ਮੁੰਬਈ, 13 ਅਕਤੂਬਰ
ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਅੱਜ ਬੰਬੇ ਹਾਈ ਕੋਰਟ ਨੂੰ ਦੱਸਿਆ ਕਿ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਉਸ ਖ਼ਿਲਾਫ਼ ਕਾਲੇ ਧਨ ਨੂੰ ਸਫ਼ੈਦ ਬਣਾਉਣ ਦੇ ਮਾਮਲੇ ਦੀ ਕਾਰਵਾਈ ਹੱਤਿਆ ਅਤੇ ਫਿਰੌਤੀ ਜਿਹੇ ਸੰਗੀਨ ਜੁਰਮਾਂ ਵਾਲੇ ਮੁਲਜ਼ਮਾਂ ਦੇ ਦਾਅਵਿਆਂ ਦੇ ਆਧਾਰ ’ਤੇ ਸ਼ੁਰੂ ਕੀਤੀ ਹੈ। ਦੇਸ਼ਮੁਖ ਨੇ ਆਪਣੇ ਵਕੀਲ ਰਾਹੀਂ ਕਿਹਾ ਕਿ ਉਹ ਈਡੀ ਸਾਹਮਣੇ ਭਲਕੇ ਪੇਸ਼ ਹੋਣਾ ਚਾਹੁੰਦੇ ਹੈ ਪਰ ਏਜੰਸੀ ਉਸ ’ਤੇ ਸਹਿਯੋਗ ਨਾ ਕਰਨ ਦੇ ਦੋਸ਼ ਲਾ ਰਹੀ ਹੈ। ਈਡੀ ਵੱਲੋਂ ਪੇਸ਼ ਹੋਏ ਵਧੀਕ ਸੌਲੀਸਿਟਰ ਜਨਰਲ ਅਮਨ ਲੇਖੀ ਨੇ ਹਾਈ ਕੋਰਟ ਨੂੰ ਦੱਸਿਆ ਕਿ ਜੇਕਰ ਦੇਸ਼ਮੁਖ ਬਦਲੇ ਦੀ ਭਾਵਨਾ ਨਾਲ ਕਾਰਵਾਈ ਦੇ ਦੋਸ਼ ਲਾ ਰਿਹਾ ਹੈ ਤਾਂ ਉਸ ਨੂੰ ਅਜਿਹੇ ਵਿਅਕਤੀਆਂ ਨੂੰ ਆਪਣੀ ਅਰਜ਼ੀ ’ਚ ਧਿਰ ਬਣਾਉਣਾ ਚਾਹੀਦਾ ਹੈ ਜਿਨ੍ਹਾਂ ਨੂੰ ਉਹ ਕਾਤਲ ਅਤੇ ਫਿਰੌਤੀ ਉਗਰਾਹੁਣ ਵਾਲੇ ਦੱਸ ਰਿਹਾ ਹੈ। ਦੇਸ਼ਮੁਖ ਦੇ ਵਕੀਲ ਵਿਕਰਮ ਚੌਧਰੀ ਨੇ ਕਿਹਾ ਕਿ ਉਸ ਖ਼ਿਲਾਫ਼ ਦੋਸ਼ ਘੜੇ ਗਏ ਹਨ ਅਤੇ ਈਡੀ ਵੱਲੋਂ ਜਾਰੀ ਕੀਤੇ ਗਏ ਸੰਮਨਾਂ ਨੂੰ ਰੱਦ ਕੀਤਾ ਜਾਵੇ। ਲੇਖੀ ਨੇ ਕਿਹਾ ਕਿ ਦੇਸ਼ਮੁਖ ਕਾਨੂੰਨ ਤੋਂ ਉਪਰ ਨਹੀਂ ਹੈ ਅਤੇ ਉਸ ਨੂੰ ਈਡੀ ਅੱਗੇ ਪੇਸ਼ ਹੋਣਾ ਪਵੇਗਾ। ਹਾਈ ਕੋਰਟ ਨੇ ਸਾਰੀਆਂ ਦਲੀਲਾਂ ਸੁਣਨ ਤੋਂ ਬਾਅਦ ਦੇਸ਼ਮੁਖ ਦੀ ਅਰਜ਼ੀ ’ਤੇ ਫ਼ੈਸਲਾ ਰਾਖਵਾਂ ਰੱਖ ਲਿਆ ਹੈ। -ਪੀਟੀਆਈ