ਮੁੰਬਈ. 4 ਅਗਸਤ
ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸ਼ਿਵ ਸੈਨਾ ਆਗੂ ਸੰਜੈ ਰਾਊਤ ਦੀ ਪਤਨੀ ਵਰਸ਼ਾ ਰਾਊਤ ਨੂੰ ਵੀ ਪਾਤਰਾ ਚਾਲ ਦੇ ਪੁਨਰਵਿਕਾਸ ’ਚ ਹੋਈਆਂ ਵਿੱਤੀ ਬੇਨਿਯਮੀਆਂ ਦੇ ਮਾਮਲੇ ’ਚ ਪੁੱਛ-ਪੜਤਾਲ ਲਈ ਸੰਮਨ ਭੇਜੇ ਹਨ। ਕੇਂਦਰੀ ਏਜੰਸੀ ਨੇ ਵਰਸ਼ਾ ਨੂੰ ਇਸ ਹਫ਼ਤੇ ਬਲਾਰਡ ਅਸਟੇਟ ਸਥਿਤ ਦਫ਼ਤਰ ’ਚ ਪੇਸ਼ ਹੋਣ ਲਈ ਕਿਹਾ ਹੈ। ਜਾਣਕਾਰੀ ਮੁਤਾਬਕ ਵਰਸ਼ਾ ਰਾਊਤ ਨੂੰ ਪਤੀ ਸੰਜੈ ਅਤੇ ਕੇਸ ਨਾਲ ਸਬੰਧਤ ਹੋਰ ਕੁਝ ਮੁਲਜ਼ਮਾਂ ਦੇ ਆਹਮੋ-ਸਾਹਮਣੇ ਬਿਠਾ ਕੇ ਵੀ ਪੁੱਛ-ਪੜਤਾਲ ਕੀਤੇ ਜਾਣ ਦੀ ਸੰਭਾਵਨਾ ਹੈ। ਈਡੀ ਨੇ ਅਦਾਲਤ ਨੂੰ ਦੱਸਿਆ ਸੀ ਕਿ ਸੰਜੈ ਰਾਊਤ ਅਤੇ ਉਸ ਦੇ ਪਰਿਵਾਰ ਨੇ ਪ੍ਰਾਜੈਕਟ ’ਚ ਕਥਿਤ ਬੇਨਿਯਮੀਆਂ ਕਰਕੇ ਇਕ ਕਰੋੜ ਰੁਪਏ ਤੋਂ ਜ਼ਿਆਦਾ ਦੀ ਰਕਮ ਹਾਸਲ ਕੀਤੀ ਹੈ। -ਪੀਟੀਆਈ