ਨਵੀਂ ਦਿੱਲੀ, 7 ਮਈ
ਈਡੀ ਨੇ ਅੱਜ ਮੋਬਾਈਲ ਫੋਨ ਨਿਰਮਾਤਾ ਕੰਪਨੀ ਸ਼ਾਓਮੀ ਇੰਡੀਆ ਦੇ ਉਨ੍ਹਾਂ ਦੋਸ਼ਾਂ ਨੂੰ ਖਾਰਜ ਕਰਨ ਦੇ ਨਾਲ ਹੀ ਬੇਬੁਨਿਆਦ ਦੱਸਿਆ ਹੈ ਜਿਨ੍ਹਾਂ ਵਿਚ ਕੰਪਨੀ ਦੇ ਅਧਿਕਾਰੀਆਂ ਨੇ ਕਿਹਾ ਸੀ ਕਿ ਉਨ੍ਹਾਂ ਦੇ ਬਿਆਨ ਦਬਾਅ ਬਣਾ ਕੇ ਲਏ ਗਏ ਹਨ। ਈਡੀ ਨੇ ਇਹ ਬਿਆਨ ਸ਼ਾਓਮੀ ਵੱਲੋਂ ਕਰਨਾਟਕ ਹਾਈ ਕੋਰਟ ਵਿਚ ਲਾਏ ਗਏ ਉਨ੍ਹਾਂ ਇਲਜ਼ਾਮਾਂ ਦੇ ਸੰਦਰਭ ਵਿਚ ਜਾਰੀ ਕੀਤਾ ਹੈ ਜਿਸ ਮੁਤਾਬਕ ਬੰਗਲੁਰੂ ਵਿਚ ਈਡੀ ਦੇ ਜਾਂਚਕਰਤਾਵਾਂ ’ਤੇ ਪੁੱਛਗਿੱਛ ਦੌਰਾਨ ਕੰਪਨੀ ਦੇ ਸਿਖ਼ਰਲੇ ਅਧਿਕਾਰੀਆਂ ਦੀ ਕੁੱਟਮਾਰ ਕਰਨ ਤੋਂ ਇਲਾਵਾ ਦਬਾਅ ਬਣਾਉਣ ਤੇ ਧਮਕਾਉਣ ਦਾ ਦੋਸ਼ ਲਾਇਆ ਗਿਆ ਸੀ। ਕੰਪਨੀ ਦੇ ਅਧਿਕਾਰੀਆਂ ’ਤੇ ਕੋਈ ਦਬਾਅ ਨਹੀਂ ਬਣਾਇਆ ਗਿਆ। ਉਨ੍ਹਾਂ ਖ਼ੁਦ ਬਿਆਨ ਦਰਜ ਕਰਾਏ ਹਨ। ਇਸ ਤੋਂ ਪਹਿਲਾਂ 29 ਅਪਰੈਲ ਨੂੰ ਈਡੀ ਨੇ ਸ਼ਾਓਮੀ ਦੇ ਖਾਤਿਆਂ ’ਚ ਜਮ੍ਹਾਂ 5551 ਕਰੋੜ ਰੁਪਏ ਭਾਰਤ ਦੇ ‘ਫੇਮਾ’ ਐਕਟ ਦੀ ਉਲੰਘਣਾ ਦੇ ਦੋਸ਼ ਹੇਠ ਜ਼ਬਤ ਕੀਤੇ ਸਨ। -ਪੀਟੀਆਈ