੀ ਨੇ ਕਾਂਗਰਸ ਪ੍ਰਧਾਨ ਨੂੰ ਕਿਹਾ ਸੀ ਕਿ ਉਨ੍ਹਾਂ ਕੋਲ ਹੋਰ ਕੋਈ ਸਵਾਲ ਨਹੀਂ ਹਨ ਤੇ ਉਹ ਜਾ ਸਕਦੇ ਹਨ। ਰਮੇਸ਼ ਨੇ ਇਕ ਟਵੀਟ ਵਿੱਚ ਕਿਹਾ ਕਿ ਸੋਨੀਆ ਗਾਂਧੀ ਨੇ ਈਡੀ ਦੇ ਤਫ਼ਤੀਸ਼ੀ ਅਧਿਕਾਰੀਆਂ ਨੂੰ ਇੰਨੀ ਗੱਲ ਵੀ ਆਖੀ ਕਿ ਜੇਕਰ ਉਨ੍ਹਾਂ ਕੋਲ ਕੋਈ ਹੋਰ ਸਵਾਲ ਵੀ ਹੈ, ਤਾਂ ਉਹ ਉਸ ਦਾ ਜਵਾਬ ਦੇਣ ਲਈ ਤਿਆਰ ਹਨ ਅਤੇ ਲੋੜ ਪੈਂਦੀ ਹੈ ਤਾਂ ਉਹ ਰਾਤ 8 ਜਾਂ 9 ਵਜੇ ਤੱਕ ਰੁਕ ਸਕਦੇ ਹਨ। ਰਮੇਸ਼ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਹ ਕੋਵਿਡ ਮਰੀਜ਼ ਸਨ ਤੇ ਉਨ੍ਹਾਂ ਆਪਣੀ ਦਵਾਈ ਲੈਣੀ ਹੁੰਦੀ ਹੈ, ਲਿਹਾਜ਼ਾ ਉਨ੍ਹਾਂ ਨੂੰ ਦੱਸਿਆ ਜਾਵੇ ਕਿ ਉਹ ਅਗਲੀ ਵਾਰ ਕਦੋਂ ਪੇਸ਼ ਹੋਣ। ਰਮੇਸ਼ ਮੁਤਾਬਕ ਈਡੀ ਨੇ ਕਿਹਾ ਕਿ ਉਨ੍ਹਾਂ ਕੋਲ ਵੀਰਵਾਰ ਜਾਂ ਸ਼ੁੱਕਰਵਾਰ ਨੂੰ ਉਨ੍ਹਾਂ ਕੋਲੋਂ ਪੁੱਛਣ ਲਈ ਕੁਝ ਨਹੀਂ ਹੈ। ਇਸ ਮਗਰੋਂ ਸੋਨੀਆ ਨੇ ਕਿਹਾ ਕਿ ਉਹ ਸੋਮਵਾਰ ਨੂੰ ਪੇਸ਼ ਹੋਣ ਲਈ ਤਿਆਰ ਹਨ। -ਪੀਟੀਆਈ
ਜਾਂਚ ਏਜੰਸੀਆਂ ਦੀ ‘ਦੁਰਵਰਤੋਂ’ ਕਰ ਰਹੀ ਹੈ ਮੋਦੀ ਸਰਕਾਰ: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਅੱਜ ਕਿਹਾ ਕਿ ਮੋਦੀ ਸਰਕਾਰ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਨਿਸ਼ਾਨਾ ਬਣਾਉਣ ਲਈ ਜਾਂਚ ਏਜੰਸੀਆਂ ਦੀ ‘ਦੁਰਵਰਤੋਂ’ ਕਰ ਰਹੀ ਹੈ। ਈਡੀ ਵੱਲੋਂ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਤੋਂ ਕੀਤੀ ਪੁੱਛ-ਪੜਤਾਲ ਦੇ ਹਵਾਲੇ ਨਾਲ ਕਾਂਗਰਸ ਨੇ ਕਿਹਾ ਕਿ ਸੱਤਾਧਾਰੀ ਭਾਜਪਾ ਵਿਰੋਧੀਆਂ ਨਾਲ ਦੁਸ਼ਮਣਾਂ ਵਾਲਾ ਵਰਤਾਅ ਕਰ ਰਹੀ ਹੈ। ਡੀਐੱਮਕੇ, ਸੀਪੀਐੱਮ, ਸੀਪੀਆਈ, ਨੈਸ਼ਨਲ ਕਾਨਫਰੰਸ, ਟੀਆਰਐੱਸ, ਐੱਮਡੀਐੱਮਕੇ, ਐੱਨਸੀਪੀ ਤੇ ਸ਼ਿਵ ਸੈਨਾ ਸਣੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਇਕ ਸਾਂਝੇ ਬਿਆਨ ਵਿੱਚ ਈਡੀ ਵੱਲੋਂ ਸੋਨੀਆ ਗਾਂਧੀ ਖਿਲਾਫ਼ ਕੀਤੀ ਕਾਰਵਾਈ ਦੀ ਨਿਖੇਧੀ ਕੀਤੀ ਹੈ। ਆਗੂਆਂ ਨੇ ਕਿਹਾ ਕਿ ਸਰਕਾਰ ਆਪਣੇ ਸਿਆਸੀ ਵਿਰੋਧੀਆਂ ਨੂੰ ਠਿੱਬੀ ਲਾਉਣ ਲਈ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ। ਸੀਨੀਅਰ ਕਾਂਗਰਸ ਆਗੂ ਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਜਾਂਚ ਏਜੰਸੀ ਨੂੰ ਪਹਿਲਾਂ ਪ੍ਰੈੱਸ ਕਾਨਫਰੰਸ ਕਰਕੇ ਦੱਸਣਾ ਚਾਹੀਦਾ ਹੈ ਕਿ ਉਹ ਸੋਨੀਆ ਗਾਂਧੀ ਤੋਂ ਕਿਹੜੇ ਦੋਸ਼ਾਂ ਤਹਿਤ ਪੁੱਛ-ਪੜਤਾਲ ਕਰ ਰਹੀ ਹੈ। ਗਹਿਲੋਤ ਨੇ ਕਿਹਾ, ‘‘ਪੁਰਾਣੀਆਂ ਰਵਾਇਤਾਂ ਮੁਤਾਬਕ ਈਡੀ ਨੂੰ ਆਪਣੇ ਸਵਾਲਾਂ ਦੇ ਜਵਾਬ ਲਈ ਸੋਨੀਆ ਗਾਂਧੀ ਦੀ ਰਿਹਾਇਸ਼ ’ਤੇ ਜਾਣਾ ਚਾਹੀਦਾ ਸੀ।’’ ਉਨ੍ਹਾਂ ਕਿਹਾ ਕਿ ਇਹ ਸਭ ਕੁਝ ਉਨ੍ਹਾਂ (ਸੋਨੀਆ ਗਾਂਧੀ) ਨੂੰ ‘ਪ੍ਰੇਸ਼ਾਨ’ ਕਰਨ ਲਈ ਕੀਤਾ ਜਾ ਰਿਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ, ‘‘ਸਾਰੇ ਕਾਂਗਰਸੀ ਸੰਸਦ ਮੈਂਬਰਾਂ ਤੇ ਕਾਂਗਰਸ ਵਰਕਿੰਗ ਕਮੇਟੀ ਮੈਂਬਰਾਂ ਨੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨਾਲ ਇਕਮੁੱਠਤਾ ਦੇ ਪ੍ਰਗਟਾਵੇ ਵਜੋਂ ਆਪਣੇ ਪਾਰਟੀ ਹੈੱਡਕੁਆਰਟਰਾਂ ਦੇ ਬਾਹਰ ਗ੍ਰਿਫ਼ਤਾਰੀਆਂ ਦਿੱਤੀਆਂ।’’ ਸੀਨੀਅਰ ਪਾਰਟੀ ਆਗੂ ਪੀ.ਚਿਦੰਬਰਮ ਨੇ ਕਿਹਾ ਕਿ ਈਡੀ, ਸੁਪਰੀਮ ਕੋਰਟ ਤੋਂ ਉੱਤੇ ਨਹੀਂ ਹੈ। ਉਨ੍ਹਾਂ ਕਿਹਾ, ‘‘ਅਜਿਹਾ ਕੀ ਹੈ ਜਿਸ ਦੀ ਈਡੀ ‘ਜਾਂਚ’ ਕਰਨਾ ਚਾਹੁੰਦੀ ਹੈ ਤੇ ਜਿਸ ਦੀ ਘੋਖ ਸੁਪਰੀਮ ਕੋਰਟ ਨਹੀਂ ਕਰੇਗੀ।’’ ਚਿਦੰਬਰਮ ਨੇ ਕਿਹਾ, ‘‘ਈਡੀ ਖ਼ੁਦ ਨੂੰ ਸੁਪਰੀਮ ਕੋਰਟ ਤੋਂ ਵੱਡਾ ਸਾਬਤ ਕਰਨ ਦੀ ਫਿਰਾਕ ਵਿੱਚ ਹੈ ਤੇ ਕਾਂਗਰਸ ਪਾਰਟੀ ਨੂੰ ਡਰਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਕਾਂਗਰਸ ਪਾਰਟੀ ਅਜਿਹੀਆਂ ਧਮਕੀਆਂ ਅੱਗੇ ਝੁਕਣ ਵਾਲੀ ਨਹੀਂ ਹੈ।’’ -ਪੀਟੀਆਈ
‘ਸੱਤਿਆਗ੍ਰਹਿ’ ਨਹੀਂ ਗਾਂਧੀ ਪਰਿਵਾਰ ਨੂੰ ਬਚਾਉਣ ਲਈ ਕੀਤਾ ‘ਦੁਰਾਗ੍ਰਹਿ’: ਭਾਜਪਾ
ਨਵੀਂ ਦਿੱਲੀ: ਭਾਜਪਾ ਨੇ ਸੋਨੀਆ ਗਾਂਧੀ ਦੀ ਈਡੀ ਅੱਗੇ ਪੇਸ਼ੀ ਤੋਂ ਪਹਿਲਾਂ ਕਾਂਗਰਸੀ ਵਰਕਰਾਂ ਵੱਲੋਂ ਕੀਤੇ ਪ੍ਰਦਰਸ਼ਨਾਂ ਦੀ ਨੁਕਤਾਚੀਨੀ ਕਰਦਿਆਂ ਰੋਸ-ਮੁਜ਼ਾਹਰਿਆਂ ਨੂੰ ਗਾਂਧੀ ਪਰਿਵਾਰ ਨੂੰ ਬਚਾਉਣ ਲਈ ਕੀਤਾ ‘ਦੁਰਾਗ੍ਰਹਿ’ ਦੱਸਿਆ ਹੈ। ਭਾਜਪਾ ਆਗੂ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਉਨ੍ਹਾਂ ਦੇ ਪੁੱਤਰ ਰਾਹੁਲ ਗਾਂਧੀ ਉੱਤੇ ਐਸੋਸੀਏਟ ਜਰਨਲਜ਼ ਲਿਮਟਿਡ, ਜੋ ਨੈਸ਼ਨਲ ਹੈਰਾਲਡ ਅਖ਼ਬਾਰ ਪ੍ਰਕਾਸ਼ਿਤ ਕਰਦੀ ਸੀ, ਦੇ ਬਹੁਮੁੱਲੇ ਅਸਾਸਿਆਂ ਦੀ ਲੁੱਟ-ਖੋਹ ਕਰਨ ਦਾ ਦੋਸ਼ ਹੈ। ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਸੁਪਰੀਮ ਕੋਰਟ ਸਣੇ ਹਰੇਕ ਕੋਰਟ ਉਨ੍ਹਾਂ ਖਿਲਾਫ਼ ਇਸ ਮਾਮਲੇ ਵਿੱਚ ਦਰਜ ਐੱਫਆਈਆਰ ਰੱਦ ਕਰਨ ਸਬੰਧੀ ਅਪੀਲ ਨੂੰ ਖਾਰਜ ਕਰ ਚੁੱਕੀ ਹੈ। ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ, ‘‘ਕਾਂਗਰਸ ਪਾਰਟੀ ਇਕ ਪਰਿਵਾਰ ਦੀ ਮਲਕੀਅਤ ਬਣ ਕੇ ਰਹਿ ਗਈ ਹੈ ਤੇ ਹੁਣ ਇਸ ਪਰਿਵਾਰ ਵੱਲੋਂ ਪਾਰਟੀ ਦੇ ਅਸਾਸਿਆਂ ’ਤੇ ਡਾਕਾ ਮਾਰਿਆ ਜਾ ਰਿਹੈ।’’ ਉਨ੍ਹਾਂ ਕਿਹਾ ਕਿ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੋਵੇਂ ਇਸ ਕੇਸ ਵਿੱਚ ਜ਼ਮਾਨਤ ’ਤੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਗਾਂਧੀਆਂ ਨੇ ਯੰਗ ਇੰਡੀਅਨ ਨਾਂ ਦੀ ਕੰਪਨੀ ਬਣਾਈ, ਜਿਸ ਵਿੱਚ ਸੋਨੀਆ ਗਾਂਧੀ ਤੇ ਰਾਹੁਲ ਦੀ 76 ਫੀਸਦ ਹਿੱਸੇਦਾਰੀ ਹੈ, ਤਾਂ ਕਿ ਨੈਸ਼ਨਲ ਹੈਰਾਲਡ ਦੇ ਅਸਾਸਿਆਂ ਦੀ ਲੁੱਟ-ਖੋਹ ਕੀਤੀ ਜਾ ਸਕੇ। ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਕਾਂਗਰਸੀ ਈਡੀ ਦੀ ਜਾਂਚ ਖਿਲਾਫ਼ ਪ੍ਰਦਰਸ਼ਨਾਂ ਨੂੰ ‘ਸੱਤਿਆਗ੍ਰਹਿ’ ਦੱਸਦੇ ਹਨ। ਉਨ੍ਹਾਂ ਕਿਹਾ, ‘‘ਇਹ ‘ਸੱਤਿਆਗ੍ਰਹਿ’ ਨਹੀਂ ਬਲਕਿ ਦੇਸ਼ ਖਿਲਾਫ਼ ‘ਦੁਰਾਗ੍ਰਹਿ’ ਹੈ। ਇਹ ਪਾਰਟੀ ਦੇ ਹਜ਼ਾਰਾਂ ਕਰੋੜ ਰੁਪਏ ਦੇ ਅਸਾਸਿਆਂ ’ਤੇ ‘ਡਾਕਾ ਮਾਰਨ’ ਵਾਲੇ ਪਰਿਵਾਰ ਨੂੰ ਬਚਾਉਣ ਲਈ ਕੀਤਾ ਜਾ ਰਿਹੈ ‘ਦੁਰਾਗ੍ਰਹਿ’ ਹੈ। ਪ੍ਰਸਾਦ ਨੇ ਕਿਹਾ ਕਿ ਕਾਂਗਰਸ ਨੇ 2002 ਗੁਜਰਾਤ ਦੰਗਿਆਂ ਨਾਲ ਜੁੜੇ ਕੇਸਾਂ ਵਿੱਚ ਸੂਬੇ ਦੇ ਤਤਕਾਲੀਨ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ‘ਪ੍ਰੇਸ਼ਾਨ’ ਕੀਤਾ ਸੀ, ਪਰ ਸ੍ਰੀ ਮੋਦੀ ਜਾਂਚ ਏਜੰਸੀਆਂ ਅੱਗੇ ਪੇਸ਼ ਹੋਏ ਅਤੇ ਪਾਕ-ਸਾਫ਼ ਹੋ ਕੇ ਨਿਕਲੇ। ਭਾਜਪਾ ਨੇ ਉਦੋਂ ਕਾਂਗਰਸ ਖਿਲਾਫ਼ ਅਜਿਹਾ ਕੋਈ ਰੋਸ ਮੁਜ਼ਾਹਰਾ ਨਹੀਂ ਕੀਤਾ। ਉਨ੍ਹਾਂ ਕਿਹਾ, ‘‘ਭਾਜਪਾ, ਸੰਸਥਾਵਾਂ ਦਾ ਸਨਮਾਨ ਕਰਦੀ ਹੈ, ਪਰ ਕਾਂਗਰਸ ਵੱੱਲ ਵੇਖੋ। ਇਸ ਦੇ ਮੁੱਖ ਮੰਤਰੀ ਤੇ ਸੰਸਦ ਮੈਂਬਰ, ਜੋ ਪਾਰਲੀਮੈਂਟ ਵਿੱਚੋਂ ਗੈਰਹਾਜ਼ਰ ਹਨ, ਦਿੱਲੀ ਵਿੱਚ ਡੇਰੇ ਲਾਈ ਬੈਠੇ ਹਨ। ਉਹ ਈਡੀ ਦਾ ਮਨੋਬਲ ਡੇਗਣ ਦੀ ਕੋਸ਼ਿਸ਼ ਕਰ ਰਹੇ ਹਨ।’’ -ਪੀਟੀਆਈ